ਔਰਤ ਦੇ ਫੁੱਲ ਚੁਗਣ ਵੇਲੇ ਸੁਆਹ ਵਿੱਚੋਂ ਮਿਲੀ ਕੈਂਚੀ

ਮੋਗਾ ਦੇ ਪਿੰਡ ਬੁੱਧ ਸਿੰਘ ਵਾਲਾ ਦੀ ਇਕ 22 ਸਾਲਾ ਔਰਤ ਦੀ ਮੌਤ ਤੋਂ ਬਾਅਦ ਉਸ ਦੇ ਫੁੱਲ ਚੁੱਗਣ ਵੇਲੇ ਕੈਂਚੀਨੁਮਾ ਚੀਜ ਮਿਲੀ ਹੈ। ਇਸ ਔਰਤ ਨੇ ਕੁਝ ਦਿਨ ਪਹਿਲਾਂ ਵੱਡੇ ਅਪਰੇਸ਼ਨ ਨਾਲ ਬੱਚੀ ਨੂੰ ਜਨਮ ਦਿੱਤਾ ਸੀ। ਦੋ ਦਿਨ ਪਹਿਲਾਂ ਉਸ ਦੀ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਥੇ ਕੱਲ੍ਹ ਉਸ ਦੀ ਮੌਤ ਹੋ ਗਈ।

ਪਰਿਵਾਰ ਨੇ ਮੋਗਾ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਉਤੇ ਲਾਪਰਵਾਹੀ ਦੇ ਦੋਸ਼ ਲਾਏ ਹਨ। ਮਿਲੀ ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੀ 22 ਸਾਲਾ ਗੀਤਾ ਕੌਰ ਪਤਨੀ ਇੰਦਰਜੀਤ ਸਿੰਘ ਨੂੰ ਪਹਿਲਾ ਬੱਚਾ ਹੋਣ ’ਤੇ 6 ਨਵੰਬਰ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਵੱਲੋ ਗੀਤਾ ਕੌਰ ਦਾ ਵੱਡਾ ਅਪਰੇਸ਼ਨ ਕੀਤਾ ਗਿਆ ਸੀ ਤੇ ਲੜਕੀ ਦਾ ਜਨਮ ਹੋਇਆ।

ਦੋ ਦਿਨ ਬਾਅਦ ਗੀਤਾ ਕੌਰ ਦੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ, ਜਿਸ ਨੂੰ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਇਕ ਦਿਨ ਬਾਅਦ ਫਰੀਦਕੋਟ ਹਸਪਤਾਲ ਵਿੱਚ ਲੜਕੀ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਵੱਲੋਂ ਅੱਜ ਲੜਕੀ ਦੇ ਫੁੱਲ ਚੁਗਣ ਸਮੇਂ ਸੁਆਹ ਵਿੱਚੋਂ ਅੱਧ ਸੜੀ ਕੈਂਚੀ ਬਰਾਮਦ ਹੋਈ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਲੜਕੀ ਦੇ ਪੇਟ ਵਿੱਚ ਕੈਂਚੀ ਰਹੀ ਹੈ, ਜਿਸ ਕਾਰਨ ਲੜਕੀ ਦੀ ਮੌਤ ਹੋ ਗਈ।

ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੀ ਟੀਮ ਦੇ ਨਾਲ ਕੈਂਚੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮੋਗਾ ਦੇ ਸਰਕਾਰੀ ਹਸਪਤਾਲ ਵਿਚ ਪਹਿਲਾਂ ਵੀ ਲਾਪਰਵਾਹੀ ਸਾਹਮਣੇ ਆ ਚੁੱਕੀ ਹੈ। ਇਸ ਦੇ ਨਾਲ ਹੀ ਮੋਗਾ ਸਹਾਇਕ ਸਿਵਲ ਸਰਜਨ ਦਾ ਕਹਿਣਾ ਹੈ ਕਿ ਔਰਤ ਦਾ ਫਰੀਦਕੋਟ ਵਿੱਚ ਅਪਰੇਸ਼ਨ ਹੋਇਆ ਸੀ, ਪਰ ਇਸ ਮਾਮਲੇ ਵਿੱਚ ਉਹ ਉਥੋਂ ਪੇਪਰ ਦੀ ਪੜਤਾਲ ਕਰ ਰਹੇ ਹਨ।