ਹਰਿਆਣਾ ‘ਚੋਂ ਖਾਦ ਲਿਆਉਣ ਦੇ ਦੋਸ਼ ‘ਚ ਪੰਜਾਬ ਦੇ 4 ਕਿਸਾਨ ਗ੍ਰਿਫਤਾਰ

ਲੁਧਿਆਣਾ । ਚੜ੍ਹਦੀ ਕਲਾ

ਪੰਜਾਬ ਦੇ ਚਾਰ ਕਿਸਾਨਾਂ ਨੂੰ ਹਰਿਆਣਾ ‘ਚੋਂ ਖਾਦ ਖਰੀਦ ਕੇ ਲਿਜਾਣ ਦੇ ਦੋਸ਼ਾਂ ਅਧੀਨ ਹਰਿਆਣਾ ਵਿੱਚ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀਆਂ ਟਰੈਕਟਰ-ਟਰਾਲੀਆਂ ਜੀਂਦ ਸਦਰ ਪੁਲਿਸ ਵੱਲੋਂ ਜ਼ਬਤ ਕਰ ਲਈਆਂ ਗਈਆਂ ਹਨ।

ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਗੁੱਜਰਵਾਲ ਪਿੰਡ ਦੇ ਜਰਨੈਲ ਸਿੰਘ ਅਤੇ ਪਰਮਵੀਰ ਸਿੰਘ, ਪੱਦੀ ਪੜੇਚਾ ਦੇ ਕੁਲਦੀਪ ਸਿੰਘ ਅਤੇ ਛਾਜਰੀ ਪਿੰਡ ਦੇ ਜਤਿੰਦਰ ਵਿਰੁੱਧ ਵੱਖ-ਵੱਖ ਬ੍ਰਾਂਡਾਂ ਦੇ 840 ਬੈਗ ਲਿਜਾਣ ਦੇ ਦੋਸ਼ ਹੇਠ ਖਾਦ (ਅੰਦੋਲਨ ਨਿਯੰਤਰਣ) ਐਕਟ, 1973 ਦੀ ਧਾਰਾ 3 ਅਤੇ ਜ਼ਰੂਰੀ ਵਸਤੂਆਂ ਐਕਟ, 1955 ਦੀ ਧਾਰਾ 7 ਦੇ ਅਧੀਨ ਦਰਜ ਕੀਤਾ ਗਿਆ ਸੀ। ਉਨ੍ਹਾਂ ਦੀਆਂ ਟਰਾਲੀਆਂ ਵਿਚ ਯੂਰੀਆ ਖਾਦ ਸੀ, ਜਿਸ ਨੂੰ ਹਰਿਆਣਾ ਖੇਤੀਬਾੜੀ ਅਧਿਕਾਰੀਆਂ ਵੱਲੋਂ ਰੋਕਿਆ ਗਿਆ ਸੀ।

ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਲਤਾਲਾ ਨੇ ਕਿਹਾ ਕਿ ਐਸ.ਡੀ.ਓ. ਬਲਜੀਤ ਸਿੰਘ ਦੀ ਅਗਵਾਈ ਵਿੱਚ ਹਰਿਆਣਾ ਦੇ ਖੇਤੀਬਾੜੀ ਅਧਿਕਾਰੀਆਂ ਨੇ ਜੀਂਦ ਵਿੱਚ ਵੱਖ-ਵੱਖ ਡੀਲਰਾਂ ਤੋਂ ਯੂਰੀਆ ਖਰੀਦਣ ਵਾਲੇ ਚਾਰ ਮਾਲਵਾ ਕਿਸਾਨਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁੱਲ ਹਿੰਦ ਕਿਸਾਨ ਸਭਾ ਦਾ ਇੱਕ ਵਫ਼ਦ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰੇਗਾ। ਇਹ ਉੱਚ ਪੱਧਰੀ ਗੱਲ ਹੈ ਕਿਉਂਕਿ ਹਰਿਆਣਾ ਦੇ ਅਧਿਕਾਰੀਆਂ ਨੇ ਸਿਰਫ ਖਰੀਦਦਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਡੀਲਰਾਂ ਨੂੰ ਬਖਸ਼ਿਆ ਗਿਆ।