ਕਿਸਾਨਾਂ ਵਲੋਂ ਦਿੱਲੀ ਨੂੰ ਘੇਰਨ ਦਾ ਐਲਾਨ-ਅਮਿਤ ਸ਼ਾਹ ਦੀ ਪੇਸ਼ਕਸ਼ ਠੁਕਰਾਈ

ਜੀਂਦ ਰੋਹਤਕ ਦੇ ਰਸਤੇ ਲੱਖਾਂ ਕਿਸਾਨਾਂ ਦੇ ਦਿੱਲੀ ਪਹੁੰਚਣ ਨਾਲ ਇਸ ਸਮੇਂ ਦਿੱਲੀ ਵਿਚ ਵੱਡੀ ਟਰੈਫ਼ਿਕ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਦਿੱਲੀ ਦੇ ਬਾਹਰੀ ਇਲਾਕਿਆਂ ਤੋਂ ਲੈ ਕੇ ਅੰਦਰੂਨੀ ਇਲਾਕਿਆਂ ਵਿਚ ਕਈ ਕਈ ਕਿੱਲੋਮੀਟਰ ਤੱਕ ਦੇ ਲੰਬੇ ਜਾਮ ਲੱਗੇ ਦਿਖਾਈ ਦੇ ਰਹੇ ਹਨ।

ਕਿਸਾਨ ਜਥੇਬੰਦੀਆਂ ਨੇ ਕੇਂਦਰ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਬੁਰਾੜੀ ਦੇ ਨਿਰੰਕਾਰੀ ਗਰਾਊਂਡ ਵਿਚ ਧਰਨਾ ਤਬਦੀਲ ਕਰਨ ਦੇ ਅਗਲੇ ਹੀ ਦਿਨ ਹਰ ਮਸਲੇ ਉਤੇ ਗੱਲਬਾਤ ਦੀ ਪੇਸ਼ਕਸ਼ ਕੀਤੀ ਸੀ ਪਰ ਕਿਸਾਨ ਜਥੇਬੰਦੀਆਂ ਨੇ ਅੱਜ ਮੀਟਿੰਗ ਵਿਚ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।

ਕਿਸਾਨਾਂ ਨੇ ਨਾਲ ਹੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਨਾ ਮੰਨੀ ਤਾਂ ਆਉਣ ਵਾਲੇ ਦਿਨਾਂ ਵਿਚ ਸਿੰਘੂ ਬਾਰਡਰ, ਬਹਾਦਰਗੜ੍ਹ ਬਾਰਡਰ, ਜੈਪੁਰ ਦਿੱਲੀ ਹਾਈਵੇਅ, ਮਥੂਰਾ ਆਗਰਾ ਹਾਈਵੇਅ ਤੇ ਬਰੇਲੀ ਦਿੱਲੀ ਹਾਈਵੇਅ ਬੰਦ ਕਰ ਦਿੱਤਾ ਜਾਵੇਗਾ।

ਕਿਸਾਨਾਂ ਨੇ ਸਾਫ ਆਖ ਦਿੱਤਾ ਹੈ ਕਿ ਉਹ ਬੁਰਾੜੀ ਨਹੀਂ ਜਾਣਗੇ। ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹ੍ਹਾਂ ਦੀਆਂ 8 ਮੰਗਾਂ ਹਨ। ਜਿਨ੍ਹਾਂ ਵਿਚ ਖੇਤੀ ਕਾਨੂੰਨ ਤੇ 2 ਆਰਡੀਨੈਸ ਜੋ ਆਉਣੇ ਹਨ, ਵਾਪਸ ਹੋਣ, ਕਿਸਾਨਾਂ ਦੇ ਦਰਜ ਹੋਏ ਪਰਚੇ ਰੱਦ ਹੋਣ, ਸੂਬਿਆਂ ਨੂੰ ਉਨ੍ਹਾਂ ਦੇ ਹੱਕ ਦਿਓ, ਤੇਲ ਦੀਆਂ ਕੀਮਤਾਂ ਉਤੇ ਨਿਰੰਤਰ, ਆਦਿ ਮੰਗਾਂ ਮੰਨੀਆਂ ਜਾਣ। ਇਸ ਮੋਰਚੇ ਦੀ ਆਗਵਾਈ 30 ਕਿਸਾਨ ਜਥੇਬੰਦੀਆਂ ਕਰਨਗੀਆਂ।