Punjab News: ਸਹੁਰਿਆਂ ਦੇ ਖਰਚ ’ਤੇ ਕੈਨੇਡਾ ਗਈ ਵਿਆਹੁਤਾ ਨੇ ਪਤੀ ਨੂੰ ਤਲਾਕ ਦਾ ਸੰਮਨ ਭੇਜਿਆ
25 ਲੱਖ ਦੀ ਠੱਗੀ ਦਾ ਮਾਮਲਾ; ਵਿਆਹੁਤਾ ਅਤੇ ਪਿਤਾ ਖ਼ਿਲਾਫ਼ ਕੇਸ ਦਰਜ
ਇੱਥੇ ਸਹੁਰਿਆਂ ਦੇ ਖਰਚ ’ਤੇ ਕੈਨੇਡਾ ਗਈ ਵਿਆਹੁਤਾ ਅਤੇ ਉਸ ਦੇ ਪਿਤਾ ਖਿਲਾਫ਼ 25 ਲੱਖ ਰੁਪਏ ਦੀ ਠੱਗੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਵਿਆਹ ਮਗਰੋਂ ਲੜਕੀ ਨੇ ਪਤੀ ਨੂੰ ਕੈਨੇਡਾ ਬੁਲਾਉਣ ਦੀ ਥਾਂ ਤਲਾਕ ਦੇ ਸੰਮਨ ਭਿਜਵਾ ਦਿੱਤੇ। ਇਹ ਘਟਨਾ ਖੁਸ਼ਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਗੱਗੜ ਨਾਲ ਵਾਪਰੀ। ਉਚ ਅਧਿਕਾਰੀਆਂ ਵੱਲੋਂ ਪੜਤਾਲ ਉਪਰੰਤ ਪੀੜਤ ਖੁਸ਼ਦੀਪ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਜਸਲੀਨ ਕੌਰ ਅਤੇ ਉਸ ਦੇ ਪਿਤਾ ਲਛਮਣ ਸਿੰਘ ਵਾਸੀ ਵੰਨਵਾਲਾ (ਸਾਦੁਲਸ਼ਹਿਰ) ਰਾਜਸਥਾਨ ਨੂੰ ਨਾਮਜ਼ਦ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੀੜਤ ਖੁਸ਼ਦੀਪ ਸਿੰਘ ਅਤੇ ਜਸਲੀਨ ਕੌਰ ਦਾ 2018 ਵਿਚ ਰਿਸ਼ਤਾ ਹੋਇਆ ਸੀ। ਉਸ ਵੇਲੇ ਦੋਵਾਂ ਪਰਿਵਾਰਾਂ ਵਿਚਕਾਰ ਜ਼ੁਬਾਨੀ ਸਮਝੌਤਾ ਹੋਇਆ ਸੀ ਕਿ ਜਸਲੀਨ ਕੌਰ ਦੀ ਆਈਲੈਟ ਤੇ ਕੈਨੇਡਾ ਜਾਣ ਦਾ ਸਾਰਾ ਖਰਚਾ ਲੜਕਾ ਪਰਿਵਾਰ ਵੱਲੋਂ ਭਰਿਆ ਜਾਵੇਗਾ ਅਤੇ ਇਸ ਦੇ ਬਦਲੇ ਵਿਚ ਜਸਲੀਨ ਕੌਰ ਵਿਆਹ ਮਗਰੋਂ ਖੁਸ਼ਦੀਪ ਨੂੰ ਵੀ ਕੈਨੇਡਾ ਬੁਲਾ ਲਵੇਗੀ। ਸ਼ਿਕਾਇਤ ਧਿਰ ਦਾ ਦਾਅਵਾ ਹੈ ਕਿ ਉਸ ਨੇ ਜਸਲੀਨ ਕੌਰ ਤੇ ਉਸਦੇ ਪਿਤਾ ਲਛਮਣ ਸਿੰਘ ਦੇ ਬੈਂਕ ਖਾਤਿਆਂ ਵਿੱਚ ਕਰੀਬ 25 ਲੱਖ ਰੁਪਏ ਟ੍ਰਾਂਸਫਰ ਕੀਤੇ ਤੇ ਨਗਦ ਰਕਮ ਵੀ ਅਦਾ ਕੀਤੀ।
ਸਮਝੌਤੇ ਮੁਤਾਬਕ ਆਈਲੈਟ ਕਰਨ ਮਗਰੋਂ ਜਸਲੀਨ ਕੌਰ ਦਸੰਬਰ 2019 ਵਿੱਚ ਕੈਨੇਡਾ ਚਲੀ ਗਈ। ਫਿਰ 4 ਅਪਰੈਲ 2022 ਨੂੰ ਭਾਰਤ ਆ ਕੇ ਖੁਸ਼ਦੀਪ ਸਿੰਘ ਨਾਲ ਵਿਆਹ ਕਰਵਾਇਆ ਤੇ ਮਹੀਨੇ ਮਗਰੋਂ ਕੈਨੇਡਾ ਪਰਤ ਗਈ। ਇਸ ਦੌਰਾਨ ਜਦੋਂ ਖੁਸ਼ਦੀਪ ਨੇ ਪਾਸਪੋਰਟ ਬਣਨ ਉਪਰੰਤ ਕੈਨੇਡਾ ਦੀ ਫਾਈਲ ਲਗਾਉਣ ਲਈ ਕਿਹਾ ਤਾਂ ਜਸਲੀਨ ਕੌਰ ਟਾਲ-ਮਟੋਲ ਕਰਨੀ ਲੱਗੀ।
ਮਗਰੋਂ ਜਸਲੀਨ ਨੇ ਅਕਤੂਬਰ 2025 ਵਿੱਚ ਖੁਸ਼ਦੀਪ ਨੂੰ ਤਲਾਕ ਦੇ ਅਦਾਲਤੀ ਸੰਮਨ ਭਿਜਵਾ ਦਿੱਤੇ । ਦੂਜੇ ਪਾਸੇ ਪੁਲੀਸ ਪੜਤਾਲ ਦੌਰਾਨ ਜਸਲੀਨ ਕੌਰ ਦੇ ਪਿਤਾ ਲਛਮਣ ਸਿੰਘ ਨੇ ਬਿਆਨਾਂ ਵਿੱਚ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਖੁਸ਼ਦੀਪ ਸਿੰਘ ਨੇ ਆਪਣੇ ਖਿਲਾਫ਼ ਦਰਜ ਪੁਰਾਣੇ ਪੁਲੀਸ ਕੇਸ ਬਾਰੇ ਜਾਣਕਾਰੀ ਲੁਕੋਈ ਸੀ, ਜਿਸ ਕਰਕੇ ਉਸ ਦਾ ਪਾਸਪੋਰਟ ਨਹੀਂ ਬਣ ਰਿਹਾ ਸੀ। ਹਾਲਾਂਕਿ ਪੁਲੀਸ ਪੜਤਾਲ ਦਾ ਤੱਥ ਹੈ ਕਿ ਖੁਸ਼ਦੀਪ ਸਿੰਘ ਫਰਵਰੀ 2025 ਵਿੱਚ ਹੀ ਉਸ ਕੇਸ ਵਿੱਚੋਂ ਬਰੀ ਹੋ ਚੁੱਕਾ ਸੀ ਅਤੇ ਉਸ ਦਾ ਪਾਸਪੋਰਟ ਵੀ ਬਣ ਗਿਆ ਸੀ।