Cockroach Janta Party ਬਣਾਉਣ ਵਾਲੇ Abhijeet Dipke ਦਾ ਵੱਡਾ ਬਿਆਨ;‘ਦਿੱਲੀ ਉੱਤਰਦੇ ਹੀ ਮੈਨੂੰ ਤਿਹਾੜ ਜੇਲ੍ਹ ਲੈ ਜਾਇਆ ਜਾਵੇਗਾ’
Cockroach Janta Party: ਚੀਫ਼ ਜਸਟਿਸ ਸੂਰਿਆ ਕਾਂਤ ਦੀ ਟਿੱਪਣੀ ਤੋਂ ਬਾਅਦ ਵਿਅੰਗ ਵਜੋਂ ਸ਼ੁਰੂ ਹੋਇਆ ਇੱਕ ਪੈਰੋਡੀ ਪੇਜ ਹੁਣ ਇੱਕ ਪੂਰਨ ਰਾਜਨੀਤਿਕ ਸੰਗਠਨ ਵਿੱਚ ਬਦਲ ਗਿਆ ਹੈ, ਜਿਸ ਨੂੰ ਕਈ ਵਿਰੋਧੀ ਨੇਤਾਵਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ

Cockroach Janta Party: ਚੀਫ਼ ਜਸਟਿਸ ਸੂਰਿਆ ਕਾਂਤ ਦੀ ਟਿੱਪਣੀ ਤੋਂ ਬਾਅਦ ਵਿਅੰਗ ਵਜੋਂ ਸ਼ੁਰੂ ਹੋਇਆ ਇੱਕ ਪੈਰੋਡੀ ਪੇਜ ਹੁਣ ਇੱਕ ਪੂਰਨ ਰਾਜਨੀਤਿਕ ਸੰਗਠਨ ਵਿੱਚ ਬਦਲ ਗਿਆ ਹੈ, ਜਿਸ ਨੂੰ ਕਈ ਵਿਰੋਧੀ ਨੇਤਾਵਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ। ਜਦੋਂ ਤੋਂ ਇੰਟਰਨੈੱਟ ’ਤੇ ‘ਕਾਕਰੋਚ ਜਨਤਾ ਪਾਰਟੀ’ ਦੀ ਸ਼ੁਰੂਆਤ ਹੋਈ ਹੈ, ਇਸ ਨੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਭਾਰੀ ਪ੍ਰਸਿੱਧੀ ਹਾਸਲ ਕਰ ਲਈ ਹੈ।
ਇਸ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਵਿਅੰਗਾਤਮਕ ਸੰਗਠਨ ਨੇ ਇੰਸਟਾਗ੍ਰਾਮ ‘ਤੇ ਭਾਰਤੀ ਜਨਤਾ ਪਾਰਟੀ ਦੇ ਫਾਲੋਅਰਜ਼ ਦੀ ਗਿਣਤੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇੱਕ ਹਾਲੀਆ ਇੰਟਰਵਿਊ ਵਿੱਚ, ਇਸ ਸੰਗਠਨ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਵੱਧਦੀ ਪ੍ਰਸਿੱਧੀ ਦੇ ਕਾਰਨਾਂ, ਇਸ ਸੋਸ਼ਲ ਮੀਡੀਆ ਸੰਗਠਨ ਦੇ ਏਜੰਡੇ ਬਾਰੇ ਗੱਲ ਕੀਤੀ ਅਤੇ ਭਾਰਤ ਪਹੁੰਚਣ ‘ਤੇ ਆਪਣੀ ਸੰਭਾਵਿਤ ਗ੍ਰਿਫਤਾਰੀ ਦਾ ਖਦਸ਼ਾ ਵੀ ਪ੍ਰਗਟਾਇਆ।
ਦਿਪਕੇ ਨੇ ‘ਦਿ ਰੈੱਡ ਮਾਈਕ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, “ਆਖਰਕਾਰ ਸਾਨੂੰ ਇਸ ਦੇਸ਼ ਵਿੱਚ ਆਪਣੀ ਪਛਾਣ ਦਾ ਪਤਾ ਲੱਗ ਗਿਆ ਹੈ ਕਿ ਸਾਨੂੰ ਕਾਕਰੋਚਾਂ ਵਾਂਗ ਦੇਖਿਆ ਜਾਂਦਾ ਹੈ।” ਇੰਸਟਾਗ੍ਰਾਮ ‘ਤੇ ਫਾਲੋਅਰਜ਼ ਦੇ ਮਾਮਲੇ ਵਿੱਚ ਕਾਕਰੋਚ ਜਨਤਾ ਪਾਰਟੀ ਵੱਲੋਂ ਭਾਜਪਾ ਨੂੰ ਪਛਾੜਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਮੈਂ ਇਸ ਗੱਲ ਤੋਂ ਖੁਸ਼ ਨਹੀਂ ਹਾਂ ਕਿ ਸਾਡੇ ਕੋਲ ਜ਼ਿਆਦਾ ਫਾਲੋਅਰਜ਼ ਹਨ। ਇਸ ਨਾਲ ਕੀ ਹੋਵੇਗਾ? ਮੁੱਦੇ ਤਾਂ ਉਹੀ ਰਹਿੰਦੇ ਹਨ।” ਇਸ ਤੋਂ ਪਹਿਲਾਂ ਬੀਤੇ ਦਿਨ ਭਾਰਤ ਵਿੱਚ ਕਾਕਰੋਚ ਜਨਤਾ ਪਾਰਟੀ ਦਾ ਐਕਸ (X) ਅਕਾਊਂਟ ਰੋਕ ਦਿੱਤਾ ਗਿਆ ਸੀ।
ਦਿਪਕੇ ਨੇ ਐਕਸ ਅਕਾਊਂਟ ਖੋਲ੍ਹਣ ਵੇਲੇ ਦਿਖਾਈ ਦੇਣ ਵਾਲੇ ਪੌਪ-ਅੱਪ ਦੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ, “ਉਮੀਦ ਮੁਤਾਬਕ, ਭਾਰਤ ਵਿੱਚ ਕਾਕਰੋਚ ਜਨਤਾ ਪਾਰਟੀ ਦਾ ਅਕਾਊਂਟ ਰੋਕ ਦਿੱਤਾ ਗਿਆ ਹੈ।” ਇਸ ਵਿਅੰਗਾਤਮਕ ਸੰਗਠਨ ਦੇ ਸੰਸਥਾਪਕ ਨੇ ਇਹ ਵੀ ਕਿਹਾ ਕਿ ਦਿੱਲੀ ਹਵਾਈ ਅੱਡੇ ‘ਤੇ ਪਹੁੰਚਦੇ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦਿਪਕੇ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਜਿਵੇਂ ਹੀ ਮੈਂ ਦਿੱਲੀ ਹਵਾਈ ਅੱਡੇ ‘ਤੇ ਉਤਰਾਂਗਾ, ਦਿੱਲੀ ਪੁਲੀਸ ਦਾ ਇੱਕ ਕਾਫਲਾ ਮੈਨੂੰ ਤਿਹਾੜ ਜੇਲ੍ਹ ਲੈ ਜਾਵੇਗਾ।”
ਇਹ ਵੀ ਪੜ੍ਹੋ:‘Cockroach Janta Party’ ਦਾ X ਅਕਾਊਂਟ ਬੰਦ ਹੋਣ ਤੋਂ ਬਾਅਦ ਨਵਾਂ ਹੈਂਡਲ ਹੋਇਆ ਸ਼ੁਰੂ; ਲਿਖਿਆ- ‘ਕਾਕਰੋਚ ਕਦੇ ਮਰਦੇ ਨਹੀਂ’
ਅਭਿਜੀਤ ਦਿਪਕੇ, ਜੋ ਕਿ 30 ਸਾਲਾ ਸਿਆਸੀ ਸੰਚਾਰ ਰਣਨੀਤੀਕਾਰ (political communication strategist) ਹਨ, ਹਾਲ ਹੀ ਵਿੱਚ ਬੋਸਟਨ ਯੂਨੀਵਰਸਿਟੀ ਤੋਂ ਪਬਲਿਕ ਰਿਲੇਸ਼ਨਜ਼ ਦੀ ਪੜ੍ਹਾਈ ਪੂਰੀ ਕਰਕੇ ਅਮਰੀਕਾ ਵਿੱਚ ਹਨ। ਅਮਰੀਕਾ ਜਾਣ ਤੋਂ ਪਹਿਲਾਂ, ਉਹ ਡਿਜੀਟਲ ਰਾਜਨੀਤਿਕ ਮੈਸੇਜਿੰਗ, ਨੈਰੇਟਿਵ ਬਿਲਡਿੰਗ ਅਤੇ ਆਨਲਾਈਨ ਚੋਣ ਪ੍ਰਚਾਰ ਰਣਨੀਤੀ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਸਨ।
ਉਨ੍ਹਾਂ ਨੇ ਪੁਣੇ ਤੋਂ ਪੱਤਰਕਾਰੀ ਵਿੱਚ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਸੀ। ਮਹਿਜ਼ ਚਾਰ ਦਿਨ ਪਹਿਲਾਂ ਹੋਂਦ ਵਿੱਚ ਆਏ ਇਸ ਵਿਅੰਗਾਤਮਕ ਸੰਗਠਨ ਦੇ ਇੰਸਟਾਗ੍ਰਾਮ ‘ਤੇ 12 ਮਿਲੀਅਨ (1 ਕਰੋੜ 20 ਲੱਖ) ਫਾਲੋਅਰਜ਼ ਹੋ ਗਏ ਹਨ, ਜੋ ਕਿ ਭਾਜਪਾ ਦੇ ਇਸ ਪਲੇਟਫਾਰਮ ‘ਤੇ ਮੌਜੂਦ 8.7 ਮਿਲੀਅਨ (87 ਲੱਖ) ਫਾਲੋਅਰਜ਼ ਤੋਂ ਵੱਧ ਹਨ।
ਇਹ ਵੀ ਪੜ੍ਹੋ:‘Cockroach Janta Party’ ਨੂੰ ਟੱਕਰ ਦੇਣ ਆਇਆ ‘National Parasitic Front’; ਇੰਟਰਨੈੱਟ ‘ਤੇ ਛਿੜੀ ਅਨੋਖੀ ਸਿਆਸੀ ਜੰਗ
ਸੀਜੇਪੀ (CJP) ਨੂੰ ਮਹੂਆ ਮੋਇਤਰਾ, ਕੀਰਤੀ ਆਜ਼ਾਦ, ਅਖਿਲੇਸ਼ ਯਾਦਵ ਅਤੇ ਹੋਰਾਂ ਸਮੇਤ ਕਈ ਵਿਰੋਧੀ ਨੇਤਾਵਾਂ ਦਾ ਸਮਰਥਨ ਮਿਲਿਆ ਹੈ। ਕਈ ਹਾਸਰਸ ਕਲਾਕਾਰ, ਸਲੈਬ੍ਰਿਟੀਜ਼ ਅਤੇ ਇਨਫਲੂਐਂਸਰ ਵੀ ਇਸ ਦੇ ਸਮਰਥਨ ਵਿੱਚ ਸ਼ਾਮਲ ਹੋਏ ਹਨ।