Breaking News
Home / ਸਾਹਿਤ / ਆਖਰ ਇਹ ਜਥੇਦਾਰ ਵੀ ਖਾਲਸਾ ਪੰਥ ਦਾ ਸਰਬਸਾਂਝਾ ਨਾ ਬਣ ਸਕਿਆ

ਆਖਰ ਇਹ ਜਥੇਦਾਰ ਵੀ ਖਾਲਸਾ ਪੰਥ ਦਾ ਸਰਬਸਾਂਝਾ ਨਾ ਬਣ ਸਕਿਆ

ਇਕ ਸਵਾਲ : ਜਥੇਦਾਰ ਸਾਹਿਬ ਦੀ ਤਕਰੀਰ ਦੇ ਡੂੰਘੇ ਅਰਥ ਕੀ ਹਨ?
ਕਰਮਜੀਤ ਸਿੰਘ,99150-91063

ਮੀਰੀ-ਪੀਰੀ ਦੇ ਸ਼ਹਿਨਸ਼ਾਹ ਦੇ ਤਖਤ `ਤੇ ਸ਼ਸ਼ੋਭਿਤ ਜਥੇਦਾਰ ਸਾਹਿਬ ਨੇ ਆਪਣੀ ਤਕਰੀਰ ਰਾਹੀਂ ਖਿੰਡੇ ਹੋਏ ਖਾਲਸਾ ਪੰਥ ਦੀ ਝੋਲੀ ਨੂੰ ਡੂੰਘੀਆਂ ਉਦਾਸੀਆਂ ਨਾਲ ਭਰ ਦਿੱਤਾ ਹੈ।

ਮੰਗਲਵਾਰ ਵਾਲੇ ਦਿਨ ਜਦੋਂ ਭਾਈ ਹਰਪ੍ਰੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ `ਤੇ ਪੰਥ ਨੂੰ ਮੁਖਾਤਿਬ ਹੋ ਰਹੇ ਸਨ ਤਾਂ ਕਿਸੇ ਨੂੰ ਸੁਪਨੇ ਵਿਚ ਵੀ ਇਹ ਚਿੱਤ-ਚੇਤਾ ਨਹੀਂ ਸੀ ਕਿ ਆਪਣੇ ਆਪ ਨੂੰ ‘ਆਜ਼ਾਦ` ਕਹਿਣ ਵਾਲੇ ਜਥੇਦਾਰ ਸਾਹਿਬ ਇਕ ਅਜਿਹੀ ਧਿਰ ਨਾਲ ਜਾ ਖਲੋਣਗੇ ਜੋ ਪੰਥ ਵਿਚ ਆਪਣੀ ਡਿੱਗੀ ਹੋਈ ਸਾਖ ਨੂੰ ਮੁੜ ਬਹਾਲ ਕਰਨ ਲਈ ਕਿਨੇ ਚਿਰਾਂ ਤੋਂ ਤਰਲੇ ਮਿੰਨਤਾਂ ਕਰ ਰਹੇ ਸਨ। ਉਹ ਧਿਰ ਦਰਅਸਲ ਕਿਸੇ ਵੱਡੇ ਮੋਢੇ ਦੀ ਤਲਾਸ਼ ਕਰ ਰਹੀ ਸੀ, ਜਿਸ ਦੀ ਵਰਤੋਂ ਕਰਕੇ ਉਹ ਗੁੱਸੇ, ਰੋਸ ਅਤੇ ਰੋਹ ਵਿਚ ਆਏ ਖਾਲਸਾ ਪੰਥ ਦੇ ਦਿਲਾਂ ਵਿਚ ਮੁੜ ਆਪਣੀ ਥਾਂ ਬਣਾ ਸਕਣ। ਉਹ ਕਿੰਨੇ ਚਿਰ ਤੋਂ ਹਨੇਰਿਆਂ ਵਿਚ ਭਟਕ ਰਹੇ ਸਨ ਅਤੇ ਇਸ ਭਟਕਣਾਂ ਦਾ ਆਲਮ ਖਤਮ ਹੋਣ ਵਿਚ ਹੀ ਨਹੀਂ ਸੀ ਆ ਰਿਹਾ। ਐਨ ਉਸੇ ਸਮੇੇਂ ਭਾਈ ਹਰਪ੍ਰੀਤ ਸਿੰਘ ਨੇ ਉਸ ਧਿਰ ਦੀ ਬਾਂਹ ਫੜ ਕੇ ਇਹ ਸਿੱਧ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ ਕਿ ਸਿਰਫ ਉਸੇ ਧਿਰ ਦੇ ਪ੍ਰਛਾਵੇਂ ਵਿਚ ਰਹਿ ਕੇ ਹੀ ‘ਸਰਬਸਾਂਝਾ` ਹੋਇਆ ਜਾ ਸਕਦਾ ਹੈ, ਉਸੇ ਧਿਰ ਦੀ ਹਾਂ ਵਿਚ ਹਾਂ ਮਿਲਾ ਕੇ ਹੀ ਪੰਥ ਵਿਚ ‘ਏਕਤਾ` ਹੋ ਸਕਦੀ ਹੈ, ਉਸੇ ਧਿਰ ਨਾਲ ਰਹਿ ਕੇ ਹੀ ਸਿੱਖਾਂ ਦੀ ਇਹ ਮਿੰਨੀ ਪਾਰਲੀਮੈਂਟ ‘ਪਿਓ-ਪੁੱਤ` ਦਾ ਰਿਸ਼ਤਾ ਕਾਇਮ ਰੱਖ ਸਕਦੀ ਹੈ। ਜਥੇਦਾਰ ਸਾਹਿਬ ਦੇ ਬੋਲਾਂ ਵਿਚ ਤਪਸ਼ ਸੀ ਪਰ ਚਾਨਣ ਨਹੀਂ।

ਵੈਸੇ ਮੰਗਲਵਾਰ ਵਾਲੇ ਦਿਨ ਜਥੇਦਾਰ ਸਾਹਿਬ ਦੀ ਬਾਡੀ-ਲੈਂਗਵੇਜ ਦੇ ਜੋਸ਼ ਦੀਆਂ ਕਈ ਪਰਤਾਂ ਨੂੰ ਡੀਕੋਡ ਕਰਨ ਲਈ ਮਨੋਵਿਗਿਆਨੀਆਂ ਅਤੇ ਮਾਹਰਾਂ ਦੀ ਲੋੜ ਪਵੇਗੀ। ਬਾਡੀ-ਲੈਂਗੇਵੇਜ ਵਿਚ ਜਥੇਦਾਰ ਸਾਹਿਬ ਦੇ ਸ਼ਬਦ ਜਾਂ ਵਾਕਾਂ ਵਿਚ ਨਹੀਂ ਜਾਣਾ ਹੁੰਦਾ, ਸਗੋਂ ਸਮੁੱਚੇ ਜਿਸਮ ਦੇ ਹਾਵ ਭਾਵ, ਚਿਹਰੇ ਦੇ ਚੜ੍ਹਦੇ-ਲਹਿੰਦੇ ਰੰਗ, ਅੰਦਾਜ਼ੇ-ਬਿਆਨ, ਇਸ਼ਾਰੇ, ਅੱਖਾਂ ਦੀ ਹਰਕਤ ਕੁੱਝ ਇਸ ਤਰ੍ਹਾਂ ਦੀ ਸੀ ਕਿ ਇਹ ਪਰਵਾਜ਼ ‘ਆਪਣੇ ਤੋਂ ਆਪਣੇ` ਤੱਕ ਹੀ ਲੱਗਦੀ ਸੀ।

ਦਿਲਚਸਪ ਹਕੀਕਤ ਇਹ ਹੈ ਕਿ ਹਮਦਰਦ ਸੰਗਤਾਂ ਦਾ ਇਕ ਹਿੱਸਾ ਹੁਣ ਇਹ ਪਛਤਾਵਾ ਕਰ ਸਕਦਾ ਹੈ ਕਿ ‘ਐਵੇਂ ਮੈਂ ਨਾਮੁਰਾਦ ਨੂੰ ਆਪਣਾ ਮਹਿਰਮ` ਬਣਾ ਲਿਆ। ਇਕ ਹੋਰ ਪਾਸੇ ਤੋਂ ਪੱਤਰਕਾਰਾਂ ਦੀ ਮਹਿਫਲ ਵਿਚ ਇਹ ਸ਼ੇਅਰ ਸੁਣਿਆ ਗਿਆ ਕਿ :
ਜ਼ਿਕਰ ਨਾ ਕਰ ਇਸ਼ਕ ਦੀ ਤਹਿਜ਼ੀਬ ਦਾ
ਦਿਲ `ਚ ਤੇਰੇ ਧੜਕਦਾ ਸੀ ਲਾਭ-ਹਾਣ।

ਆਖਿਰ ਇਸ ਭਾਸ਼ਣ ਦੇ ਡੂੰਘੇ ਅਰਥ ਕੀ ਹੋ ਸਕਦੇ ਹਨ? ਜਥੇਦਾਰ ਸਾਹਿਬ ਨੇ ਜਦੋਂ ਤੋਂ ਜਥੇਦਾਰ ਦਾ ਅਹੁਦਾ ਸੰਭਾਲਿਆ, ਉਹ ਅਜਿਹੀਆਂ ਗੱਲਾਂ ਕਰਦੇ ਰਹੇ, ਅਜਿਹੇ ਬਿਆਨ ਦਿੰਦੇ ਰਹੇ, ਕਈ ਵਾਰ ਤੱਤੀਆਂ ਗੱਲਾਂ ਦੀ ਲੁਕਵੀਂ-ਅਲੁਕਵੀਂ ਤੇ ਪ੍ਰਤੱਖ ਸਾਂਝ ਵੀ ਪਾਉਂਦੇ ਰਹੇ ਅਤੇ ਕਈ ਵਾਰ ਖਾਲਿਸਤਾਨ ਵੀ ਉਨ੍ਹਾਂ ਨੂੰ ਚੰਗਾ-ਚੰਗਾ ਲੱਗਦਾ ਰਿਹਾ ਅਤੇ ਕਈ ਵਾਰ ਇਹ ਖੂਬਸੂਰਤ ਭਰਮ ਨੂੰ ਵੀ ਸੰਗਤਾਂ ਅੰਦਰ ਜਵਾਨ ਕਰਦੇ ਰਹੇ ਕਿ ਇਹ ਜਥੇਦਾਰ ‘ਪੁੱਤ` ਦੇ ਕਾਰਨਾਮਿਆਂ ਨੂੰ ਇਕ ਦਿਨ ਕਟਹਿਰੇ ਵਿਚ ਖੜ੍ਹਾ ਕਰਕੇ ਅਕਾਲੀ ਫੂਲਾ ਸਿੰਘ ਦੀ ਯਾਦ ਨੂੰ ਸਜਰੀ ਸਵੇਰ ਵਾਂਗੂੰ ਤਾਜ਼ਾ ਕਰਕੇ ਇਕ ਨਵਾਂ ਇਤਿਹਾਸ ਸਿਰਜੇਗਾ। ਪਰ ਮੰਗਲਵਾਰ ਨੂੰ ਮੰਜੀ ਸਾਹਿਬ ਦੇ ਇਤਿਹਾਸਕ ਹਾਲ ਵਿਚ ਇਤਿਹਾਸ ਨੇ ਉਲਟੀ ਬਾਜ਼ੀ ਮਾਰ ਕੇ ਇਹ ਸੁਨੇਹਾ ਦਿੱਤਾ ਕਿ ਭਾਈ ਹਰਪ੍ਰੀਤ ਸਿੰਘ ‘ਓਸ ਹਾਕਮ` ਦੀ ਨਿਸ਼ਾਨਦੇਹੀ ਨਹੀਂ ਕਰਨਗੇ ਜਿਸ ਨੇ ਗੁਰੂ ਦੇ ਸ਼ਬਦ ਪੜ੍ਹਦੀ ਸੰਗਤ `ਤੇ ਗੋਲੀ ਚਲਾਉਣ ਦਾ ਹੁਕਮ ਜਾਰੀ ਕੀਤਾ ਸੀ।

ਜਥੇਦਾਰ ਸਾਹਿਬ ਨੇ ਜਿਸ ਸੰਸਥਾ ਨੂੰ ਹੁਣ ਪੁੱਤ ਦੇ ਰੁਤਬੇ ਨਾਲ ਨਿਵਾਜਿਆ ਹੈ, ਕੀ ਉਹ ਨਹੀਂ ਜਾਣਦੇ ਕਿ ਇਤਿਹਾਸ ਦੇ ਇਕ ਦੌਰ ਵਿਚ ਉਹ ਸੰਸਥਾ ਪੁੱਤ ਦੀ ਥਾਂ ‘ਪਿਓ` ਬਣ ਗਈ ਸੀ। ਆਪੂੰ ਬਣੇ ‘ਇਸ ਪਿਓ` ਨੇ ਹੀ ਤਾਂ ਸਿਰਸੇ ਦੇ ਰਾਮ ਰਹੀਮ ਨੂੰ ਮੁਆਫੀ ਦਿਵਾਉਣ ਲਈ ਸਿੰਘ ਸਾਹਿਬਾਨ ਨੂੰ ਚੰਡੀਗੜ੍ਹ ਵਿਖੇ ਆਪਣੀ ਕੋਠੀ ਵਿਚ ਤਲਬ ਕੀਤਾ ਸੀ। ਇਹ ਸੱਚ ਇਕ ਸਿੰਘ ਸਾਹਿਬ ਗੁਰਮੁੱਖ ਸਿੰਘ ਨੇ ਖੁਦ ਚੰਡੀਗੜ੍ਹ ਸਥਿਤ ਮੇਰੇ ਘਰ ਵਿਚ ਆ ਕੇ ਬਿਆਨ ਕੀਤਾ ਸੀ। ਇਹ ਗੱਲ ਵੀ ਸਾਰਾ ਜੱਗ ਜਾਣਦਾ ਹੈ ਕਿ ਪੰਥ ਦੇ ਖਜ਼ਾਨੇ ਵਿਚੋਂ ਇਕ ਕਰੋੜ ਰੁਪਇਆ ਖਰਚ ਕਰਕੇ ਇਹ ਮੁਆਫੀ ਦਿਵਾਈ ਗਈ। ਕੀ ਉਸ ਦੌਰ ਦੀ ਜਾਂਚ ਦਾ ਜ਼ਿਕਰ ਸਥਾਪਨਾ ਦਿਵਸ `ਤੇ ਨਹੀਂ ਸੀ ਹੋਣਾ ਚਾਹੀਦਾ? ਕੀ ਉਹ ਇਸ ਬਦਨਾਮ ਹਕੀਕਤ ਤੋਂ ਅਣਜਾਣ ਹਨ ਕਿ ਸਭ ਜਥੇਦਾਰ ਇਸ ‘ਪਿਓ` ਦੇ ਲਿਫਾਫੇ ਵਿਚੋਂ ਨਿਕਲ ਕੇ ਸ਼੍ਰੋਮਣੀ ਕਮੇਟੀ ਤੱਕ ਪਹੁੰਚਦੇ ਹਨ ਅਤੇ ਫਿਰ ਅਮਲ ਵਿਚ ਉਤਰਦੇ ਹਨ।

100 ਸਾਲਾਂ ਦੇ ਇਨ੍ਹਾਂ ਜਸ਼ਨਾਂ ਵਿਚ ਉਨ੍ਹਾਂ ਉਦਾਸ ਸ਼ਾਮਾਂ ਦਾ ਜ਼ਿਕਰ ਕਰਨ ਲਈ ਸਿੰਘ ਸਾਹਿਬ ਸੰਜੀਦਾ ਅਤੇ ਨਿਰਪੱਖ ਧਾਰਮਿਕ ਹਸਤੀਆਂ ਦੇ ਆਧਾਰ `ਤੇ ਕੋਈ ਕਮਿਸ਼ਨ ਕਾਇਮ ਕਰਨ ਦਾ ਐਲਾਨ ਕਰ ਸਕਦੇ ਸਨ, ਪਰ ਮੰਗਲਵਾਰ ਨੂੰ ਉਹ ਨੁਕਤਾ-ਨਜ਼ਰ ਹੀ ਗਾਇਬ ਹੋ ਗਿਆ। ਹੁਣ ਹਾਲਤ ਇਥੋਂ ਤੱਕ ਪਹੁੰਚ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਰੋਸ ਪ੍ਰਗਟ ਕਰਨ ਵਾਲਿਆਂ ਨੂੰ ‘ਸਬਕ` ਸਿਖਾਉਣ ਲਈ ਸਿੰਘ ਸਾਹਿਬ ‘ਪੁੱਤ` (ਸ਼੍ਰੋਮਣੀ ਅਕਾਲੀ ਦਲ) ਨੂੰ ਆਵਾਜ਼ਾਂ ਮਾਰ ਰਹੇ ਹਨ। ਕੀ ਇਹ ਇੱਛਾ, ਰੀਝ ਅਤੇ ਤਮੰਨਾ ਖਾਨਾਜੰਗੀ ਵੱਲ ਲੈ ਕੇ ਨਹੀਂ ਜਾਏਗੀ? ਜਦਕਿ ਦੁਨੀਆਂ ਜਾਣਦੀ ਹੈ ਕਿ ਹਾਲ ਵਿਚ ਹੀ ਪੁੱਤ ਦੀਆਂ ਟੁੱਟੀਆਂ ਸਾਂਝਾਂ ਜਿਸ ਧਿਰ ਨਾਲ ਕਈ ਸਾਲ ‘ਪਤਨੀ` ਬਣ ਕੇ ਰਹੀਆਂ ਹਨ, ਉਸ ਧਿਰ ਦਾ ਸਿੱਖ ਤੇ ਸਿੱਖੀ ਨੂੰ ਖਤਮ ਕਰਨ ਲਈ ਕੀ ਰੋਲ ਰਿਹਾ ਹੈ?

ਸ੍ਰੀ ਅਕਾਲ ਤਖਤ ਸਾਹਿਬ ਹੋਰਨਾਂ ਇਲਾਹੀ ਬਰਕਤਾਂ ਅਤੇ ਤਾਕਤਾਂ ਦੇ ਨਾਲ-ਨਾਲ ਦੁਨਿਆਵੀ ਅਤੇ ਰੂਹਾਨੀ ਡਿਪਲੋਮੇਸੀ ਦਾ ਪਵਿੱਤਰ ਮਰਕਜ਼ ਵੀ ਹੈ, ਖਾਲਸਾ ਪੰਥ ਦਾ ਸਰਸਬਜ਼ ਚਸ਼ਮਾ ਹੈ, ਪਰ ਸਾਡੇ ਇਸ ਜਥੇਦਾਰ ਨੇ ਈ.ਵੀ.ਐਮ. ਮਸ਼ੀਨਾਂ ਬਾਰੇ ਜੋ ਟਿੱਪਣੀ ਕੀਤੀ ਹੈ, ਉਹ ਉਸ ਨੀਵੇਂ ਤੇ ਹਲਕੇ ਦਰਜੇ ਦੀ ਸਿਆਸਤ ਦਾ ਹਿੱਸਾ ਬਣ ਗਈ ਹੈ, ਜਿਸ ਵਿਚ ਰਾਜਸੀ ਪਾਰਟੀਆਂ ਅਕਸਰ ਹੀ ਇਕ ਦੂਜੇ `ਤੇ ਇਲਜ਼ਾਮ ਤਰਾਸ਼ੀ ਕਰਦੀਆਂ ਰਹਿੰਦੀਆਂ ਹਨ। ਜਥੇਦਾਰ ਸਾਹਿਬ ਲਾਪਤਾ ਸਰੂਪਾਂ ਲਈ ਤਾਂ ਸਬੂਤ ਮੰਗਦੇ ਹਨ ਪਰ ਕੀ ਈਵੀਐਮ ਮਸ਼ੀਨਾਂ ਵਿੱਚ ਹੇਰਾ ਫੇਰੀ ਦੇ ਸਬੂਤ ਉਨ੍ਹਾਂ ਨੂੰ ਮਿਲ ਗਏ ਹਨ।ਕੀ ਜਥੇਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਮਾਇਤ ਕਰਦਿਆਂ ਅਸਿੱਧੇ ਤੌਰ `ਤੇ ਹੁਣ ਇਹ ਇਸ਼ਾਰਾ ਕਰ ਰਹੇ ਹਨ ਕਿ ਇਸ ਪਾਰਟੀ ਨੂੰ ਵੀ ਈ.ਵੀ.ਐਮ. ਮਸ਼ੀਨਾਂ ਦੀ ਹੇਰਾਫੇਰੀ ਕਰਕੇ ਹੀ ਅਸੈਂਬਲੀ ਚੋਣਾਂ ਵਿਚ ਵੱਡੀ ਅਤੇ ਇਤਿਹਾਸਕ ਹਾਰ ਦੀ ਨਮੋਸ਼ੀ ਝਲਣੀ ਪਈ?

ਸਿੱਖ ਕੌਮ ਤੇ ਹੋਰ ਘੱਟ ਗਿਣਤੀਆਂ ਦੀ ਹੋਣ ਵਾਲੀ ਸਭਿਆਚਾਰਕ ਨਸਲਕੁਸ਼ੀ (cultural genocide)ਬਾਰੇ ਭਾਜਪਾ ਅਤੇ ਆਰ.ਐਸ.ਐਸ. ਵੱਲੋਂ ਕੀਤੀਆਂ ਜਾ ਰਹੀਆਂ ਗੁਪਤ ਅਤੇ ਪ੍ਰਤੱਖ ਸਾਜਿਸ਼ਾਂ ਅਤੇ ਤਿਆਰੀਆਂ ਵੱਲ ਜੇ ਉਹ ਰਤਾ ਵੀ ਧਿਆਨ ਦਿਵਾਉਂਦੇ ਜਾਂ ਇਸ਼ਾਰਾ ਮਾਤਰ ਹੀ ਕਰਦੇ ਤਾਂ ਪੰਥ ਨੂੰ ਇਹ ਸਪੱਸ਼ਟ ਹੋ ਜਾਣਾ ਸੀ ਕਿ ਇਸ ਜਥੇਦਾਰ ਨੂੰ ਅਕਾਲ ਤਖਤ ਦੇ ਸਿਰਜਣਹਾਰ ਗੁਰੂ ਹਰਗੋਬਿੰਦ ਸਾਹਿਬ ਦੀ ਅਸੀਸ ਅਤੇ ਬਖਸ਼ੀਸ਼ ਹਾਸਲ ਹੈ।

ਵੈਸੇ ਸਿੱਖ ਇਤਿਹਾਸ ਅਜੇ ਵੀ ਉਸ ਜਥੇਦਾਰ ਦਾ ਇੰਤਜ਼ਾਰ ਕਰ ਰਿਹਾ ਹੈ, ਜਿਸ ਦੀ ਯਾਦਾਂ ਵਿਚ ਅਕਾਲੀ ਫੂਲਾ ਸਿੰਘ ਅੰਮ੍ਰਿਤ ਵੇਲੇ ਦੀ ਪਵਿੱਤਰ ਸਵੇਰ ਵਾਂਗ ਜਿਉਂਦੇ ਤੇ ਜਾਗਦੇ ਹਨ।

ਸਿੰਘ ਸਾਹਿਬ ਨੂੰ ਆਪਣੀ ਤਕਰੀਰ ਦਾ ਮੁੜ ਰਿਵਿਊ ਕਰਨ ਦੀ ਇਤਿਹਾਸਕ ਲੋੜ ਹੈ। ਉਨ੍ਹਾਂ ਨੂੰ ਆਪਣੇ ਦੋਸਤਾਂ, ਹਮਦਰਦਾਂ, ਨਜ਼ਦੀਕੀਆਂ ਤੇ ਨਿਰਪੱਖ ਹਸਤੀਆਂ ਕੋਲੋਂ ਵੀ ਆਪਣੇ ਭਾਸ਼ਣ ਬਾਰੇ ਫੀਡਬੈਕ ਲੈਣੀ ਚਾਹੀਦੀ ਹੈ, ਕਿਉਂਕਿ ਇਹ ਤਕਰੀਰ ਕਿਸੇ ਵੀ ਤਰ੍ਹਾਂ ਉਨ੍ਹਾਂ ਪੁਜੀਸ਼ਨਾਂ ਅਤੇ ਇਰਾਦਿਆਂ ਨਾਲ ਮੇਲ ਨਹੀਂ ਖਾਂਦੀ, ਜੋ ਉਹ ਅਹੁਦਾ ਸੰਭਾਲਣ ਦੇ ਸਮੇਂ ਤੋਂ ਹੁਣ ਤੱਕ ਪ੍ਰਗਟ ਕਰਦੇ ਰਹੇ ਹਨ। ਇਤਿਹਾਸ ਉਨ੍ਹਾਂ ਪਲਾਂ ਦਾ ਇੰਤਜ਼ਾਰ ਕਰ ਰਿਹਾ ਹੈ।

About admin

%d bloggers like this: