ਗੋਦਾਮਾਂ ਨੂੰ ਘੇਰੇ ਜਾਣ ਤੋਂ ਬਾਅਦ ਅਡਾਨੀ ਗਰੁੱਪ ਵੱਲੋਂ ਟਵਿੱਟਰ ਰਾਹੀਂ ਸਫਾਈ

9 ਦਿਸੰਬਰ 2020 ਦੇ Indian Express ਵਿਚ ਛਪੀ ਇੱਕ ਖਬਰ ਅਨੁਸਾਰ ਕਿਸਾਨ ਸੰਘਰਸ਼ ਦੌਰਾਨ ਪੰਜਾਬ ਵਿਚ ਅਡਾਨੀ ਗਰੁੱਪ ਦੇ ਗੋਦਾਮਾਂ ਨੂੰ ਘੇਰੇ ਜਾਣ ਤੋਂ ਬਾਅਦ ਅਡਾਨੀ ਗਰੁੱਪ ਵੱਲੋਂ ਟਵਿੱਟਰ ਰਾਹੀਂ ਸਫਾਈ ਦਿੱਤੀ ਗਈ ਹੈ ਕਿ ਉਹਨਾਂ ਦਾ ਗਰੁੱਪ ਖੇਤੀ ਜਿਨਸਾਂ ਅਤੇ ਅਨਾਜ ਦਾ ਵਪਾਰ ਨਹੀਂ ਕਰਦਾ, ਉਹ ਤਾਂ ਸਿਰਫ FCI ਤੋਂ ਕੁਝ ਫੀਸ ਲੈ ਕੇ ਉਸ ਵੱਲੋਂ ਕਿਸਾਨਾਂ ਤੋਂ ਖਰੀਦੇ ਅਨਾਜ ਦੀ ਆਪਣੇ ਗੁਦਾਮਾਂ ਵਿਚ ਸਾਂਭ ਸੰਭਾਈ ਕਰਦਾ ਹੈ | ਅਡਾਨੀ ਗਰੁੱਪ ਦੇ ਬੁਲਾਰੇ ਨੇਂ ਅੱਗੇ ਚੱਲ ਕੇ ਕਿਹਾ ਕਿ ਜਿਣਸਾਂ ਕਿੰਨੀਆਂ ਸਟੋਰ ਕੀਤੀਆਂ ਜਾਣੀਆਂ ਹਨ ਜਾਂ ਕਿਸ ਕੀਮਤ ਤੇ ਖਰੀਦੀਆਂ ਜਾਣੀਆਂ ਹਨ ਇਹ FCI ਹੀ ਤਹਿ ਕਰਦੀ ਹੈ|

FCI ਜਿਸ ਅਨਾਜ ਦਾ ਭੰਡਾਰ ਕਰ ਰਹੀ ਹੈ ਉਹ ਅਸਲ ਵਿਚ ਸਰਕਾਰੀ ਖਰੀਦ ਵਾਲਾ ਹੈ ਅਤੇ ਮੁਖ ਰੂਪ ਵਿਚ ਜਨਤਕ ਵੰਡ ਪ੍ਰਣਾਲੀ ਲਈ ਵਰਤਿਆ ਜਾਂਦਾ ਹੈ ਜਾਂ ਫਿਰ ਉੱਚ ਮੁਨਾਫ਼ੇਦਾਰ ਖਾਧ ਪਦਾਰਥ ਤਿਆਰ ਕਰਨ ਲਈ ਅਡਾਨੀ ਵਰਗੇ ਵੱਡੇ ਕਾਰਪੋਰੇਟਾਂ ਨੂੰ ਵੇਚਿਆ ਜਾਂਦਾ ਹੈ | ਨਵੇਂ ਖੇਤੀ ਕਾਨੂੰਨਾਂ ਤਹਿਤ ਅਨਾਜ ਦੀ ਸਰਕਾਰੀ ਖਰੀਦ ਘਟਾਉਂਦੇ ਘਟਾਉਂਦੇ ਅੰਤ ਨੂੰ ਬੰਦ ਕੀਤੀ ਜਾਣੀ ਹੈ | ਇਸੇ ਤਰਾਂ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਅਨੁਸਾਰ ਜਨਤਕ ਵੰਡ ਪ੍ਰਣਾਲੀ ਨੂੰ ਵੀ ਨੂੰ ਵੀ ਛਾਂਗਕੇ ਅੰਤ ਇਸ ਦਾ ਭੋਗ ਪਾ ਦੇਣਾ ਹੈ |

ਅਡਾਨੀ ਗਰੁੱਪ ਦੀ ਇੱਕ ਕੰਪਨੀ ਵਿਦੇਸ਼ੀ ਭਾਈਵਾਲੀ ਨਾਲ ਖਾਣ ਵਾਲੇ ਤੇਲ ਤਿਆਰ ਕਰਦੀ ਹੈ | ਇਹ ਬਾਜ਼ਾਰ ਵਿਚੋਂ ਸੋਇਆ, ਸੂਰਜਮੁਖੀ , ਸਰੋਂ, ਚੌਲਾਂ ਦਾ ਛਿਲਕਾ, ਵੜੇਵੇਂ, ਮੂੰਗਫਲੀ ਖਰੀਦਦੀ ਹੈ ਅਤੇ ਇਹਨਾਂ ਦੇ ਤੇਲ ਕੱਢ ਕੇ ਫਾਰਚੂਨ (FORTUNE) ਬ੍ਰਾਂਡ ਹੇਠ ਵੇਚਦੀ ਹੈ| ਹੁਣ ਇਸ ਨੇਂ ਬਾਸਮਤੀ ਚੌਲ , ਬੇਸਨ ਅਤੇ ਕਣਕ ਦਾ ਆਟਾ ਵੀ ਵੇਚਣਾ ਸ਼ੁਰੂ ਕਰ ਦਿੱਤਾ ਹੈ | ਇਸ ਲਈ ਇਸ ਗਰੁੱਪ ਦਾ ਖੇਤੀ ਜਿਨਸਾਂ ਦੇ ਵਪਾਰ ਅਤੇ ਕੀਮਤਾਂ ਨਾਲ ਕੋਈ ਲਾਗਾ ਦੇਗਾ ਨਾਂ ਹੋਣ ਦੀ ਗੱਲ ਕੋਰਾ ਝੂਠ ਹੈ |

(ਨਰਿੰਦਰ ਕੁਮਾਰ ਜੀਤ ਦੀ ਲਿਖਤ ‘ਚੋਂ)