ਕਨੇਡਾ ਦੇ ਹਿੰਦੂਤਵੀ ਨੇਤਾ ਨੇ ਕੀਤੀ ਕਿਸਾਨ ਬਿੱਲਾਂ ਦੀ ਹਮਾਇਤ, ਲੋਕਾਂ ਨੇ ਬਣਾਈ ਰੇਲ

ਇੱਕ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਮੰਤਰੀ, ਵਿਰੋਧੀ ਪਾਰਟੀਆਂ ਦੇ ਆਗੂ, ਵਿਧਾਇਕ, ਕੌਂਸਲਰ ਭਾਰਤ ‘ਚ ਪਾਸ ਕੀਤੇ ਖੇਤੀ ਕਨੂੰਨਾਂ ਦੇ ਉਲਟ ਹੋ ਰਹੇ ਸ਼ਾਂਤਮਈ ਮੁਜ਼ਾਹਰਿਆਂ ਦੇ ਹੱਕ ‘ਚ ਬੋਲੇ ਹਨ, ਇੱਥੋਂ ਤੱਕ ਕਿ ਕੈਨੇਡਾ ਦੀਆਂ ਵੱਡੀਆਂ ਟਰੇਡ ਯੂਨੀਅਨਾਂ ਨੇ ਹਮਾਇਤ ਦਿੱਤੀ ਹੈ, ਦੂਜੇ ਪਾਸੇ ਕੈਨੇਡਾ ਦੇ ਅਲਬਰਟਾ ਸੂਬੇ ਦੀ ਸਰਕਾਰ ‘ਚ ਮੋਦੀ ਭਗਤ ਅਤੇ ਕੰਜ਼ਰਵਟਿਵ ਮੰਤਰੀ ਪ੍ਰਸਾਦ ਪਾਂਡਾ ਨੇ ਇਨ੍ਹਾਂ ਖੇਤੀ ਬਿੱਲਾਂ ਅਤੇ ਮੋਦੀ ਸਰਕਾਰ ਦੇ ਹੱਕ ‘ਚ ਸੁਰ ਕੱਢੀ ਹੈ।

ਇਸ ਕਾਰਨ ਕੈਨੇਡਾ ਦੇ ਪੰਜਾਬੀਆਂ ਵੱਲੋਂ ਪ੍ਰਸਾਦ ਪਾਂਡਾ ਨਾਲ ਨਰਾਜ਼ਗੀ ਜਤਾਈ ਜਾ ਰਹੀ ਹੈ ਤੇ ਜਵਾਬਦੇਹੀ ਮੰਗੀ ਜਾ ਰਹੀ ਹੈ ਕਿ ਉਹ ਸਮਝਾਉਣ ਕਿ ਇਹ ਬਿਲ ਚੰਗੇ ਕਿਵੇਂ ਹਨ?

ਅੱਜ ਦਾ ਦਿਨ ਉਸ ਵੇਲੇ ਕਨੇਡਾ ਦੇ ਨਾਲ ਨਾਲ ਅਲਬਰਟਾ ਲਈ ਵੀ ਸ਼ਰਮਨਾਕ ਰਿਹਾ, ਜਦੋਂ ਅੱਜ ਅਲਬਰਟਾ ਦੀ (ਯੂ.ਸੀ.ਪੀ.) ਜੈਸਨ ਕੈਨੀ ਦੀ ਸਰਕਾਰ ਦੇ ਬੁਨਿਆਦੀ ਢਾਂਚੇ ਦੇ ਮੰਤਰੀ ਪ੍ਰਸ਼ਾਦ ਪਾਂਡੇ ਨੇ ਭਾਰਤ ਦੀ ਮੋਦੀ ਸਰਕਾਰ ਵੱਲ੍ਹੋਂ ਕਿਸਾਨ-ਮਜ਼ਦੂਰ ਵਿਰੋਧੀ ਬਿੱਲਾਂ ਦੀ ਹਮਾਇਤ ਵਿੱਚ ਬਿਆਨ ਜ਼ਾਰੀ ਕੀਤਾ। ਇਸ ਦੇ ਨਾਲ ਹੀ ਸ਼ਾਇਦ ਉਹ ਕਨੇਡਾ ਦੇ ਪਹਿਲੇ ਅਜਿਹੇ ਇਨਸਾਨ ਬਣ ਗਏ ਹਨ ਜੋ ਮੋਦੀ ਦੇ ਹੱਕ ਵਿੱਚ ਭੁਗਤੇ ਹਨ ਅਤੇ ਮੋਦੀ-ਅਮਿਤ ਸ਼ਾਹ ਕੋਲੋ ਸ਼ਾਬਾਸ਼ ਲੈਣ ਲਈ ਪੱਬਾਂ ਭਾਰ ਹੋਏ ਹਨ।

ਇਸ ਬਿਆਨ ਨਾਲ ਜਿੱਥੇ ਮੰਤਰੀ ਪ੍ਰਸ਼ਾਦ ਪਾਂਡਾ ਨੇ ਮੋਦੀ ਸਰਕਾਰ ਵੱਲੋਂ ਕਿਸਾਨਾਂ-ਮਜ਼ਦੂਰਾਂ ਦੇ ਖਿਲਾਫ਼ ਲਿਆਦੇ ਬਿੱਲਾਂ ਦੀ ਪ੍ਰੋੜਤਾ ਕੀਤੀ ਹੈ, ਉਥੇ ਹੀ ‘ਇਕ ਦੇਸ਼,ਇਕ ਮੰਡੀ’ ਦੀ ਵੀ ਹਮਾਇਤ ਕਰਦਿਆਂ ਮੋਦੀ ਟੀਮ ਦੀ ਭੰਗਵਾਂਕਰਨ ਦੀ ਨੀਤੀ ‘ਇਕ ਬੋਲੀ, ਇਕ ਦੇਸ਼’ ਵਰਗੀ ਘਟੀਆ ਸੋਚ ਦੀ ਵੀ ਲੁੱਕਵੇਂ ਰੂਪ ਵਿੱਚ ਸਰਹਾਨਾ ਕੀਤੀ ਹੈ।
ਇਹ ਬਿਆਨ ਜਾਰੀ ਕਰਦੇ ਹੋਏ ਸ਼ਾਇਦ ਮੰਤਰੀ ਪ੍ਰਸ਼ਾਦ ਪਾਂਡਾਂ ਅਲਬਰਟਾ ਦੇ ਕਿਸਾਨਾਂ ਦੀ ਉਸ ਮਾੜੀ ਹਾਲਤ ਨੂੰ ਭੁੱਲ ਗਏ ਜੋ ਯੂ.ਸੀ.ਪੀ. (ਪੁਰਾਣੀ ਪੀ.ਸੀ.) ਦੀਆਂ ਕਿਸਾਨ ਵਿਰੋਧੀ ਨੀਤੀਆਂ ਕਰਕੇ ਹੋਈ ਹੈ। ਜਿੰਨਾਂ ਨੀਤੀਆਂ ਕਰਕੇ ਅੱਜ ਅਲਬਰਟਾ ਦਾ ਕਿਸਾਨ ਖੇਤੀ ਵਿੱਚੋ ਕਰੀਬ ਕਰੀਬ ਬਾਹਰ ਹੋ ਕੇ ਜਾਂ ਤਾਂ ਆਪਣੇ ਹੀ ਖੇਤਾਂ ਵਿੱਚ ਮਜ਼ਦੂਰੀ ਕਰਨ ਵਾਸਤੇ ਮਜਬੂਰ ਹੈ ਤੇ ਜਾਂ ਉਹ ਪਿੰਡੋ ਸ਼ਹਿਰ ਆ ਕੇ ਫ਼ੈਕਟਰੀਆਂ ਵਿੱਚ ਕੰਮ ਦੀ ਭਾਲ ਵਿੱਚ ਹੈ।