Breaking News
Home / ਲੇਖ / ਮਹਿਰਾਜ ਦੇ ਇਕੱਠ ਤੋਂ ਡਰ ਕੇ ਰਹੋ, ਡਰ ਕੇ ਬੋਲੋ

ਮਹਿਰਾਜ ਦੇ ਇਕੱਠ ਤੋਂ ਡਰ ਕੇ ਰਹੋ, ਡਰ ਕੇ ਬੋਲੋ

ਕਰਮਜੀਤ ਸਿੰਘ 99150-91063
ਮਹਿਰਾਜ ਦੇ ਇਕੱਠ ਵਿੱਚ ਹੋਰਨਾਂ ਇਕੱਠਾਂ ਨਾਲੋਂ ਕੋਈ ਵੱਖਰੀ ਗੱਲ ਤਾਂ ਜ਼ਰੂਰ ਸੀ।ਪਰ ਉਹ ਵਖਰੀ ਗੱਲ ਕਿਹੜੀ ਸੀ? ਅਖ਼ਬਾਰਾਂ ਤੇ ਚੈਨਲ ਇਸ ਭੇਤ ਨੂੰ ਅਜੇ ਤੱਕ ਸਮਝ ਨਹੀਂ ਸਕੇ।
ਗੋਦੀ ਮੀਡੀਆ ਸਮੇਤ ਸਭ ਅਖਬਾਰਾਂ ਨੇ ਇਸ ਸੱਚ ਨੂੰ ਮਜਬੂਰ ਹੋ ਕੇ ਸਵੀਕਾਰ ਤਾਂ ਕੀਤਾ ਹੈ ਕਿ ਇਕੱਠ ਵੱਡਾ ਤੇ ਪ੍ਰਭਾਵਸ਼ਾਲੀ ਸੀ ਪਰ ਉਹ ਇਕੱਠ ਵਿਚ ਸ਼ਾਮਲ ਨੌਜਵਾਨਾਂ ਦੇ ਚਿਹਰਿਆਂ ਹੇਠ “ਲੁਕੇ ਚਿਹਰਿਆਂ” ਦੇ ਦਰਦ ਨੂੰ ਪੜ੍ਹ ਨਹੀਂ ਸਕੇ, ਸਮਝ ਨਹੀਂ ਸਕੇ,ਢੁਕਵੇਂ ਸ਼ਬਦ ਨਹੀਂ ਦੇ ਸਕੇ। ਸ਼ਾਇਦ ਉਹ ਸ਼ਬਦ ਦੇਣਾ ਵੀ ਨਹੀਂ ਸਨ ਚਾਹੁੰਦੇ, ਕਿਉਂਕਿ ਲੁਕੇ ਦਰਦ “ਵੱਖਰੇ ਰਸਤੇ” ਵੀ ਅਖਤਿਆਰ ਕਰ ਸਕਦੇ ਹਨ- ਉਹ ਰਸਤੇ ਜਿਹੜੇ ਇਤਿਹਾਸ ਨਾਲ ਜੁੜ ਜਾਂਦੇ ਹਨ, ਜਿਹੜੇ ਕਿਸਾਨੀ ਅੰਦੋਲਨ ਤੋਂ ਆਰ ਪਾਰ ਵੇਖਣ ਵਾਲੀ ਤਾਜ਼ਗੀ ਤੇ ਨਿਗ੍ਹਾ ਦਿੰਦੇ ਹਨ।


ਅੱਜ ਦੇ “ਪਹਿਰੇਦਾਰ” ਅਖ਼ਬਾਰ ਨੇ ਆਪਣੇ ਵਿਸ਼ੇਸ਼ ਸੰਪਾਦਕੀ ਵਿਚ ਹਰ ਰਾਜਨੀਤਕ ਧਿਰ ਨੂੰ ਸਲਾਹ ਦਿੱਤੀ ਹੈ ਕਿ ਮਹਿਰਾਜ ਦੇ ਇਕੱਠ ਨੂੰ ਜਜ਼ਬਿਆਂ ਨਾਲ ਜੋੜ ਕੇ ਦੇਖੋ। ਦੂਜੇ ਸ਼ਬਦਾਂ ਵਿਚ ਜਵਾਨੀ ਦੇ ਜਜ਼ਬਿਆਂ ਦੀ ਅਥਾਹ ਤਾਕਤ, ਸਮਰੱਥਾ ਅਤੇ ਇਤਿਹਾਸ ਨੂੰ ਉਲਟ ਪੁਲਟ ਕਰ ਦੇਣ ਵਾਲੀ ਯੋਗਤਾ ਤੋਂ ਡਰ ਕੇ ਰਹੋ, ਡਰ ਕੇ ਬੋਲੇ, ਡਰ ਕੇ ਕਦਮ ਪੁੱਟੋ,ਪਰ ਕਿਸਾਨ ਆਗੂਆਂ ਦੀ ਹਉਮੈ ਉਥੋਂ ਤਕ ਨਹੀਂ ਪਹੁੰਚ ਸਕੀ।

ਪਰ ਸੱਠਵਿਆਂ ਦੇ ਅਖੀਰ ਦੀਆਂ ਗੱਲਾਂ ਹਨ ਜਦੋਂ ਫਰਾਂਸ ਵਿਚ ਅਪ੍ਰੈਲ- ਮਈ 1968ਵਾਲੇ ਦਿਨਾਂ ਵਿੱਚ ਪੈਰਿਸ ਦੇ ਇਕ ਅਰਧ -ਸ਼ਹਿਰੀ ਅਰਧ- ਪੇਂਡੂ ਨੈਨਤਰੀ(nanterre) ਯੂਨੀਵਰਸਿਟੀ ਦੇ ਕੈਂਪਸ ਵਿੱਚ ਬਗ਼ਾਵਤ ਦੀ ਚਿਣਗ ਕੀ ਉੱਠੀ, ਉਸ ਨੇ ਸਾਰੇ ਫਰਾਂਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਰਾਸ਼ਟਰਪਤੀ ਡੀਗਾਲ ਦਾ ਤਖ਼ਤਾ ਪਲਟਣ ਦੀ ਗੱਲ ਨੇਡ਼ੇ ਤੇਡ਼ੇ ਹੀ ਪਹੁੰਚ ਗਈ ਸੀ। ਪਰ ਉਸ ਬਗ਼ਾਵਤ ਵਿਚ ਕੋਈ ਵੱਡਾ ਆਗੂ ਨਹੀਂ ਸੀ ,ਮੰਗਾਂ ਵੀ ਸਪਸ਼ਟ ਨਹੀਂ ਸੀ। ਮਹਾਨ ਫਿਲਾਸਫਰ ਯਾਂ ਪਾਲ ਸਾਰਤਰ ਸੀ ਪਰ ਵੱਡੇ ਆਗੂਆਂ ਦੀ ਕਤਾਰ ਨਹੀਂ ਸੀ। ਪਰ ਇਕ ਅਣਦਿਸਦੀ ਤੇ ਲੁਕੀ, ਗ਼ੈਰ ਜਥੇਬੰਦਕ ਤੇ ਖਿੰਡੀ ਹੋਈ ਬੇਚੈਨੀ ਦਾ ਫਰਾਂਸ ਵਿਚ ਹੜ੍ਹ ਆਇਆ ਹੋਇਆ ਸੀ।।


ਹੁਣ ਮਹਿਰਾਜ ਦੇ ਇਕੱਠ ਤੇ ਵੀ ਇੱਕ ਡੂੰਘੀ ਝਾਤ ਮਾਰੋ ।ਇੱਥੇ ਵੀ ਕੋਈ ਵੱਡਾ ਆਗੂ ਨਹੀਂ ਸੀ।ਪਰ ਇਸ ਇਕੱਠ ਵਿੱਚ ਚੜ੍ਹਦੀ ਜਵਾਨੀ ਵਿੱਚ ਲੁਕੀ ਹੋਈ ਬੇਚੈਨੀ ਠਾਠਾਂ ਮਾਰ ਰਹੀ ਸੀ। ਕਾਸ਼!ਕੋਈ ਜਣਾ ਇਸ ਜਵਾਨੀ ਦੇ ਦਰਦ ਨੂੰ ਸਮਝ ਸਕਦਾ,ਲਿਖ ਸਕਦਾ। ਓਪਰੀਆਂ ਓਪਰੀਆਂ ਗੱਲਾਂ ਤਾਂ ਕੀਤੀਆਂ ਗਈਆਂ ਹਨ ਪਰ ਜਵਾਨੀ ਦੇ ਢਿੱਡ ਦੀ ਗੱਲ ਤੇ ਅੰਦਰਲੀ ਪੀੜ ਤੱਕ ਕੋਈ ਨਹੀਂ ਪਹੁੰਚ ਸਕਿਆ,ਕੋਈ ਨਹੀਂ ਬੁਝ ਸਕਿਆ, ਕੋਈ ਨਹੀਂ ਜਾਣ ਸਕਿਆ ।

“ਇੰਡੀਅਨ ਐਕਸਪ੍ਰੈੱਸ” ਨੇ ਅੱਜ ਦੇ ਅਖ਼ਬਾਰ ਵਿੱਚ ਉਹ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਰਕੇ ਕਿਸਾਨ ਜਥੇਬੰਦੀਆਂ ਵੱਲੋਂ ਮਹਿਰਾਜ ਦੇ ਇਕੱਠ ਤੋਂ ਦੂਰੀ ਰੱਖਣ ਅਤੇ ਹਮਾਇਤ ਨਾ ਕਰਨ ਦੇ ਬਾਵਜੂਦ ਵੀ ਇਨ੍ਹਾਂ ਵੱਡਾ ਇਕੱਠ ਕਿਵੇਂ ਤੇ ਕਿਉਂ ਹੋਇਆ?
ਇਸ ਇਕੱਠ ਲਈ ਨਾ ਕੋਈ ਵੱਡਾ ਪ੍ਰਚਾਰ ਹੋਇਆ, ਨਾ ਹੀ ਇਕੱਠ ਕਰਨ ਵਾਲੇ ਪ੍ਰਬੰਧਕਾਂ ਕੋਲ ਕੋਈ ਮਾਇਕ ਸਾਧਨ ਸਨ। ਪਰ ਫਿਰ ਵੀ ਜੇਕਰ ਨੌਜਵਾਨ ਹੁਮ ਹੁਮਾ ਕੇ ਪਹੁੰਚੇ ਅਤੇ ਦੂਰੋਂ ਦੂਰੋਂ ਆ ਕੇ ਪਹੁੰਚੇ ਤਾਂ ਫਿਰ ਉਹ ਕਿਹੜੀ ਬੇਚੈਨੀ,ਰੋਸ ਤੇ ਗੁੱਸਾ ਸੀ,ਜਿਸ ਕਾਰਨ ਉਨ੍ਹਾਂ ਦੇ ਕਦਮ ਆਪ ਮੁਹਾਰੇ ਛੇਵੇਂ ਪਾਤਸ਼ਾਹ ਤੂੰ ਵਰੋਸਾਈ ਧਰਤੀ ਮਹਿਰਾਜ ਵੱਲ ਵਧਣੇ ਸ਼ੁਰੂ ਹੋਏ?


ਕੀ ਬੇਰੁਜ਼ਗਾਰੀ ਉਨ੍ਹਾਂ ਨੂੰ ਮਹਿਰਾਜ ਵੱਲ ਲੈ ਕੇ ਆਈ? ਕੀ ਉਹ ਖਾਲਿਸਤਾਨੀ ਸਮਰਥਕਾਂ ਦਾ ਇਕੱਠ ਸੀ? ਕੀ ਉਨ੍ਹਾਂ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਕਿਸਾਨ ਆਗੂਆਂ ਨੇ ਗੱਦਾਰੀ ਦਾ ਫ਼ਤਵਾ ਕਿਉਂ ਦਿੱਤਾ? ਕੀ ਰਾਜਨੀਤਕ ਆਗੂਆਂ ਨੇ ਇਸ ਇਕੱਠ ਨੂੰ ਅਣਕਹੀ ਹਮਾਇਤ ਦਿੱਤੀ ਸੀ? ਕੀ ਖਿੰਡੀਆਂ ਹੋਈਆਂ ਤੇ ਬੇਸਹਾਰਾ ਸਿੱਖ ਜਥੇਬੰਦੀਆਂ ਦੇ ਆਏ ਕਾਰਕੁਨਾਂ ਨੂੰ ਮਹਿਰਾਜ ਦੇ ਇਕੱਠ ਵਿੱਚੋਂ ਆਪਣੀ ਮੰਜ਼ਲ ਨਜ਼ਦੀਕ ਨਜ਼ਰ ਆ ਰਹੀ ਸੀ? ਕੀ ਉਹ ਸਾਰੇ ਲੱਖਾ ਸਿਧਾਣਾ ਦੇ ਸੱਦੇ ਤੇ ਹੀ ਇਕੱਠੇ ਹੋਏ ਸਨ? ਇਹ ਸਭ ਗੱਲਾਂ ਤੇ ਕਾਰਨ ਕਿਸੇ ਹੱਦ ਤਕ ਠੀਕ ਹਨ ਪਰ ਇਹ ਪੂਰਾ ਸੱਚ ਨਹੀਂ ਸੀ ਸੱਚ ਪੁੱਛੋ ਤਾਂ ਅੱਧਾ ਸੱਚ ਵੀ ਨਹੀਂ ਸੀ।

ਪੂਰਾ ਸੱਚ ਤਾਂ ਕਿਸੇ ਹੋਰ ਥਾਂ ਤੇ ਲੁਕਿਆ ਪਿਆ ਹੈ ਜਿਸ ਦੀ ਤਲਾਸ਼ ਕਰਨ ਲਈ ਦਾਨਸ਼ਵਰ ਇਤਿਹਾਸਕਾਰਾਂ ਅਤੇ ਵਿਵੇਕ ਵਿਦਵਾਨਾਂ ਦਾ ਇੰਤਜ਼ਾਰ ਹੈ ਜੋ ਅਜੋਕੀ ਗੁੰਝਲਦਾਰ ਜ਼ਿੰਦਗੀ ਦੇ ਆਰ ਪਾਰ ਵੇਖਣ ਦੀ ਸਮਰੱਥਾ ਰੱਖਦੇ ਹਨ।

About admin

Check Also

ਕਿਸਾਨੀ ਤੇ ਸਮਾਜ ਤੇ ਕਾਰਪੋਰੇਟ ਘਰਾਣੇ ਕਾਬਜ ਹੋਣ ਨੂੰ ਕਿਉਂ ਕਾਹਲੇ ਨੇ ?

ਕਾਰਪੋਰੇਟ ਮਾਡਲ ਦਾ ਸੱਚ। ਕਾਰਪੋਰੇਟ ਦਾ ਮੁੱਖ ਟੀਚਾ ਤੁਹਾਨੂੰ ਤੁਹਾਡੀ ਖੁਦਮੁਖਤਿਆਰੀ ਤੋਂ ਹੀਣੇ ਕਰਨਾ ਏ। …

%d bloggers like this: