Mohali Firing: ਮੁਹਾਲੀ ’ਚ ਅੱਧੇ ਘੰਟੇ ਅੰਦਰ ਦੋ ਥਾਵਾਂ ’ਤੇ ਗੋਲੀਬਾਰੀ; ਸ਼ਹਿਰ ’ਚ ਦਹਿਸ਼ਤ
ਸੈਕਟਰ 79 ਦੇ ਸੈਲੂਨ ਅਤੇ ਫੇਜ਼ 11 ’ਚ ਆਰਕੀਟੈਕਟ ਦੇ ਘਰ ’ਤੇ ਚਲਾਈਆਂ ਗੋਲੀਆਂ; ਦੋਵੇਂ ਵਾਰਦਾਤਾਂ ਪਿੱਛੇ ਫਿਰੌਤੀ ਦੀ ਕੋਸ਼ਿਸ਼ ਦਾ ਸ਼ੱਕ
Mohali Firing: ਮੁਹਾਲੀ ਵਿੱਚ ਅੱਜ ਅੱਧੇ ਘੰਟੇ ਦੇ ਵਕਫੇ ਅੰਦਰ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਾਪਰੀਆਂ, ਜਿਸ ਕਾਰਨ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ। ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਪਹਿਲਾਂ ਸੈਕਟਰ 79 ਦੇ ਇੱਕ ਸੈਲੂਨ ਅਤੇ ਫਿਰ ਫੇਜ਼ 11 ਵਿੱਚ ਇੱਕ ਆਰਕੀਟੈਕਟ ਤੇ ਰੀਅਲ ਅਸਟੇਟ ਕਾਰੋਬਾਰੀ ਦੇ ਘਰ ਨੂੰ ਨਿਸ਼ਾਨਾ ਬਣਾਇਆ। ਦੋਵੇਂ ਵਾਰਦਾਤਾਂ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ।
ਪਹਿਲੀ ਘਟਨਾ ਸੈਕਟਰ 79 ਸਥਿਤ ਹੇਅਰ ਮਾਸਟਰਜ਼ ਸੈਲੂਨ ਵਿੱਚ ਵਾਪਰੀ। ਦੋਵੇਂ ਨੌਜਵਾਨ ਮੋਟਰਸਾਈਕਲ ਕੁਝ ਦੂਰੀ ’ਤੇ ਖੜ੍ਹਾ ਕਰ ਕੇ ਸੈਲੂਨ ਤੱਕ ਪੈਦਲ ਪਹੁੰਚੇ ਅਤੇ ਸ਼ੀਸ਼ੇ ਵਾਲੇ ਦਰਵਾਜ਼ੇ ’ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਦਰਵਾਜ਼ੇ ਦਾ ਸ਼ੀਸ਼ਾ ਟੁੱਟ ਗਿਆ। ਇਸ ਮਗਰੋਂ ਹਮਲਾਵਰ ਫ਼ਰਾਰ ਹੋ ਗਏ। ਪੁਲੀਸ ਨੇ ਮੌਕੇ ਤੋਂ ਗੋਲੀ ਦਾ ਇੱਕ ਖਾਲੀ ਖੋਲ ਬਰਾਮਦ ਕੀਤਾ ਹੈ।
ਇਸ ਤੋਂ ਕੁਝ ਮਿੰਟਾਂ ਬਾਅਦ ਦੋਵੇਂ ਨੌਜਵਾਨਾਂ ਨੇ ਫੇਜ਼ 11 ਵਿੱਚ ਮੁਹਾਲੀ ਕਲੱਬ ਨੇੜੇ ਆਰਕੀਟੈਕਟ ਤੇ ਰੀਅਲ ਅਸਟੇਟ ਕਾਰੋਬਾਰੀ ਹਰਪ੍ਰੀਤ ਸਿੰਘ ਦੇ ਘਰ ’ਤੇ ਚਾਰ ਗੋਲੀਆਂ ਚਲਾਈਆਂ ਅਤੇ ਫ਼ਰਾਰ ਹੋ ਗਏ।
ਫਿਰੌਤੀ ਲਈ ਗੋਲੀਆਂ ਚਲਾਉਣ ਦਾ ਸ਼ੱਕ
ਪੁਲੀਸ ਸੂਤਰਾਂ ਅਨੁਸਾਰ ਦੋਵੇਂ ਘਟਨਾਵਾਂ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਲਈ ਕੰਮ ਕਰਨ ਵਾਲੇ ਸ਼ੂਟਰਾਂ ਵੱਲੋਂ ਫਿਰੌਤੀ ਵਸੂਲਣ ਦੀ ਕੋਸ਼ਿਸ਼ ਦਾ ਹਿੱਸਾ ਹੋ ਸਕਦੀਆਂ ਹਨ। ਹੇਅਰ ਮਾਸਟਰਜ਼ ਸੈਲੂਨ ’ਤੇ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 2 ਸਤੰਬਰ ਨੂੰ ਵੀ ਅਣਪਛਾਤੇ ਹਮਲਾਵਰਾਂ ਨੇ ਸੀਪੀ-67 ਮਾਲ ਦੇ ਸਾਹਮਣੇ ਸਥਿਤ ਇਸ ਸੈਲੂਨ ’ਤੇ ਗੋਲੀਆਂ ਚਲਾਈਆਂ ਸਨ। ਸੂਤਰਾਂ ਮੁਤਾਬਕ ਸੈਲੂਨ ਚਲਾਉਣ ਵਾਲੇ ਸਾਹਿਲ ਕਪੂਰ ਨੂੰ ਪਿਛਲੇ ਕੁਝ ਸਮੇਂ ਤੋਂ ਫਿਰੌਤੀ ਲਈ ਫੋਨ ਆ ਰਹੇ ਹਨ।
ਸੀਸੀਟੀਵੀ ਕੈਮਰਿਆਂ ਦੀ ਜਾਂਚ ਜਾਰੀ
ਵਧੀਕ ਡੀਜੀਪੀ (ਕਾਨੂੰਨ ਵਿਵਸਥਾ) ਗੌਤਮ ਚੀਮਾ ਨੇ ਦੱਸਿਆ ਕਿ ਮੌਕੇ ਤੋਂ ਇੱਕ ਖਾਲੀ ਖੋਲ ਮਿਲਿਆ ਹੈ ਅਤੇ ਹਥਿਆਰ ਦੀ ਕਿਸਮ ਦਾ ਪਤਾ ਲਾਇਆ ਜਾ ਰਿਹਾ ਹੈ। ਹਮਲਾਵਰਾਂ ਦੇ ਆਉਣ ਅਤੇ ਫ਼ਰਾਰ ਹੋਣ ਦੇ ਰਸਤੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸੈਲੂਨ ’ਤੇ ਪਹਿਲਾਂ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਤਿੰਨ ਵਿਅਕਤੀ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਦੋ ਨੂੰ ਚੰਡੀਗੜ੍ਹ ਪੁਲੀਸ ਅਤੇ ਇੱਕ ਨੂੰ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਮੁਹਾਲੀ ਦੇ ਐੱਸਐੱਸਪੀ ਵਰੁਣ ਸ਼ਰਮਾ ਵੀ ਮੌਕੇ ’ਤੇ ਮੌਜੂਦ ਸਨ।
ਪੁਲੀਸ ਨੇ ਸ਼ਹਿਰ ਵਿੱਚ ਨਾਕਾਬੰਦੀ ਅਤੇ ਵਾਹਨਾਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਸੈਕਟਰ 79 ਤੋਂ ਫੇਜ਼ 11 ਤੱਕ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਫਰੋਲੀ ਜਾ ਰਹੀ ਹੈ, ਤਾਂ ਜੋ ਹਮਲਾਵਰਾਂ ਦੇ ਫ਼ਰਾਰ ਹੋਣ ਦੇ ਰਸਤੇ ਅਤੇ ਉਨ੍ਹਾਂ ਦੀ ਪਛਾਣ ਬਾਰੇ ਸੁਰਾਗ ਮਿਲ ਸਕਣ।
ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਮੁੜ ਉੱਠੇ ਸਵਾਲ
ਸੂਬੇ ਵਿੱਚ ਲਗਾਤਾਰ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਦਿਨ-ਦਿਹਾੜੇ ਅਤੇ ਵੱਖ-ਵੱਖ ਇਲਾਕਿਆਂ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਪੁਲੀਸ ਦੀ ਕਾਰਗੁਜ਼ਾਰੀ ਅਤੇ ਅਪਰਾਧੀਆਂ ਵਿੱਚ ਕਾਨੂੰਨ ਦਾ ਡਰ ਪੈਦਾ ਕਰਨ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਮੁਹਾਲੀ ਦੀਆਂ ਦੋਵਾਂ ਘਟਨਾਵਾਂ ਦੀ ਗੰਭੀਰਤਾ ਨੂੰ ਦੇਖਦਿਆਂ ਪੁਲੀਸ ਅਧਿਕਾਰੀਆਂ ਵਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।