ਸਾਡੀਆਂ ਕਿਸਾਨ ਯੂਨੀਅਨ

ਜਦ ਨਾਦਿਰ ਸ਼ਾਹ ਨੇ ਦਿੱਲੀ ਤੇ ਹ ਮ ਲਾ ਕੀਤਾ ਤਾਂ ਮੋਹਮਦ ਸ਼ਾਹ ਨਾਂ ਦਾ ਬਾਦਸ਼ਾਹ ਰਾਜ ਕਰਦਾ ਸੀ। ਰੰਗੀਨ ਮਿਜਾਜ ਦਾ ਅਤੇ ਐਸ਼ ਪ੍ਰਸਤ ਹੋਣ ਕਰਕੇ ਓਸ ਨੂੰ ਮੋਹਮਦ ਸ਼ਾਹ ਰੰਗੀਲਾ ਵੀ ਕਿਹਾ ਜਾਂਦਾ ਸੀ। ਨਾਦਿਰ ਸ਼ਾਹ ਦੀਆਂ ਫੌਜਾਂ ਦੀ ਇਰਾਨ ਤੋਂ ਚੱਲਣ ਦੀ ਖਬਰ ਸੁਣੀ ਤਾਂ ਮੋਹਮਦ ਸ਼ਾਹ ਰੰਗੀਲੇ ਨੇ ਸੁਰੱਖਿਆ ਲਈ ਕੋਈ ਕਦਮ ਨਾਂ ਚੁੱਕੇ। ਜਦ ਫੌਜ ਪੰਜਾਬ ਵੀ ਆ ਗਈ ਤਦ ਵੀ ਓਹਨੇ ਕੁਝ ਨਹੀਂ ਕੀਤਾ। ਨਾਦਿਰ ਸ਼ਾਹ ਦਿਸੰਬਰ 1738 ਚ ਲਾਹੌਰ ਤੇ ਕਾਬਜ ਹੋ ਗਿਆ। ਤਦ ਤੱਕ ਰੰਗੀਲਾ ਨਿਜ਼ਾਮੁਦੀਨ ਔਲੀਯਾ ਦੁਆਰਾ ਕਿਹਾ ਗਿਆ ਕਥਨ ਹੀ ਦਹੁਰਾਉਂਦਾ ਰਿਹਾ। ਹਨੁਜ਼ ਦਿੱਲੀ ਦੂਰ ਅਸਤ, ਮਤਲਬ ਕਿ ਹਜੇ ਦਿੱਲੀ ਦੂਰ ਹੈ।

ਜਦ ਨਾਦਿਰ ਸ਼ਾਹ ਦੀਆਂ ਫੌਜਾਂ ਨੇ ਸਰਹਿੰਦ ਫਤਹਿ ਕਰ ਲਈ ਤਾਂ ਕਿਤੇ ਜਾ ਮੋਹਮਦ ਸ਼ਾਹ ਨੇ ਫੌਜ ਭਰਤੀ ਕੀਤੀ ਅਤੇ ਜੰਗ ਦੀ ਤਿਆਰੀ ਸ਼ੁਰੂ ਕੀਤੀ।

ਦੋਨੋਂ ਫੌਜਾਂ ਦਾ ਟਕਰਾਅ ਕਰਨਾਲ ਨੇੜੇ ਹੋਇਆ ਅਤੇ ਦੋ ਘੰਟਿਆਂ ਵਿੱਚ ਹੀ ਮੁਗ਼ਲ ਬਾਦਸ਼ਾਹ ਨੇ ਨਾਦਿਰ ਸ਼ਾਹ ਅੱਗੇ ਗੋਡੇ ਟੇਕ ਦਿੱਤੇ।

ਸਾਡੀ ਕਿਸਾਨ ਯੂਨੀਅਨਾਂ ਦਾ ਵੀ ਇਹੋ ਹਾਲ ਹੈ। ਕਾਰਪੋਰੇਟ ਦਾ ਹ ਮ ਲਾ ਤਾਂ ਓਦੋਂ ਹੀ ਸ਼ੁਰੂ ਹੋ ਗਿਆ ਸੀ ਜਦ ਕਿਸਾਨ ਨੂੰ ਪ੍ਰਾਈਵੇਟ ਬੈਂਕਾਂ ਨੇ ਉੱਚੇ ਬਿਆਜ ਦਰ ਤੇ ਕਰਜਾ ਦੇਣਾ ਸ਼ੁਰੂ ਕੀਤਾ ਸੀ ਅਤੇ ਦੂਜੇ ਪਾਸੇ ਖੇਤੀ ਬਾੜੀ ਸੈਕਟਰ ਲਈ ਰਖਿਆ ਪੈਸਾ ਗੋਦਾਮ ਅਤੇ ਸੀਲੋ ਬਣਾਉਣ ਲਈ ਕਾਰਪੋਰੇਟ ਨੂੰ ਚਾਰ ਪ੍ਰਤੀਸ਼ਤ ਤੇ ਸਰਕਾਰੀ ਅਦਾਰੇ ਕਰਜਾ ਦੇ ਰਹੇ ਸਨ।

ਹੁਣ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ ਤੇ ਆਵਦੇ ਹੀ ਲੋਕਾਂ ਤੇ ਰੋਸਾ ਕੱਢ ਰਹੇ ਹਨ।
– ਅਜੇਪਾਲ ਸਿੰਘ ਬਰਾੜ