ਆਸਟ੍ਰੇਲੀਆ ‘ਚ ਭਾਰਤੀ ਪਰਿਵਾਰ ਦੇ 75,600 ਹਜ਼ਾਰ ਡਾਲਰ ਦੇ ਗਹਿਣੇ ਚੋਰੀ

ਮੈਲਬੌਰਨ, 10 ਨਵੰਬਰ -ਭਾਰਤੀ ਪਰਿਵਾਰ ਦੇ ਘਰ ‘ਚੋਂ ਚੋਰ 75,600 ਹਜ਼ਾਰ ਡਾਲਰ ਦੇ ਗਹਿਣੇ ਚੋਰੀ ਕਰਕੇ ਲੈ ਗਏ। ਲਿਵਦਿਤਾ ਅਤੇ ਅਭਿਸ਼ੇਕ ਜੋ ਕਿ ਦੋਵੇਂ ਮੀਆਂ-ਬੀਬੀ ਪੇਸ਼ੇ ਵਜੋਂ ਡਾਕਟਰ ਹਨ। ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਵਿਆਹ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ, ਉਹ ਆਪਣੇ ਕੰਮਾਂ ‘ਤੇ ਸਨ ਅਤੇ ਜਦੋਂ ਘਰ ਪਰਤੇ ਤਾਂ ਇਸ ਬਾਰੇ ਪਤਾ ਚੱਲਿਆ।

ਉਨ੍ਹਾਂ ਦੱਸਿਆ ਕਿ ਕੀਮਤੀ ਮਹਿੰਗੇ ਗਹਿਣਿਆਂ ਤੋਂ ਇਲਾਵਾ ਕੁਝ ਜ਼ਰੂਰੀ ਕਾਗਜ਼ਾਤ ਵੀ ਸਨ, ਜੋ ਚੋਰੀ ਹੋ ਗਏ ਹਨ। ਵਿਕਟੋਰੀਆ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਅਣਪਛਾਤੇ ਵਿਅਕਤੀਆਂ ਨੇ ਘਰ ‘ਚ ਦਾਖਲਾ ਲਿਆ। ਉਹ ਘਰ ਦੇ ਪਿਛਲੇ ਪਾਸੇ ਤੋਂ ਦਾਖ਼ਲ ਹੋਏ ਸਨ। ਇਸ ਸਬੰਧੀ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਸ ਦੀ ਜਾਂਚ ਜਾਰੀ ਹੈ।

ਪੰਜਾਬੀ ਨੌਜਵਾਨ ਨੇ ਜਿੱਤਿਆ ਵਾਲੀਬਾਲ ‘ਚ ਕਾਂਸੀ ਦਾ ਤਗਮਾ

ਬ੍ਰਿਸਬੇਨ, 10 ਨਵੰਬਰ -ਆਸਟ੍ਰੇਲੀਆ ਦੇ ਪ੍ਰਾਂਤ ਕੁਇਨਸਲੈਂਡ ‘ਚ ਕੁਇਨਸਲੈਂਡ ਸਟੇਟ ਵਾਲੀਬਾਲ ਚੈਪੀਅਨਸ਼ਿਪ ਕਰਵਾਈ ਗਈ। ਇਸ ਟੂਰਨਾਮੈਂਟ ‘ਚ ਮੁੰਡਿਆਂ ਦੀਆਂ 24 ਅਤੇ ਕੁੜੀਆਂ ਦੀਆਂ 22 ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ‘ਚ ਪੰਜਾਬੀ ਨੌਜਵਾਨਾਂ ਰਾਜੀਤ ਸਿੰਘ, ਹਰਤੇਜਪਾਲ ਸਿੰਘ, ਜਗਦੀਪ ਸਿੰਘ ਭਿੰਡਰ, ਗਗਨਦੀਪ ਸਿੰਘ, ਸੁਖਚੈਨ ਸਿੰਘ, ਗੁਰਦੀਪ ਸਿੰਘ, ਜੋਬਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਟੀਮ ਨੇ ਹਿੱਸਾ ਲਿਆ ਅਤੇ ਸਖ਼ਤ ਮੁਕਾਬਲੇ ‘ਚ ਕਾਂਸੀ ਦਾ ਤਗਮਾ ਜਿੱਤ ਕੇ ਭਾਈਚਾਰੇ ਦਾ ਨਾਂਅ ਉੱਚਾ ਕੀਤਾ।