ਹਿੰਦੂਤਵ ਏਜੰਡੇ ਦਾ ਕਮਾਲ – ਭਾਜਪਾ ਨੇ ਬਿਹਾਰ ਵਿਚ ਮਾਰੀ ਬਾਜ਼ੀ

ਚੰਡੀਗੜ੍ਹ: ਕੋਰੋਨਾ ਦੇ ਕਹਿਰ ਤੇ ਆਰਥਿਕ ਮੰਦੀ ਦੇ ਬਾਵਜੂਦ ਬੀਜੇਪੀ ਇਤਿਹਾਸ ਸਿਰਜ ਰਹੀ ਹੈ। ਬਿਹਾਰ ਵਿੱਚ ਨਿਤਿਸ਼ ਕੁਮਾਰ ਨਾਲ ਮਿਲ ਕੇ ਬਹੁਮਤ ਹਾਸਲ ਕਰਨ ਦੇ ਨਾਲ ਹੀ ਰਾਜ ਵਿੱਚ ਹੁਣ ਬੀਜੇਪੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਇਸ ਦਾ ਭਾਵ ਹੈ ਕਿ ਬਿਹਾਰੀਆਂ ਨੇ ਨਿਤਿਸ਼ ਕੁਮਾਰ ਨੂੰ ਨਹੀਂ ਬਲਕਿ ਮੋਦੀ ਸਰਕਾਰ ਨੂੰ ਵੋਟ ਪਾਏ ਹਨ। ਬੀਜੇਪੀ 74 ਸੀਟਾਂ ਉੱਪਰ ਅੱਗੇ ਹੈ ਜਦੋਂਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਜੇਡੀਯੂ ਨੂੰ 48 ਸੀਟਾਂ ਮਿਲ ਰਹੀਆਂ ਹਨ।

ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਵਿੱਚ 28 ਸੀਟਾਂ ਉੱਪਰ ਜ਼ਿਮਨੀ ਚੋਣਾਂ ਵਿੱਚ 21 ਸੀਟਾਂ ਆਪਣੇ ਨਾਂ ਕਰਕੇ ਸਭ ਨੂੰ ਹੈਰਾਨ ਕੀਤਾ ਹੈ। ਅਜੇ ਕੁਝ ਸਮਾਂ ਪਹਿਲਾਂ ਹੀ ਇੱਥੇ ਲੋਕਾਂ ਨੇ ਕਾਂਗਰਸ ਨੂੰ ਚੰਗਾ ਹੁੰਗਾਰਾ ਦਿੱਤਾ ਸੀ ਪਰ ਹੁਣ ਭਗਵੀਂ ਪਾਰਟੀ ਨੇ ਮੁੜ ਪੈਰ ਜਮਾਂ ਲਏ ਹਨ। ਇਹ ਚੋਣਾਂ ਬੀਜੇਪੀ ਲਈ ਇਸ ਕਰਕੇ ਵੀ ਅਹਿਮ ਸਨ ਕਿਉਂਕਿ ਜ਼ਿਮਨੀ ਚੋਣ ਦੀ ਜਿੱਤ ਨਾਲ ਸ਼ਿਵਰਾਜ ਚੌਹਾਨ ਸਰਕਾਰ ਦੀ ਕਿਸਮਤ ਦਾ ਫੈਸਲਾ ਹੋਣਾ ਸੀ।

ਵੱਡੀ ਗੱਲ ਇਹ ਹੈ ਕਿ ਬਿਹਾਰ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕੀਤਾ ਹੈ। ਕੁਝ ਦਿਨ ਪਹਿਲਾਂ ਆਏ ਤਕਰੀਬਨ ਸਾਰੇ ਹੀ ਐਗਜ਼ਿਟ ਪੋਲ ਵਿੱਚ ਕਾਂਗਰਸ ਤੇ ਆਰਜੇਡੀ ਦੇ ਮਹਾਗੱਠਜੋੜ ਨੂੰ ਬਹੁਮਤ ਮਿਲਦਾ ਵਿਖਾਇਆ ਗਿਆ ਸੀ। ਕੋਰੋਨਾ ਤੇ ਆਰਥਿਕ ਮੰਦੀ ਦੀ ਸਭ ਵੱਡੀ ਮਾਰ ਵੀ ਬਿਹਾਰੀਆਂ ਨੇ ਹੀ ਝੱਲੀ ਹੈ। ਇਸ ਲਈ ਚੋਣਾਂ ਵਿੱਚ ਲੋਕਾਂ ਦਾ ਗੁੱਸਾ ਨਜ਼ਰ ਵੀ ਆਇਆ ਪਰ ਉਹ ਵੋਟਿੰਗ ਮਸ਼ੀਨਾਂ ਤੱਕ ਨਹੀਂ ਪਹੁੰਚਿਆ।

ਮੰਨਿਆ ਜਾ ਰਿਹਾ ਹੈ ਕਿ ਇੰਨੀ ਔਖੀ ਘੜੀ ਵਿੱਚ ਵੀ ਜੇ ਬੀਜੇਪੀ ਅਜਿਹਾ ਪ੍ਰਦਰਸ਼ਨ ਵਿਖਾ ਰਹੀ ਹੈ ਤਾਂ ਭਵਿੱਖ ਵਿੱਚ ਭਗਵੀ ਪਾਰਟੀ ਨੂੰ ਟੱਕਰ ਦੇਣਾ ਸੌਖਾ ਨਹੀਂ ਹੋਏਗਾ। ਖਾਸ ਗੱਲ ਇਹ ਹੈ ਕਿ ਯੂਪੀ ਤੋਂ ਬਾਅਦ ਬਿਹਾਰ ਵਿੱਚ ਜਿਸ ਤਰੀਕੇ ਨਾਲ ਬੀਜੇਪੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਉਸ ਤੋਂ ਸਪਸ਼ਟ ਹੈ ਕਿ ਭਗਵੀ ਪਾਰਟੀ ਦੀ ਕੇਂਦਰ ਵਿੱਚ ਸੱਤਾ ਨੂੰ ਹਿਲਾਉਣਾ ਵੀ ਅਜੇ ਔਖਾ ਹੈ।

ਉਧਰ, ਕਾਂਗਰਸ ਵੱਲੋਂ ਨਤੀਜਿਆਂ ਮਗਰੋਂ ਇਲਜ਼ਾਮ ਲਾਉਣੇ ਸ਼ੁਰੂ ਕੀਤੇ ਹਨ ਕਿ ਵੋਟਿੰਗ ਮਸ਼ੀਨਾਂ ਹੈਕ ਹੋਈਆਂ ਹਨ। ਚੋਣ ਨਤੀਜਿਆਂ ਨੂੰ ਵੇਖ ਚਾਹੇ ਇੰਝ ਹੀ ਲੱਗੇ ਪਰ ਇਹ ਹਕੀਕਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦੇ ਕਿ ਬੀਜੇਪੀ ਦੇ ਹਿੰਦੂਤਵ ਦਾ ਏਜੰਡਾ ਬਾਕੀ ਸਾਰੇ ਮਸਲਿਆਂ ਨੂੰ ਬੌਣਾ ਕਰਦਾ ਦਿਖਾਈ ਦੇ ਰਿਹਾ ਹੈ।