ਕੈਪਟਨ ਵੱਲੋਂ ਸਿੱਧੂ ਨੂੰ ਲੰਚ ਦਾ ਸੱਦਾ

ਚੰਡੀਗੜ੍ਹ, 24 ਨਵੰਬਰ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਨੇਤਾ ਨਵਜੋਤ ਸਿੱਧੂ ਨੂੰ ਭਲਕੇ 25 ਨਵੰਬਰ ਨੂੰ ਦੁਪਹਿਰ ਦੇ ਖਾਣਾ ’ਤੇ ਸੱਦਾ ਦਿੱਤਾ ਹੈ। ਲੰਮੇ ਅਰਸੇ ਮਗਰੋਂ ਇਹ ਪਹਿਲਾਂ ਮੌਕਾ ਹੋਵੇਗਾ ਕਿ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਸੁਖਾਵੇਂ ਮਾਹੌਲ ਵਿਚ ਗੱਲਬਾਤ ਲਈ ਮਿਲਣਗੇ। ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਂਡ ਨੇ ਬਿਹਾਰ ਚੋਣਾਂ ਮਗਰੋਂ ਪੰਜਾਬ ਦੇ ਇਨ੍ਹਾਂ ਦੋਵੇਂ ਆਗੂਆਂ ਨੂੰ ਸੁਰ ਮਿਲਾਉਣ ਦਾ ਸੁਨੇਹਾ ਦਿੱਤਾ ਹੈ।

ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਸ਼ੁਰੂ ਤੋਂ ਹੀ ਦੋਵਾਂ ਆਗੂਆਂ ਦੇ ਸਿਰ ਜੋੜਨ ਲਈ ਲੱਗੇ ਹੋਏ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਅੱਜ ਟਵੀਟ ਕਰਕੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਨਵਜੋਤ ਸਿੱਧੂ ਨੂੰ ਦੁਪਹਿਰ ਦੇ ਖਾਣੇ ’ਤੇ ਸੱਦਿਆ ਗਿਆ ਹੈ ਅਤੇ ਇਸ ਮੌਕੇ ਸੂਬਾਈ ਅਤੇ ਕੇਂਦਰੀ ਸਿਆਸਤ ਬਾਰੇ ਵਿਚਾਰ-ਚਰਚਾ ਹੋਵੇਗੀ।

ਦੱਸਣਯੋਗ ਹੈ ਕਿ ਜੁਲਾਈ 2019 ਵਿਚ ਨਵਜੋਤ ਸਿੱਧੂ ਨੇ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਸ ਮਗਰੋਂ ਮੁੱਖ ਮੰਤਰੀ ਤੇ ਨਵਜੋਤ ਸਿੱਧੂ ਨੇ ਸਟੇਜ ਸਾਂਝੀ ਨਹੀਂ ਕੀਤੀ ਸੀ। ਦੋਵਾਂ ਆਗੂਆਂ ਵਿਚਾਲੇ ਖਟਾਸ ਲਗਾਤਾਰ ਬਣੀ ਰਹੀ। ਕੁਝ ਸਮੇਂ ਤੋਂ ਇਹ ਸਬੰਧ ਸੁਧਰਨ ਲੱਗੇ ਹਨ। ਮੁੱਖ ਮੰਤਰੀ ਨੇ ਜਦੋਂ 4 ਨਵੰਬਰ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਦਿੱਤਾ ਸੀ ਤਾਂ ਉਦੋਂ ਨਵਜੋਤ ਸਿੱਧੂ ਵੀ ਹਾਜ਼ਰ ਸਨ।

ਚਰਚਾ ਹੈ ਕਿ ਨਵਜੋਤ ਸਿੱਧੂ ਦੀ ਵਜ਼ਾਰਤ ਵਿਚ ਬਹਾਲੀ ਕੀਤੀ ਜਾਣੀ ਹੈ ਅਤੇ ਇਸ ਬਾਰੇ ਆਪਸੀ ਸਹਿਮਤੀ ਬਣਾਈ ਜਾਵੇਗੀ। ਕਾਂਗਰਸ ਨੂੰ ਇਸ ਲੰਚ ਮੀਟਿੰਗ ਨਾਲ ਰਾਹਤ ਮਿਲੇਗੀ ਤਾਂ ਉਥੇ ਵਿਰੋਧੀ ਧਿਰਾਂ ਨੂੰ ਸਿਆਸੀ ਔਖ ਹੋ ਸਕਦੀ ਹੈ।