”ਹਰਸਿਮਰਤ ਬਾਦਲ ਇਸ ਜਨਮ ‘ਚ ਤਾਂ ਕੇਂਦਰ ਦੀ ਮੰਤਰੀ ਨਹੀਂ ਬਣ ਸਕਦੀ” – ਮਨਪ੍ਰੀਤ ਬਾਦਲ

ਚੰਡੀਗੜ੍ਹ – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਇਸ ਜਨਮ ‘ਚ ਤਾਂ ਕੇਂਦਰ ‘ਚ ਮੰਤਰੀ ਨਹੀਂ ਬਣ ਸਕਦੀ, ਹੁਣ ਦੂਸਰੇ ਜਨਮ ‘ਚ ਹੀ ਉਹ ਮੰਤਰੀ ਬਣ ਸਕਦੀ ਹੈ, ਇਹ ਮੇਰਾ ਮੰਨਣਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜਦੋਂ 3 ਆਰਡੀਨੈਂਸ ਲਿਆਂਦੇ ਸਨ ਤੇ ਹਰਸਿਮਰਤ ਬਾਦਲ ਮੌਜੂਦ ਸੀ, ਉਦੋਂ ਉਹਨਾਂ ਨੇ ਇਸ ਬਿੱਲ ਦਾ ਵਿਰੋਧ ਨਹੀਂ ਕੀਤਾ ਤੇ ਹੁਣ ਜਦੋ ਆਰਡੀਨੈਂਸ ਪਾਸ ਹੋ ਗਏ ਤਾਂ ਆਪਣਾ ਅਸਤੀਫਾ ਦੇ ਦਿੱਤਾ।

ਇਸ ਤੋਂ ਸਾਫ ਹੋ ਗਿਆ ਹੈ ਹਰਸਿਮਰਤ ਬਾਦਲ ਨੂੰ ਪਤਾ ਲੱਗ ਗਿਆ ਹੈ ਕਿ ਕਿਸਾਨ ਉਸ ਦੇ ਵਿਰੋਧ ‘ਚ ਹੋ ਗਏ ਹਨ, ਇਸ ਲਈ ਅਜਿਹਾ ਕੀਤਾ ਹੈ। ਦੱਸ ਦਈਏ ਕਿ ਹਰਸਿਮਰਤ ਬਾਦਲ ਨੇ ਵੀ ਇਸ ਬਿੱਲ ਦੇ ਵਿਰੋਧ ‘ਚ ਅਸਤੀਫਾ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਕਿਸਾਨ ਵਿਰੋਧੀ ਆਰਡੀਨੈਂਸ ਅਤੇ ਕਾਨੂੰਨ ਦੇ ਵਿਰੋਧ ਵਿੱਚ ਮੈਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੈਨੂੰ ਮਾਣ ਹੈ ਕਿ ਮੈਂ ਕਿਸਾਨਾਂ ਨਾਲ ਉਨ੍ਹਾਂ ਦੀ ਧੀ ਅਤੇ ਭੈਣ ਬਣ ਕੇ ਖੜ੍ਹੀ ਹਾਂ।

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਕੇਂਦਰ ਵੱਲੋਂ 5 ਜੂਨ ਨੂੰ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਹਫਤੇ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਬਦਲਣ ਲਈ ਤਿੰਨ ਬਿੱਲ ਪੇਸ਼ ਕੀਤੇ ਹਨ।ਵੀਰਵਾਰ ਨੂੰ ਲੋਕ ਸਭਾ ‘ਚ ਇਹ ਤਿੰਨੇ ਬਿੱਲ ਪਾਸ ਕਰ ਦਿੱਤੇ ਗਏ।

Leave a Reply

Your email address will not be published.