ਬਰੈਂਪਟਨ ਦਾ ਅਭਿਨਵ ਵੇਕਟਰ ਸੀਆਰਏ ( CRA) ਫਰਾਡ ਕਾਲ਼ ਘੁਟਾਲੇ ਵਿੱਚ ਗ੍ਰਿਫਤਾਰ

ਟੋਰਾਂਟੋ – ਆਰਸੀਐਮਪੀ (RCMP) ਦੇ ਵਿੱਤੀ ਕ੍ਰਾਈਮ ਵਿਭਾਗ ਨੇ ਓਨਟਾਰੀਓ ਦੇ ਸ਼ਹਿਰ ਬਰੈਂਪਟਨ ਦੇ ਇੱਕ 25 ਸਾਲਾਂ ਵਿਅਕਤੀ ਅਭਿਨਵ ਵੇਕਟਰ ਨੂੰ ਕੈਨੇਡੀਅਨ ਰੈਵੀਨਿਉ ਏਜੰਸੀ( CRA) ਫਰਾਡ ਫੋਨ ਘੁਟਾਲੇ ਸਮੇਤ, ਕਈ ਅੰਤਰਰਾਸ਼ਟਰੀ ਫੋਨ ਧੋਖਾਧੜੀ ਦਿਆਂ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਹੈ।ਯਾਦ ਰਹੇ ਇਸਤੋਂ ਪਹਿਲਾਂ ਇਸੇ ਸਾਲ ਫਰਵਰੀ ਵਿੱਚ ਬਰੈਂਪਟਨ ਦੇ ਗੁਰਿੰਦਰਪ੍ਰੀਤ ਧਾਲੀਵਾਲ ਅਤੇ ਇੰਦਰਪ੍ਰੀਤ ਧਾਲੀਵਾਲ ਨੂੰ ਵੀ ਇਸੇ ਤਰ੍ਹਾਂ ਦੇ ਫਰਾਡ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਆਰਸੀਐਮਪੀ ਨੇ ਪ੍ਰੋਜੈਕਟ ਓਕਟੀਵੀਆ ਦੇ ਹਿੱਸੇ ਵਜੋਂ ਇੱਕ ਬਰੈਂਪਟਨ ਦੇ ਰਹਿਣ ਵਾਲੇ ਅਭਿਨਵ ਵੇਕਟਰ ਨੂੰ ਗ੍ਰਿਫਤਾਰ ਕੀਤਾ ਹੈ, ਇਹ ਪ੍ਰੋਜੈਕਟ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾ ਰਹੇ ਟੈਲੀਫੋਨ ਧੋਖੇਬਾਜ਼ਾਂ ਦਾ ਮੁਕਾਬਲਾ ਕਰਨ ਲਈ ਅਕਤੂਬਰ, 2018 ਵਿੱਚ ਸ਼ੁਰੂ ਕੀਤਾ ਗਿਆ ਸੀ।

ਅਭਿਨਵ ਵੇਕਟਰ ਦੇ ਨਾਲ-ਨਾਲ ਕੈਨੇਡਾ ਅਤੇ ਭਾਰਤ ਵਿਖੇ ਲੋਕਲ ਪੁਲਿਸ ਦੀ ਮੱਦਦ ਨਾਲ 10 ਹੋਰ ਮੁਲਜ਼ਮ ਵੀ ਹੁਣ ਤੱਕ ਕਾਬੂ ਆ ਚੁੱਕੇ ਹਨ ‌।ਸਾਲ 2014 ਅਤੇ 2020 ਦੇ ਵਿਚਾਲੇ, ਇਕੱਲੇ ਸੀਆਰਏ ਘੁਟਾਲੇ ਦੇ ਨਤੀਜੇ ਵਜੋਂ 18.5 ਮਿਲੀਅਨ ਡਾਲਰ ਦਾ ਫਰਾਡ ਹੋ ਚੁੱਕਾ ਸੀ । ਅਕਤੂਬਰ 1 , 2020 ਤੱਕ, ਸੀਆਰਏ, ਬੈਂਕ ਜਾਂਚਕਰਤਾ ,ਨਕਲੀ ਆਰਸੀਐਮਪੀ ਅਫਸਰਾਂ ਅਤੇ ਤਕਨੀਕੀ ਸਹਾਇਤਾ ਘੁਟਾਲਿਆਂ ਦੇ ਵਜੋਂ ਹੋਏ ਘਾਟੇ 34 ਮਿਲੀਅਨ ਤੋਂ ਵੱਧ ਦੇ ਹਨ। ਇਸ ਜਾਂਚ ਦੇ ਦੌਰਾਨ, ਆਰਸੀਐਮਪੀ ਦੇ ਤਫ਼ਤੀਸ਼ਕਾਰਾਂ ਨੇ ਉਨਾਂ ਵਿੱਤੀ ਪ੍ਰਬੰਧਕਾਂ ਦਾ ਵੀ ਪਰਦਾਫਾਸ਼ ਕੀਤਾ ਹੈ, ਜਿਨ੍ਹਾਂ ਨੇ ਕੈਨੇਡਾ ਦੇ ਅੰਦਰ ਅਤੇ ਵਿਦੇਸ਼ੀ ਧਰਤੀ ਤੇ ਕੀਤੇ ਜਾ ਜੁਰਮਾਂ ਵਿੱਚ ਮਦਦ ਕੀਤੀ ਸੀ ‌।

ਬਰੈਂਪਟਨ ਦੀ ਅਦਾਲਤ ਵਿਖੇ ਅਭਿਨਵ ਵੇਕਟਰ ਦੀ ਪੇਸ਼ੀ 18 ਜਨਵਰੀ, 2021 ਦੀ ਪਈ ਹੈ । ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕੈਨੇਡੀਅਨ ਲੋਕਾਂ ਨੂੰ ਸੀਆਰਏ , ਬੈਂਕ ਜਾਂਚਕਰਤਾ ਜਾਂ ਆਰਸੀਐਮਪੀ ਦੇ ਨਕਲੀ ਅਫਸਰ ਬਣਕੇ ਫੋਨਾਂ ਜਰਿਏ ਠੱਗਣ ਦਾ ਸਿਲਸਿਲਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜੋਕਿ ਹਾਲੇ ਵੀ ਰੁੱਕਣ ਦਾ ਨਾਮ ਨਹੀਂ ਲੈ ਰਿਹਾ ।

ਕੁਲਤਰਨ ਸਿੰਘ ਪਧਿਆਣਾ