ਕਨੇਡਾ ਬੈਠੀ ਔਰਤ ਨੇ ਫੇਸਬੁੱਕ ਤੇ ਯਾਰੀ ਲਾ ਕੇ ਠੱਗੇ 38 ਲੱਖ

ਅੰਮਿ੍ਤਸਰ : ਪਰਦੇਸ ਜਾ ਕੇ ਬਿਹਤਰੀਨ ਜ਼ਿੰਦਗੀ ਜਿਊਣ ਦੇ ਸੁਪਨੇ ਸਜਾ ਕੇ ਬੈਠੇ ਨੌਜਵਾਨ ਨਾਲ ਫੇਸਬੁੱਕ ‘ਤੇ ਸਰਗਰਮ ਅਨਸਰਾਂ ਵੱਲੋਂ 38 ਲੱਖ ਰੁਪਏ ਦੇ ਕਰੀਬ ਧੋਖਾਦੇਹੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਇਹ ਕੇਸ ਲੰਘੇ ਵਰ੍ਹੇ ਦਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਥਾਣਾ ਕੰਟੋਨਮੈਂਟ ਨੇ ਮਾਮਲਾ ਦਰਜ ਕੀਤਾ ਹੈ। ਇਸ ਬਾਰੇ ਪੁਸ਼ਟੀ ਥਾਣਾ ਮੁਖੀ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਨੇ ਕੀਤੀ ਹੈ।

ਇਸ ਬਾਰੇ ਜੀਐੱਨਡੀਯੂ ਦੇ ਸੁਰੱਖਿਆ ਵਿਭਾਗ ਵਿਚ ਤਾਇਨਾਤ ਗੁਰਵਿੰਦਰ ਸਿੰਘ ਨਿਵਾਸੀ ਪਿੰਡ ਕਿਆਮਪੁਰ ਤਹਿਸੀਲ ਅਜਨਾਲਾ ਨੇ ਦੱਸਿਆ ਕਿ ਲੰਘੇ ਸਾਲ ਫਰਵਰੀ ਮਹੀਨੇ ਦੌਰਾਨ ਛੋਟੇ ਪੁੱਤਰ ਹਰਕੀਰਤ ਸਿੰਘ ਦਾ ਵਿਦੇਸ਼ੀ ਔਰਤ ਨਾਲ ਸੰਪਰਕ ਹੋਇਆ ਸੀ। ਔਰਤ ਦੇ ਫੇਸਬੁੱਕ ਪੇਜ ‘ਤੇ ਅਕਸਰ ਕੈਨੇਡਾ ਵਰਕ ਪਰਮਿਟ ਵੀਜ਼ੇ ਦਵਾਉਣ ਬਾਰੇ ਪੋਸਟਾਂ ਹੁੰਦੀਆਂ ਸਨ। ਉਸ ਸਮੇਂ ਰਮਾਡਾ ਹੋਟਲ ਹਾਲ ਗੇਟ ਵਿਖੇ ਨੌਕਰੀ ਕਰਦੇ ਉਸ ਦੇ ਪੁੱਤਰ ਗੁਰਸੇਵਕ ਸਿੰਘ ਦਾ ਸੰਪਰਕ ਵਿਦੇਸ਼ੀ ਔਰਤ ਸੈਮਸਨ ਸੈਰੇਨਾ ਸਮਿਥ ਨਾਲ ਹੋਇਆ, ਜਿਹੜੀ ਖ਼ੁਦ ਨੂੰ ਰਮਾਡਾ ਪਲਾਜ਼ਾ ਹੋਟਲ ਟੋਰਾਂਟੋ ਕੈਨੇਡਾ ਦੀ ਐੱਚਆਰ/ਸਹਾਇਕ ਮੈਨੇਜਰ ਦੱਸਦੀ ਸੀ ਉਸ ਨੇ ਗੁਰਸੇਵਕ ਨੂੰ ਆਪਣਾ ਈਮੇਲ ਆਈਡੀ ਵੀ ਦਿੱਤਾ। ਇਸ ਤੋਂ ਬਾਅਦ ਖ਼ੁਦ ਨੂੰ ਰਮਾਡਾ ਪਲਾਜ਼ਾ ਹੋਟਲ ਟੋਰਾਂਟੋ ਕੈਨੇਡਾ ਦਾ ਮੁਲਾਜ਼ਮ ਦੱਸਣ ਵਾਲੇ ਵਿਅਕਤੀ ਬੋਥਾ ਰਿਚਰਡ ਨੇ ਉਸ ਦੇ ਛੋਟੇ ਪੁੱਤਰ ਹਰਕੀਰਤ ਦੀ ਈਮੇਲ ਆਈਡੀ ‘ਤੇ ਵੱਡੇ ਪੁੱਤਰ ਗੁਰਸੇਵਕ ਸਿੰਘ ਨੂੰ ਨੌਕਰੀ ਦੀ ਪੇਸ਼ਕਸ਼ ਭੇਜ ਦਿੱਤੀ ਤੇ ਕੈਨੇਡਾ ਹਾਈ ਕਮਿਸ਼ਨ ਦੇ ਕਥਿਤ ਮੁਲਾਜ਼ਮ ਜਾਰਡਨ ਰੀਵਜ਼ ਨਾਲ ਫੋਨ ਸੰਪਰਕ ਕਰਨ ਲਈ ਕਿਹਾ। ਫੇਰ ਕਈ ਈਮੇਲ ਸੰਦੇਸ਼ਾਂ ਤੇ ਦਸਤਾਵੇਜ਼ਾਂ ਦਾ ਅਦਾਨ ਪ੍ਰਦਾਨ ਚੱਲਦਾ ਰਿਹਾ ਤੇ ਉਨ੍ਹਾਂ ਕਾਲ ਅੱਪ ਲੈਟਰ ਭੇਜ ਦਿੱਤੀ। ਗੁਰਵਿੰਦਰ ਸਿੰਘ ਮੁਤਾਬਕ ਉਨ੍ਹਾਂ ਨੇ ਕੁਲ 37 ਲੱਖ, 92 ਹਜ਼ਾਰ, 989 ਰੁਪਏ ਵੱਖ-ਵੱਖ ਬੈਂਕ ਅਕਾਉਂਟਾਂ ਰਾਹੀ ਟਰਾਂਸਫਰ ਕੀਤੇ ਹਨ। ਕਾਲ ਅੱਪ ਲੈਟਰ ਨੂੰ ਲੈ ਕੇ ਜਦੋਂ ਉਨ੍ਹਾਂ ਨੇ ਕੈਨੇਡੀਅਨ ਅੰਬੈਸੀ/ਹਾਈ ਕਮਿਸ਼ਨ ਨਾਲ ਸੰਪਰਕ ਕੀਤਾ ਤਾਂ ਫ਼ਰਜ਼ੀਵਾੜੇ ਦਾ ਪਰਦਾਫਾਸ਼ ਹੋ ਗਿਆ

ਗੁਰਵਿੰਦਰ ਸਿੰਘ ਮੁਤਾਬਕ ਬੀਤੇ ਸਾਲ ਦੇ ਜੂਨ ਮਹੀਨੇ ਦੌਰਾਨ ਐੱਸਐੱਸਪੀ ਦਿਹਾਤੀ ਨੂੰ ਦਰਖ਼ਾਸਤ ਦਿੱਤੀ ਸੀ। ਜਿਸ ਦੀ ਏਸੀਪੀ ਹਰਮਿੰਦਰ ਸਿੰਘ ਨੇ ਜਾਂਚ ਕਰ ਕੇ ਥਾਣਾ ਕੰਟੋਨਮੈਂਟ ਵਿਚ ਮੁਲਜ਼ਮ ਮਾਰਟਿਨ ਲੂਥਰ ਨਿਵਾਸੀ ਪੁਣੇ, ਮਹਾਂਰਾਸਟਰ ਤੇ ਜਾਰਡਨ ਰੀਵਜ਼ ਦੇ ਖ਼ਿਲਾਫ਼ ਮੁਕੱਦਮਾ ਨੰਬਰ 0186 ਵਿਚ ਧਾਰਾ 420, 467, 468, 471, 120-ਬੀ ਤੇ ਆਈਟੀ ਐਕਟ ਦੀ ਧਾਰਾ 66ਏ ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਾਮਲੇ ਦੇ ਜ਼ਿਆਦਾਤਰ ਪਹਿਲੂ ਤੇ ਬੈਂਕ ਟਰਾਂਸਫਰ ਵਗੈਰਾ ਥਾਣਾ ਕੰਟੋਨਮੈਂਟ ਦੇ ਅਧਿਕਾਰ ਖੇਤਰ ਵਿਚ ਹਨ। ਜਾਂਚ ਜਾਰੀ ਹੈ।