ਅਮਰੀਕਾ ’ਚ ਰਹਿੰਦੇ 42 ਲੱਖ ਭਾਰਤੀਆਂ ਵਿੱਚੋਂ 6.5 ਫ਼ੀਸਦ ਗਰੀਬੀ ਰੇਖਾ ਤੋਂ ਹੇਠਾਂ, ਬਹੁਗਿਣਤੀ ਪੰਜਾਬੀਆਂ ਤੇ ਬੰਗਾਲੀਆਂ ਦੀ

ਵਾਸ਼ਿੰਗਟਨ, 2 ਅਕਤੂਬਰ-ਅਮਰੀਕਾ ਵਿਚ ਰਹਿੰਦੇ 42 ਲੱਖ ਭਾਰਤੀ-ਅਮਰੀਕੀ ਵਿਚੋਂ ਲਗਪਗ 6.5 ਪ੍ਰਤੀਸ਼ਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਅਤੇ ਕੋਵਿਡ-19 ਮਹਾਮਾਰੀ ਕਾਰਨ ਇਸ ਭਾਈਚਾਰੇ ਵਿੱਚ ਗਰੀਬੀ ਵਧਣ ਦਾ ਖਦਸ਼ਾ ਹੈ। ਇਹ ਤੱਥ ਤਾਜ਼ਾ ਖੋਜ ਵਿਚ ਸਾਹਮਣੇ ਆਇਆ ਹੈ। ਜੌਨ ਹੌਪਕਿੰਸ ਵਿੱਚ ਸਥਿਤ ਪਾਲ ਨੀਟਜ਼ ਸਕੂਲ ਆਫ਼ ਐਡਵਾਂਸਡ ਇੰਟਰਨੈਸ਼ਨਲ ਸਟੱਡੀਜ਼ ਦੇ ਦੇਵੇਸ਼ ਕਪੂਰ ਅਤੇ ਜਸ਼ਨ ਬਾਜਵਾਤ ਵੱਲੋਂ ਕੀਤੀ ਖੋਜ ਦੇ ਨਤੀਜੇ ‘ਭਾਰਤ-ਅਮਰੀਕੀ ਆਬਾਦੀ ਵਿੱਚ ਗਰੀਬੀ’ ਵਿਸ਼ੇ ’ਤੇ ਵੀਰਵਾਰ ਨੂੰ ਜਾਰੀ ਕੀਤੇ ਗਏ। ਸ੍ਰੀ ਕਪੂਰ ਨੇ ਕਿਹਾ ਕਿ ਬੰਗਾਲੀ ਅਤੇ ਪੰਜਾਬੀ ਬੋਲਣ ਵਾਲੇ ਭਾਰਤੀ ਅਮਰੀਕੀਆਂ ਵਿੱਚ ਗਰੀਬੀ ਵਧੇਰੇ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਇਕ ਤਿਹਾਈ ਕੋਲ ਕੰਮ ਨਹੀਂ ਤੇ ਤਕਰੀਬਨ 20 ਪ੍ਰਤੀਸ਼ਤ ਕੋਲ ਅਮਰੀਕਾ ਦੀ ਨਾਗਰਿਕਤਾ ਵੀ ਨਹੀਂ ਹੈ।

ਅਮਰੀਕੀ ਅਦਾਲਤ ਨੇ ਟਰੰਪ ਦੇ ਐੱਚ-1ਬੀ ਵੀਜ਼ੇ ’ਤੇ ਪਾਬੰਦੀ ਬਾਰੇ ਫ਼ੈਸਲੇ ’ਤੇ ਰੋਕ ਲਗਾਈ
ਇਸ ਸਾਲ ਜੂਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐੱਚ-1 ਬੀ ਵੀਜ਼ਾ ’ਤੇ ਪਾਬੰਦੀ ਲਈ ਜਾਰੀ ਕੀਤੇ ਆਦੇਸ਼ ਨੂੰ ਸੰਘੀ ਜੱਜ ਨੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਪਾਬੰਦੀ ਲਗਾਉਣ ਦੇ ਸੰਵਿਧਾਨਕ ਅਧਿਕਾਰ ਤੋਂ ਪਰੇ ਚਲੇ ਗਏ ਹਨ। ਇਹ ਹੁਕਮ ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਦੇ ਜ਼ਿਲ੍ਹਾ ਜੱਜ ਜੈਫਰੀ ਵ੍ਹਾਈਟ ਨੇ ਜਾਰੀ ਕੀਤਾ।