Breaking News

Chandigarh ਚੰਡੀਗੜ੍ਹ ਵਿੱਚ ਸਾਬਕਾ ਕੌਂਸਲਰ ਦੇ ਘਰ ਕਰੋੜਾਂ ਦੀ ਚੋਰੀ, ਨਵੇਂ ਕੁੱਕ ਨੇ ਖਾਣੇ ਵਿੱਚ ਮਿਲਾਇਆ ਨਸ਼ੀਲਾ ਪਦਾਰਥ

Chandigarh

ਚੰਡੀਗੜ੍ਹ ਵਿੱਚ ਸਾਬਕਾ ਕੌਂਸਲਰ ਦੇ ਘਰ ਕਰੋੜਾਂ ਦੀ ਚੋਰੀ, ਨਵੇਂ ਕੁੱਕ ਨੇ ਖਾਣੇ ਵਿੱਚ ਮਿਲਾਇਆ ਨਸ਼ੀਲਾ ਪਦਾਰਥ

 

 

 

ਚੰਡੀਗੜ੍ਹ: ਸ਼ਹਿਰ ਵਿੱਚ ਕਾਂਗਰਸ ਨਾਲ ਸੰਬੰਧਤ ਸਾਬਕਾ ਕੌਂਸਲਰ ਮੁਕੇਸ਼ ਬੱਸੀ ਦੇ ਘਰ ਵੱਡੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਕੁਝ ਦਿਨ ਪਹਿਲਾਂ ਕੰਮ ‘ਤੇ ਰੱਖੇ ਗਏ ਨਵੇਂ ਕੁੱਕ ਹੇਮੰਤ ਥਾਪਾ ਨੇ ਰਾਤ ਦੇ ਖਾਣੇ ਵਿੱਚ ਨਸ਼ੀਲਾ ਪਦਾਰਥ ਮਿਲਾ ਦਿੱਤਾ, ਜਿਸ ਕਾਰਨ ਘਰ ਵਿੱਚ ਮੌਜੂਦ ਤਿੰਨ ਲੋਕ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਘਰ ਵਿਚੋਂ ਗਹਿਣੇ, ਨਕਦੀ ਅਤੇ ਕੀਮਤੀ ਸਮਾਨ ਲੈ ਕੇ ਦੋਸ਼ੀ ਫਰਾਰ ਹੋ ਗਿਆ।

 

 

 

ਘਟਨਾ ਵੇਲੇ ਸਾਬਕਾ ਕੌਂਸਲਰ ਮੁਕੇਸ਼ ਬੱਸੀ ਆਪਣੇ ਦੋਵੇਂ ਪੁੱਤਰਾਂ ਜਿਤੇਸ਼ ਅਤੇ ਦਕਸ਼ ਨਾਲ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਸ਼ੁੱਕਰਵਾਰ ਰਾਤ ਕਰੀਬ ਸਾਢੇ 10 ਵਜੇ ਦਕਸ਼ ਆਪਣੀ ਪਤਨੀ ਨਾਲ ਘਰ ਵਾਪਸ ਆਇਆ। ਡਿਜੀਟਲ ਲਾਕ ਨਾ ਖੁਲ੍ਹਣ ‘ਤੇ ਉਹ ਪਿਛਲੇ ਪਾਸੇ ਤੋਂ ਘਰ ਅੰਦਰ ਦਾਖ਼ਲ ਹੋਇਆ, ਜਿੱਥੇ ਉਸ ਨੇ ਆਪਣੀ ਮਾਂ ਅੰਜੂ, ਪੁਰਾਣੇ ਕੁੱਕ ਸ਼ਿਵ ਅਤੇ ਘਰੇਲੂ ਸਹਾਇਕਾ ਨੂੰ ਬੇਹੋਸ਼ ਹਾਲਤ ਵਿੱਚ ਪਾਇਆ। ਤਿੰਨਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।

 

 

 

 

ਪੁਲਿਸ ਦੀ ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੇਮੰਤ ਥਾਪਾ ਨੂੰ ਕੁਝ ਦਿਨ ਪਹਿਲਾਂ ਹੀ ਇੱਕ ਸਥਾਨਕ ਵਿਅਕਤੀ ਦੀ ਸਿਫਾਰਸ਼ ‘ਤੇ ਘਰ ਵਿੱਚ ਕੁੱਕ ਵਜੋਂ ਰੱਖਿਆ ਗਿਆ ਸੀ। ਪਰਿਵਾਰ ਨੂੰ ਉਸ ਦੇ ਭਰੋਸੇਯੋਗ ਹੋਣ ਦੀ ਗੱਲ ਕਹੀ ਗਈ ਸੀ, ਪਰ ਨੌਕਰੀ ‘ਤੇ ਰੱਖਣ ਤੋਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਸੀ।

 

 

 

ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਨੂੰ ਪਰਿਵਾਰ ਨਾਲ ਕਿਸ ਨੇ ਮਿਲਵਾਇਆ ਸੀ ਅਤੇ ਉਸ ਨੂੰ ਘਰ ਵਿੱਚ ਰੱਖੇ ਕੀਮਤੀ ਸਮਾਨ ਤੇ ਨਕਦੀ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ ਜਾਂ ਨਹੀਂ। ਪੁਲਿਸ ਇਹ ਵੀ ਜਾਂਚ ਰਹੀ ਹੈ ਕਿ ਵਾਰਦਾਤ ਵਿੱਚ ਕੋਈ ਹੋਰ ਵਿਅਕਤੀ ਵੀ ਉਸ ਦੀ ਮਦਦ ਕਰ ਰਿਹਾ ਸੀ ਜਾਂ ਨਹੀਂ।

 

 

 

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਘਰ ਸਮੇਤ ਆਸ-ਪਾਸ ਦੇ ਇਲਾਕੇ ਦੀਆਂ ਸੀਸੀਟੀਵੀ ਫੁਟੇਜ ਖੰਗਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੁਲਿਸ ਵੱਲੋਂ ਦੋਸ਼ੀ ਦੇ ਫਰਾਰ ਹੋਣ ਵਾਲੇ ਰਸਤੇ ਅਤੇ ਉਸ ਨਾਲ ਸੰਪਰਕ ਵਿੱਚ ਰਹੇ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

 

 

 

ਮੁਕੇਸ਼ ਬੱਸੀ ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 17 ਤੋਂ ਕੌਂਸਲਰ ਰਹਿ ਚੁੱਕੇ ਹਨ। ਉਹ ਸਥਾਨਕ ਰਾਜਨੀਤੀ, ਕਾਰੋਬਾਰ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮ ਰਹੇ ਹਨ ਅਤੇ ਚੰਡੀਗੜ੍ਹ ਕਲੱਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

 

 

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

Check Also

Punjabi Singer Gulab Sidhu ਦੇ ਘਰ ’ਤੇ ਫਾਇਰਿੰਗ

Punjabi Singer Gulab Sidhu ਦੇ ਘਰ ’ਤੇ ਫਾਇਰਿੰਗ Firing reported at the residence of Punjabi …