Diljit Dosanjh ਨੇ ਫਿਰ ਰਚਿਆ ਇਤਿਹਾਸ! ਤੋੜਿਆ ਆਪਣਾ ਹੀ ਰਿਕਾਰਡ; ਕੀਤੀ ਕਰੋੜਾਂ ਦੀ ਕਮਾਈ
Aura World Tour ਹੁਣ ਉੱਤਰੀ ਅਮਰੀਕਾ ਵਿੱਚ ਕਿਸੇ ਵੀ ਪੰਜਾਬੀ ਕਲਾਕਾਰ ਵੱਲੋਂ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਟੂਰ ਬਣਿਆ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ‘ਗਲੋਬਲ ਸਟਾਰ’ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਉਹ ਕਰ ਦਿਖਾਇਆ ਹੈ, ਜਿਸ ਦੀ ਕਲਪਨਾ ਵੀ ਕਿਸੇ ਨੇ ਨਹੀਂ ਸੀ ਕੀਤੀ। ਦਿਲਜੀਤ ਨੇ ਕਿਸੇ ਹੋਰ ਦਾ ਨਹੀਂ, ਬਲਕਿ ਆਪਣਾ ਹੀ ਬਣਾਇਆ ਸਭ ਤੋਂ ਵੱਡਾ ਰਿਕਾਰਡ ਤੋੜ ਕੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਂ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਲਿਆ ਹੈ।
ਦਿਲਜੀਤ ਦੋਸਾਂਝ ਦਾ ‘ਔਰਾ ਵਰਲਡ ਟੂਰ’ (Aura World Tour) ਹੁਣ ਉੱਤਰੀ ਅਮਰੀਕਾ ਵਿੱਚ ਕਿਸੇ ਵੀ ਪੰਜਾਬੀ ਕਲਾਕਾਰ ਵੱਲੋਂ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਟੂਰ ਬਣ ਗਿਆ ਹੈ। ਸਾਂ ਫਰਾਂਸਿਸਕੋ ਦੇ ਚੇਜ਼ ਸੈਂਟਰ ਵਿੱਚ ਖਤਮ ਹੋਏ ਇਸ ਟੂਰ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਟੂਰ ਦੀਆਂ ਟਿਕਟਾਂ ਮਿੰਟਾਂ ਵਿੱਚ ਵਿਕ ਗਈਆਂ ਸਨ ਅਤੇ ਇਸ ਨੇ 2 ਲੱਖ 25 ਹਜ਼ਾਰ ਤੋਂ ਵੱਧ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਖਿੱਚਿਆ। ਜੇ ਗੱਲ ਕਰੀਏ ਕਮਾਈ ਦੀ, ਤਾਂ ਇਸ ਟੂਰ ਨੇ ਪੂਰੇ $32 ਮਿਲੀਅਨ ਦੀ ਬੰਪਰ ਕਮਾਈ ਕੀਤੀ ਹੈ।

ਦੱਸ ਦਈਏ ਕਿ ਪਹਿਲਾਂ ਇਹ ਰਿਕਾਰਡ ਦਿਲਜੀਤ ਦੇ ਹੀ 2024 ਵਾਲੇ ‘ਦਿਲ-ਲੂਮੀਨਾਟੀ ਟੂਰ’ ਦੇ ਨਾਂ ਸੀ, ਜਿਸ ਨੇ $27 ਮਿਲੀਅਨ ਕਮਾਏ ਸਨ। ਪਰ ਹੁਣ ‘ਔਰਾ ਟੂਰ’ ਨੇ $32 ਮਿਲੀਅਨ ਦੀ ਕਮਾਈ ਕਰਕੇ ਉਸ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਟੂਰ ਦੌਰਾਨ ਦਿਲਜੀਤ ਨੇ ਅਮਰੀਕਾ ਅਤੇ ਕੈਨੇਡਾ ਦੇ 15 ਪ੍ਰਮੁੱਖ ਸ਼ਹਿਰਾਂ—ਜਿਵੇਂ ਕਿ ਵੈਨਕੂਵਰ, ਟੋਰਾਂਟੋ, ਨਿਊਯਾਰਕ, ਐਡਮੰਟਨ ਅਤੇ ਵਿਨੀਪੈਗ ਵਿੱਚ ਬੈਕ-ਟੂ-ਬੈਕ ਸੋਲਡ-ਆਊਟ ਸ਼ੋਅ ਕੀਤੇ।

ਕਾਮਯਾਬੀ ਦਾ ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਦਾ! ਪਿਛਲੇ ਹਫ਼ਤੇ ਲਾਸ ਏਂਜਲਸ ਸਿਟੀ ਕੌਂਸਲ ਨੇ ਇੱਕ ਇਤਿਹਾਸਕ ਐਲਾਨ ਕਰਦਿਆਂ 6 ਜਨਵਰੀ 2027 ਨੂੰ ਅਧਿਕਾਰਤ ਤੌਰ ‘ਤੇ ‘ਦਿਲਜੀਤ ਦੋਸਾਂਝ ਦਿਵਸ’ (Diljit Dosanjh Day) ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਵੱਡੀ ਪ੍ਰਾਪਤੀ ‘ਤੇ ਭਾਵੁਕ ਹੁੰਦੇ ਹੋਏ ਦਿਲਜੀਤ ਨੇ ਸੋਸ਼ਲ ਮੀਡੀਆ ‘ਤੇ ਲਿਖਿਆ— ‘ਅਸੀਂ ਇਹ ਕਰ ਦਿਖਾਇਆ ਦੋਸਤੋ, ਤੁਹਾਡਾ ਬਹੁਤ ਧੰਨਵਾਦ। ਅਸੀਂ ਸਟੇਡੀਅਮਾਂ ਅਤੇ ਇਤਿਹਾਸਕ ਥਾਵਾਂ ‘ਤੇ ਪਰਫਾਰਮ ਕੀਤਾ ਅਤੇ ਹੁਣ LA ਸ਼ਹਿਰ ਨੇ ਸਾਡੇ ਨਾਂ ‘ਤੇ ਦਿਨ ਐਲਾਨ ਦਿੱਤਾ ਹੈ।”

ਅਮਰੀਕਾ ਫਤਿਹ ਕਰਨ ਤੋਂ ਬਾਅਦ, ਦਿਲਜੀਤ ਦਾ ਅਗਲਾ ਨਿਸ਼ਾਨਾ ਹੈ ਲੰਡਨ। ਆਉਣ ਵਾਲੀ 12 ਸਤੰਬਰ ਨੂੰ ਦਿਲਜੀਤ ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਇੱਕ ਹੋਰ ਸੋਲਡ-ਆਊਟ ਕੰਸਰਟ ਕਰਨ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਉਹ ਪਹਿਲਾਂ ਹੀ ਲੰਡਨ ਦੇ O2 ਅਰੇਨਾ ਵਿੱਚ ਸਭ ਤੋਂ ਵੱਧ ਟਿਕਟਾਂ ਵੇਚਣ ਵਾਲੇ ਪਹਿਲੇ ਦੱਖਣੀ ਏਸ਼ੀਆਈ ਕਲਾਕਾਰ ਬਣ ਚੁੱਕੇ ਹਨ।