ਗਲਤ ਟੀਕਾ ਲੱਗਣ ਨਾਲ ਪੈਦਾ ਹੋਈ ਬੇਟੀ, ਜੋੜੇ ਨੂੰ ਮਿਲਿਆ 74 ਕਰੋੜ ਰੁਪਏ ਮੁਆਵਜ਼ਾ

ਨਿਊਯਾਰਕ: ਅਮਰੀਕਾ ਦੇ ਸੀਏਟਲ ਵਿੱਚ ਜੱਜ ਨੇ ਇੱਕ ਪਰਿਵਾਰ ਨੂੰ 74 ਕਰੋੜ ਰੁਪਏ ਤੋਂ ਵੱਧ ਦੇਣ ਦਾ ਫੈਸਲਾ ਸੁਣਾਇਆ ਹੈ ਕਿਉਂਕਿ ਔਰਤ ਨੂੰ ਨਰਸ ਨੇ ਗਲਤ ਟੀਕਾ ਲਾਇਆ ਸੀ। ਦਰਅਸਲ ਇਹ ਔਰਤ ਪਰਿਵਾਰ ਨਿਯੋਜਨ ਦੇ ਟੀਕੇ ਲਈ ਕਮਿਊਨਿਟੀ ਕਲੀਨਕ ਗਈ ਸੀ, ਪਰ ਉਸ ਨੂੰ ਫਲੂ ਸ਼ੌਟ ਲਾ ਦਿੱਤਾ ਗਿਆ ਸੀ।

ਦਰਅਸਲ ਗਲਤ ਟੀਕੇ ਲਾਏ ਜਾਣ ਤੋਂ ਬਾਅਦ ਜੋੜੇ ਘਰ ਅਪਾਹਜ ਧੀ ਪੈਦਾ ਹੋਈ। ਜੱਜ ਨੇ ਲੜਕੀ ਨੂੰ 55 ਕਰੋੜ ਰੁਪਏ ਦੇਣ ਦਾ ਆਦੇਸ਼ ਦਿੱਤਾ, ਜਦੋਂਕਿ 18 ਕਰੋੜ ਰੁਪਏ ਜੋੜੇ ਨੂੰ ਮੁਆਵਜ਼ੇ ਵਜੋਂ ਦੇਣ ਦਾ ਫੈਸਲਾ ਸੁਣਾਇਆ ਗਿਆ ਹੈ। ਇਸ ਦੌਰਾਨ ਜੱਜ ਨੇ ਕਿਹਾ ਕਿ ਲੜਕੀ ਨੂੰ ਇਲਾਜ, ਪੜ੍ਹਾਈ ਤੇ ਹੋਰ ਖਰਚਿਆਂ ਲਈ ਪੈਸੇ ਦਿੱਤੇ ਜਾ ਰਹੇ ਹਨ। ਰਿਪੋਰਟ ਮੁਤਾਬਕ, ਯੇਸੀਨੀਆ ਪਚੇਕੋ ਨਾਂ ਦੀ ਔਰਤ ਮਾਂ ਨਹੀਂ ਬਣਨਾ ਚਾਹੁੰਦੀ ਸੀ, ਪਰ ਨਰਸ ਦੇ ਗਲਤ ਟੀਕੇ ਲੱਗਣ ਕਾਰਨ ਉਹ ਗਰਭਵਤੀ ਹੋ ਗਈ ਸੀ।

ਔਰਤ ਨੂੰ ਇੱਕ ਸਰਕਾਰੀ ਕਲੀਨਕ ਵਿੱਚ ਟੀਕਾ ਲਾਇਆ ਗਿਆ ਸੀ, ਇਸ ਲਈ ਇਸ ਗਲਤੀ ਲਈ ਅਮਰੀਕੀ ਫੈਡਰਲ ਸਰਕਾਰ ਨੂੰ ਜ਼ਿੰਮੇਵਾਰ ਮੰਨਿਆ ਗਿਆ। ਹਾਲਾਂਕਿ, ਇਸ ਜੋੜੇ ਨੂੰ ਕਰੀਬ 5 ਸਾਲ ਅਦਾਲਤ ਵਿੱਚ ਲੜਾਈ ਲੜਨੀ ਪਈ।

ਯੇਸੀਨੀਆ ਪਾਚੇਕੋ 16 ਸਾਲ ਦੀ ਉਮਰ ਵਿੱਚ ਸ਼ਰਨਾਰਥੀ ਵਜੋਂ ਅਮਰੀਕਾ ਆਈ ਸੀ। ਘਟਨਾ ਸਮੇਂ ਉਹ ਦੋ ਬੱਚਿਆਂ ਦੀ ਮਾਂ ਸੀ ਤੇ ਪਰਿਵਾਰ ਨਹੀਂ ਵਧਾਉਣਾ ਚਾਹੁੰਦੀ ਸੀ। ਨਰਸ ਨੇ ਬਗੈਰ ਪੈਚੇਕੋ ਦਾ ਚਾਰਟ ਵੇਖੇ ਫਲੂ ਦੀ ਵੈਕਸੀਨ ਦੇ ਦਿੱਤੀ ਸੀ।