ਸੁਖਬੀਰ ਬਾਦਲ ਨੇ ਕਿਹਾ, ‘ਕਈ ਲੋਕ ਕਹਿੰਦੇ ਹਨ ਸ਼੍ਰੋਮਣੀ ਕਮੇਟੀ ਅਜ਼ਾਦ ਹੋਣੀ ਚਾਹੀਦੀ ਹੈ, ਸ਼੍ਰੋਮਣੀ ਕਮੇਟੀ ਅਜ਼ਾਦ ਹੀ ਹੈ’

“ਸ਼੍ਰੋਮਣੀ ਕਮੇਟੀ ਆਜ਼ਾਦ ਹੈ ਅਤੇ ਦੇਸ਼ ਦੀ ਪਾਰਲੀਮੈਂਟ ਵੱਲੋਂ ਬਣਾਏ ਗਏ ਐਕਟ ਅਧੀਨ ਚੱਲ ਰਹੀ ਹੈ। ਜਿਸ ਦੇ ਤਹਿਤ ਹਰੇਕ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ।”

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਨੇ ਕਿਹਾ ਕਿ ਕਈ ਲੋਕ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਅਜ਼ਾਦ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਕਿਹਾ ਇਹ ਆਜ਼ਾਦ ਹੈ, ਲੋਕ ਹਰੇਕ ਵਾਰ ਵੋਟਾਂ ਪਾ ਕੇ ਆਪਣੇ ਨੁਮਾਇੰਦੇ ਚੁਣ ਕੇ ਕੌਮ ਦੀ ਸੇਵਾ ਸੌਂਪਦੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਅੱਜ ਅਖੰਡ ਸਾਹਿਬ ਦੇ ਭੋਗ ਪਾਏ ਗਏ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 100 ਸਾਲਾ ਸਥਾਪਨਾ ਦਿਵਸ ਮੌਕੇ ਉਲੀਕੇ ਸਮਾਗ਼ਮਾਂ ਦੀ ਸ਼ੁਰੂਆਤ ਕੀਤੀ।

ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਵਿੱਚ ਅੱਗੇ ਕਿਹਾ, “ਇਹ ਵੋਟਾਂ ਕੋਈ ਬਾਦਲ ਪਰਿਵਾਰ ਘਰੇ ਬੈਠ ਕੇ ਨਹੀਂ ਪੁਆਉਂਦਾ ਜਾਂ ਕਿਸੇ ਹੋਰ ਦੇ ਘਰੋਂ ਨਹੀਂ ਪੈਂਦੀਆਂ, ਚੋਣ ਕਮਿਸ਼ਨ ਵੱਲੋਂ ਸਾਰੇ ਪ੍ਰਬੰਧ ਕੀਤੇ ਜਾਂਦੇ ਹਨ। ਹਰੇਕ ਵਾਰ ਲੋਕ ਅਕਾਲੀ ਦਲ ਨੂੰ ਚੁਣ ਕੇ ਕੌਮ ਦੀ ਸੇਵਾ ਸੌਂਪਦੇ ਹਨ।”

ਉਨ੍ਹਾਂ ਨੇ ਕਿਹਾ, “ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੋਵੇਂ ਹੀ ਕੌਮ ਦੀ ਨੁਮਾਇੰਦਗੀ ਕਰਦੀਆਂ ਹਨ। ”

ਉਨ੍ਹਾਂ ਨੇ ਕਿਹਾ ਕਮੇਟੀ ਨੇ ਬਹੁਤ ਕੰਮ ਵੀ ਕੀਤੇ ਹਨ ਤੇ ਬਹੁਤ ਕਮੀਆਂ ਵੀ ਰਹਿ ਗਈਆਂ ਹੋਣੀਆਂ, ਜਿਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਹੈ।