ਤਹਿਰਾਨ, 20 ਜਨਵਰੀ (ਏਜੰਸੀ)-ਈਰਾਨ ਦੇ ਇਕ ਅਜਿਹੇ ਵਿਅਕਤੀ ਬਾਰੇ ਹੈਰਾਨੀ ਭਰੀ ਖਬਰ ਸਾਹਮਣੇ ਆਈ ਹੈ, ਜੋ ਪਿਛਲੇ 67 ਸਾਲਾਂ ਤੋਂ ਨਹਾਇਆ ਤੱਕ ਨਹੀਂ | ਈਰਾਨ ਦੇ ਦੱਖਣੀ ਸੂਬੇ ਦੇ ਪਿੰਡ ਦੇਜਗਾਹ ਦੇ 87 ਸਾਲਾ ਵਾਸੀ ਅਮਾਉ ਹਾਜੀ ਹਮੇਸ਼ਾਂ ਰਾਖ ਤੇ ਮਿੱਟੀ ਨਾਲ ਢੱਕਿਆ ਰਹਿੰਦਾ ਹੈ | ਉਹ ਪਿਛਲੇ 7 ਦਹਾਕਿਆਂ ਤੋਂ ਇਸ ਕਰਕੇ ਨਹੀਂ ਨਹਾਇਆ, ਕਿਉਂਕਿ ਉਸ ਨੂੰ ਪਾਣੀ ਤੋਂ ਡਰ ਲੱਗਦਾ ਹੈ | ਉਹ ਵਿਸ਼ਵਾਸ ਕਰਦਾ ਹੈ ਕਿ ਜੇ ਉਸ ਨੇ ਨਹਾ ਲਿਆ ਤਾਂ ਬੀਮਾਰ ਹੋ ਜਾਵੇਗਾ | ਮਰੇ ਜਾਨਵਰਾਂ ਦਾ ਸੜਿਆ ਮਾਸ ਖਾਣਾ ਉਸ ਦਾ ਪਸੰਦੀਦਾ ਭੋਜਨ ਹੈ | ਜੰਗ ਲੱਗੇ ਟੀਨ ਦੇ ਕੈਨ ‘ਚ ਉਹ ਰੋਜ਼ਾਨਾ 5 ਲੀਟਰ ਪਾਣੀ ਪੀਂਦਾ ਹੈ |
ਜਾਨਵਰ ਦੇ ਚਿਹਰੇ ਨਾਲ ਇਕ ਪਾਈਪ ਲਗਾ ਕੇ ਇਸ ਨੂੰ ਸਿਗਰਟ ਵਜੋਂ ਇਸਤੇਮਾਲ ਕਰਦਾ ਹੈ | ਆਪਣੇ ਨੌਜਵਾਨੀ ਦੇ ਉਮਰ ‘ਚ ਜਜ਼ਬਾਤੀ ਸਦਮੇ ਤੋਂ ਬਾਅਦ ਉਸ ਨੇ ਵੱਖਰੀ ਜਿੰਦਗੀ ਜਿਉਣ ਦਾ ਫੈਸਲਾ ਕੀਤਾ | ਉਹ ਪਿੰਡ ਤੋਂ ਦੂਰ ਮਿੱਟੀ ਦੇ ਖੱਡਿਆਂ ‘ਚ ਰਹਿੰਦਾ ਹੈ ਤੇ ਆਪਣਾ ਚਿਹਰਾ ਨੇੜੇ ਲੰਘਦੀਆਂ ਕਾਰਾਂ ਦੇ ਸ਼ੀਸ਼ਿਆਂ ਰਾਹੀਂ ਵੇਖਦਾ ਹੈ | ਵਾਰਾਨਸੀ ਤੋਂ ਗੁਰੂ ਕੈਲਾਸ਼ ਨੇ ਵੀ 1974 ‘ਚ ਆਪਣੇ ਵਿਆਹ ਤੋਂ ਬਾਅਦ ਨਾ ਨਹਾਉਣ ਦਾ ਫੈਸਲਾ ਕੀਤਾ ਸੀ | ਇਕ ਪਾਦਰੀ ਵਲੋਂ ਇਹ ਕਹਿਣ ਕਿ ਜੇ ਉਹ ਨਹਾਉਣਾ ਬੰਦ ਕਰ ਦੇਵੇਗਾ ਤਾਂ ਉਸ ਦੇ ਘਰ ਬੇਟਾ ਪੈਦਾ ਹੋਵੇਗਾ, ਤੋਂ ਬਾਅਦ ਉਸ ਨੇ ਇਹ ਫੈਸਲਾ ਲਿਆ, ਪਰ ਪਾਦਰੀ ਦੀ ਭਵਿੱਖਵਾਣੀ ਗਲਤ ਸਾਬਿਤ ਹੋਈ |
