ਭਾਰਤ ਵਿੱਚ ਅੱਧੀ ਅਬਾਦੀ ਨੂੰ ਫਰਵਰੀ ਤੱਕ ਕਰੋਨਾ ਦੀ ਲਾਗ ਲੱਗਣ ਦਾ ਖ਼ਦਸ਼ਾ

ਭਾਰਤ ਦੀ ਅੱਧੀ ਅਬਾਦੀ ਨੂੰ ਅਗਲੇ ਸਾਲ ਫਰਵਰੀ ਤੱਕ ਕਰੋਨਾਵਾਇਰਸ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਊਂਜ ਸਰਕਾਰੀ ਕਮੇਟੀ ਦੇ ਮੈਂਬਰ ਮੁਤਾਬਕ ਇਸ ਨਾਲ ਮਰਜ਼ ਫੈਲਣ ਦੀ ਦਰ ’ਚ ਕਮੀ ਆਊਣ ’ਚ ਸਹਾਇਤਾ ਮਿਲੇਗੀ। ਇੰਡੀਅਨ ਇੰਸਟੀਚਿਊਟ ਫਾਰ ਟੈਕਨਾਲੋਜੀ ਕਾਨਪੁਰ ਦੇ ਪ੍ਰੋਫੈਸਰ ਅਤੇ ਕਮੇਟੀ ਮੈਂਬਰ ਮਨਿੰਦਰ ਅਗਰਵਾਲ ਨੇ ਰਾਇਟਰਜ਼ ਨੂੰ ਦੱਸਿਆ ਕਿ ਅੰਦਾਜ਼ਿਆਂ ਮੁਤਾਬਕ ਹੁਣ ਤੱਕ ਮੁਲਕ ਦੀ ਕਰੀਬ 30 ਫ਼ੀਸਦੀ ਅਬਾਦੀ ਕਰੋਨਾ ਤੋਂ ਪ੍ਰਭਾਵਿਤ ਹੈ ਅਤੇ ਇਹ ਅੰਕੜਾ ਫਰਵਰੀ ਤੱਕ 50 ਫ਼ੀਸਦੀ ਹੋ ਸਕਦਾ ਹੈ। ਕਮੇਟੀ ਦੇ ਅਨੁਮਾਨ ਸਰਕਾਰ ਵੱਲੋਂ ਕਰਵਾਏ ਗਏ ਸੀਰੋ ਸਰਵੇਖਣਾਂ ਨਾਲ ਮੇਲ ਨਹੀਂ ਖਾਂਦੇ ਹਨ ਜਿਨ੍ਹਾਂ ’ਚ ਦੱਸਿਆ ਗਿਆ ਹੈ ਕਿ ਸਤੰਬਰ ਤੱਕ ਸਿਰਫ਼ 14 ਫ਼ੀਸਦੀ ਅਬਾਦੀ ਹੀ ਕਰੋਨਾ ਤੋਂ ਪੀੜਤ ਸੀ। ਸ੍ਰੀ ਅਗਰਵਾਲ ਨੇ ਕਿਹਾ ਕਿ ਸੀਰੋ ਸਰਵੇਖਣਾਂ ਦੇ ਨਮੂਨੇ ਬਿਲਕੁਲ ਦਰੁਸਤ ਨਹੀਂ ਹੋ ਸਕਦੇ ਹਨ ਕਿਊਂਕਿ ਊਨ੍ਹਾਂ ਦੇ ਸੈਂਪਲਾਂ ਦੀ ਗਿਣਤੀ ਦਾ ਘੇਰਾ ਬਹੁਤ ਘੱਟ ਸੀ। ਊਂਜ ਕਮੇਟੀ ਦੀ ਐਤਵਾਰ ਨੂੰ ਜਾਰੀ ਰਿਪੋਰਟ ਗਿਣਤੀਆਂ-ਮਿਣਤੀਆਂ ਦੇ ਮਾਡਲ ’ਤੇ ਨਿਰਭਰ ਹੈ। ਊਨ੍ਹਾਂ ਕਿਹਾ,‘‘ਅਸੀਂ ਨਵਾਂ ਮਾਡਲ ਤਿਆਰ ਕੀਤਾ ਹੈ ਅਤੇ ਰਿਪੋਰਟ ਨਾ ਹੋਏ ਕੇਸਾਂ ਨੂੰ ਵੀ ਊਸ ’ਚ ਸ਼ਾਮਲ ਕੀਤਾ ਹੈ। ਇਸ ਲਈ ਪ੍ਰਭਾਵਿਤ ਵਿਅਕਤੀਆਂ ਨੂੰ ਦੋ ਸ਼੍ਰੇਣੀਆਂ ’ਚ ਵੰਡਿਆ ਗਿਆ ਹੈ। ਇਕ ਸਾਹਮਣੇ ਆਏ ਕੇਸ ਅਤੇ ਦੂਜਾ ਜਿਨ੍ਹਾਂ ਦਾ ਪਤਾ ਨਹੀਂ ਲੱਗਾ।’’ ਕਮੇਟੀ ਨੇ ਖ਼ਬਰਦਾਰ ਕੀਤਾ ਹੈ ਕਿ ਜੇਕਰ ਇਹਤਿਆਤ ਨਾ ਵਰਤੀ ਗਈ ਤਾਂ ਊਨ੍ਹਾਂ ਦੇ ਅਨੁਮਾਨ ਗਲਤ ਵੀ ਹੋ ਸਕਦੇ ਹਨ ਅਤੇ ਕਰੋਨਾ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਇਕ ਮਹੀਨੇ ’ਚ 26 ਲੱਖ ਵੀ ਹੋ ਸਕਦੀ ਹੈ। ਮਾਹਿਰਾਂ ਮੁਤਾਬਕ ਮੁਲਕ ’ਚ ਲਾਗ ਦੇ ਕੇਸ ਵੱਧ ਸਕਦੇ ਹਨ ਕਿਊਂਕਿ ਨਵੰਬਰ ਦੇ ਅੱਧ ਤੱਕ ਤਿਊਹਾਰ ਹੋਣਗੇ ਅਤੇ ਜੇਕਰ ਲੋਕਾਂ ਨੇ ਮਾਸਕ ਨਾ ਪਾਏ ਅਤੇ ਸਰੀਰਕ ਦੂਰੀ ਦੇ ਨੇਮਾਂ ਦਾ ਪਾਲਣ ਨਾ ਕੀਤਾ ਤਾਂ ਊਹ ਕਰੋਨਾ ਤੋਂ ਨਹੀਂ ਬਚ ਸਕਣਗੇ।

ਪੰਜਾਬ ’ਚ ਕਰੋਨਾਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ 17 ਹੋਰ ਜਾਨਾਂ ਚਲੀਆਂ ਗਈਆਂ ਹਨ। ਇਸ ਦੇ ਨਾਲ ਹੀ ਸੂਬੇ ’ਚ ਇਸ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 4029 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਅਨੁਸਾਰ 24 ਘੰਟਿਆਂ ’ਚ ਕਰੋਨਾ ਦੇ 473 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 884 ਨੂੰ ਸਿਹਤਯਾਬ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਸੂਬੇ ’ਚ ਹੁਣ ਤੱਕ 23,39,398 ਲੋਕਾਂ ਦੇ ਸੈਂਪਲ ਲਏ ਗਏ ਹਨ।