ਨਵੀਂ ਦਿੱਲੀ- ਕੋਰੋਨਾ ਟੀਕਾ ਬਣਾ ਰਹੀ ਵਿਸ਼ਵ ਦੀ ਸਭ ਤੋਂ ਵੱਡੀ ਭਾਰਤੀ ਟੀਕਾ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਦੇ ਸੀ. ਈ. ਓ. ਅਦਾਰ ਪੂਨਾਵਾਲਾ ਨੇ ਲੰਡਨ ਵਿਚ ਇਕ ਪ੍ਰਾਪਰਟੀ ਕਿਰਾਏ ‘ਤੇ ਲਈ ਹੈ, ਜਿਸ ਦਾ ਉਹ ਇਕ ਹਫ਼ਤੇ ਵਿਚ ਲਗਭਗ 69,000 ਡਾਲਰ ਯਾਨੀ ਤਕਰੀਬਨ 50 ਲੱਖ ਰੁਪਏ ਕਿਰਾਏ ਦੇ ਤੌਰ ‘ਤੇ ਦੇਣਗੇ। ਮੀਡੀਆ ਰਿਪੋਰਟਾਂ ਵਿਚ ਇਹ ਗੱਲ ਆਖ਼ੀ ਗਈ ਹੈ। ਰਿਪੋਰਟਾਂ ਮੁਤਾਬਕ, ਇਹ ਹਵੇਲੀ ਲੰਡਨ ਦੇ ਮਹਿੰਗੇ ਇਲਾਕੇ ਮੇਫੇਅਰ ਵਿਚ ਸਥਿਤ ਹੈ।
ਰਿਪੋਰਟਾਂ ਮੁਤਾਬਕ, ਪੂਨਾਵਾਲਾ ਨੇ ਲੰਡਨ ਵਿਚ ਇਹ ਹਵੇਲੀ ਪੋਲੈਂਡ ਦੇ ਇਕ ਅਰਬਪਤੀ ਡੋਮੀਨਿਕਾ ਕੁਲਕਜ਼ੈਕ ਤੋਂ ਕਿਰਾਏ ‘ਤੇ ਲਈ ਹੈ, ਜੋ ਇਲਾਕੇ ਦੀ ਸਭ ਤੋਂ ਵੱਡੀ ਹਵੇਲੀ ਹੈ। ਇਸ ਦਾ ਖ਼ੇਤਰਫਲ ਤਕਰੀਬਨ 25,000 ਵਰਗ ਫੁੱਟ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਵਿਚ ਇਸ ਤਰ੍ਹਾਂ ਦਾ ਇਕ ਗੇਸਟ ਹਾਊਸ ਵੀ ਹੈ ਜਿਸ ਰਾਹੀਂ ਮੇਫੇਅਰ ਇਲਾਕੇ ਦੇ ਸੀਕ੍ਰੇਟ ਗਾਰਡਨ ਵਿਚ ਜਾਇਆ ਜਾ ਸਕਦਾ ਹੈ।
ਹਾਲਾਂਕਿ, ਸੀਰਮ ਇੰਸਟੀਚਿਊਟ ਦੇ ਬੁਲਾਰੇ ਨੇ ਪੂਨਾਵਾਲਾ ਦੀ ਤਰਫੋਂ ਇਸ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਕੁਲਕਜ਼ੈਕ ਦੇ ਬੁਲਾਰੇ ਨੇ ਵੀ ਟਿੱਪਣੀ ਨਹੀਂ ਕੀਤੀ।
ਇਹ ਡੀਲ ਲੰਡਨ ਦੇ ਲਗਜ਼ਰੀ ਰਿਹਾਇਸ਼ੀ ਬਾਜ਼ਾਰ ਵਿਚ ਇਕ ਬੂਸਟ ਦੀ ਤਰ੍ਹਾਂ ਦੇਖੀ ਜਾ ਰਹੀ ਹੈ, ਜੋ ਬ੍ਰੈਗਜ਼ਿਟ ਤੇ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਪਟੜੀ ਤੋਂ ਉਤਰ ਗਿਆ ਸੀ। LonRes ਦੇ ਅੰਕੜਿਆਂ ਮੁਤਾਬਕ, ਪੂਨਾਵਾਲਾ ਨੇ ਜਿਸ ਜਗ੍ਹਾ ਇਹ ਪ੍ਰਾਪਰਟੀ ਕਿਰਾਏ ‘ਤੇ ਲਈ ਹੈ ਉਸ ਇਲਾਕੇ ਵਿਚ ਪਿਛਲੇ 5 ਸਾਲਾਂ ਵਿਚ ਕਿਰਾਏ ਵਿਚ 9 ਫ਼ੀਸਦੀ ਕਮੀ ਆਈ ਹੈ।
ਪੂਨਾਵਾਲਾ ਦਾ ਲੰਮੇ ਸਮੇਂ ਤੋਂ ਯੂ. ਕੇ. ਨਾਲ ਨਾਤਾ ਹੈ। ਉਹ ਲੰਡਨ ਦੀ ਵੈਸਟਮਿੰਸਟਰ ਯੂਨੀਵਰਸਿਟੀ ਵਿਚ ਪੜ੍ਹੇ ਹਨ। ਪੂਨਾਵਾਲਾ ਵਿਸ਼ਵ ਦੇ ਸਭ ਤੋਂ ਅਮੀਰ ਪਰਿਵਾਰਾਂ ਵਿਚੋਂ ਇਕ ਹੈ।