Air India Bangkok: ਬੈਂਕਾਕ ਹਵਾਈ ਅੱਡੇ ’ਤੇ ਫਸੇ ਦੋ ਸੌ ਭਾਰਤੀ; 28 ਘੰਟਿਆਂ ਬਾਅਦ ਮਿਲੀ ਉਡਾਣ
ਏਅਰ ਇੰਡੀਆ ਦੀ ਉਡਾਣ ਵਿਚ ਆਈ ਸੀ ਤਕਨੀਕੀ ਖਰਾਬੀ; ਯਾਤਰੀ ਹੋਏ ਬੇਹਾਲ
200 Indian Passengers Stranded at Bangkok Airport for 28 Hours After Air India Flight Develops Technical Issue
#AirIndia | #BangkokAirport | #IndianPassengers | #FlightDelay | #AviationNews | #TravelUpdate
Bangkok Flight Delay: ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਹਵਾਈ ਅੱਡੇ ’ਤੇ ਭਾਰਤ ਦੇ 200 ਜਣੇ ਫਸ ਗਏ ਸਨ। ਉਹ ਹਵਾਈ ਉਡਾਣ ਕੰਪਨੀ ਨੂੰ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾਵੇ ਪਰ ਉਨ੍ਹਾਂ ਨੂੰ ਵਾਪਸ ਭੇਜਣ ਦਾ ਇੰਤਜ਼ਾਮ ਬਹੁਤ ਦੇਰ ਨਾਲ ਹੋਇਆ।
ਇਹ ਯਾਤਰੀ ਵੀਰਵਾਰ ਸ਼ਾਮ ਤੋਂ ਬੈਂਕਾਕ ਵਿਚ ਫਸੇ ਹੋਏ ਸਨ। ਇਹ ਸਾਰੇ ਯਾਤਰੀ ਏਅਰ ਇੰਡੀਆ ਦੀ ਫਲਾਈਟ ਰਾਹੀਂ ਭਾਰਤ ਪਰਤ ਰਹੇ ਸਨ ਪਰ ਤਕਨੀਕੀ ਖਰਾਬੀ ਆਉਣ ਕਾਰਨ ਫਲਾਈਟ ਰਨਵੇਅ ਤੋਂ ਵਾਪਸ ਆ ਗਈ। ਇਨ੍ਹਾਂ ਯਾਤਰੀਆਂ ਵਿੱਚ ਮੱਧ ਪ੍ਰਦੇਸ਼ ਦੇ ਕਈ ਲੋਕ ਵੀ ਸ਼ਾਮਲ ਹਨ। ਯਾਤਰੀਆਂ ਦਾ ਕਹਿਣਾ ਸੀ ਕਿ ਏਅਰ ਇੰਡੀਆ ਨੇ ਨਾ ਤਾਂ ਫਲਾਈਟ ਰੱਦ ਕੀਤੀ ਹੈ ਅਤੇ ਨਾ ਹੀ ਰਿਫੰਡ ਦਿੱਤਾ ਹੈ, ਜਦਕਿ ਹਵਾਈ ਅੱਡੇ ’ਤੇ 28 ਘੰਟੇ ਬੀਤ ਚੁੱਕੇ ਹਨ। ਦੂਜੇ ਪਾਸੇ ਹਵਾਈ ਕੰਪਨੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਯਾਤਰੀਆਂ ਦੇ ਜਾਣ ਦਾ ਪ੍ਰਬੰਧ ਹੋ ਗਿਆ ਹੈ ਤੇ ਉਹ ਜਲਦੀ ਹੀ ਭਾਰਤ ਪੁੱਜ ਜਾਣਗੇ।
ਬੈਂਕਾਕ ਹਵਾਈ ਅੱਡੇ ’ਤੇ ਫਸੇ 200 ਭਾਰਤੀ ਯਾਤਰੀ 28 ਘੰਟਿਆਂ ਬਾਅਦ ਦਿੱਲੀ ਰਵਾਨਾ
ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਹਵਾਈ ਅੱਡੇ ’ਤੇ ਕਰੀਬ 30 ਘੰਟਿਆਂ ਤੋਂ ਫਸੇ 200 ਭਾਰਤੀ ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਉਡਾਣ ਆਖਰਕਾਰ ਦਿੱਲੀ ਲਈ ਰਵਾਨਾ ਹੋ ਗਈ ਹੈ। ਇਹ ਯਾਤਰੀ ਵੀਰਵਾਰ ਰਾਤ ਤੋਂ ਹਵਾਈ ਅੱਡੇ ’ਤੇ ਫਸੇ ਹੋਏ ਸਨ ਅਤੇ ਹੰਗਾਮੇ ਤੋਂ ਬਾਅਦ ਇਹ ਫਲਾਈਟ ਸ਼ੁੱਕਰਵਾਰ ਰਾਤ ਕਰੀਬ 10:30 ਵਜੇ ਦਿੱਲੀ ਵੱਲ ਰਵਾਨਾ ਹੋਈ।
ਏਅਰ ਇੰਡੀਆ ਨੇ ਪਹਿਲਾਂ ਸ਼ੁੱਕਰਵਾਰ ਸ਼ਾਮ 7:15 ਵਜੇ ਉਡਾਣ ਏ ਆਈ 4335 (AI4335) ਦੇ ਰਵਾਨਾ ਹੋਣ ਦੀ ਜਾਣਕਾਰੀ ਦਿੱਤੀ ਸੀ ਪਰ ਇਹ ਤੈਅ ਸਮੇਂ ’ਤੇ ਉਡਾਣ ਨਹੀਂ ਭਰ ਸਕੀ। ਇਸ ਤੋਂ ਬਾਅਦ ਰਾਤ 8 ਵਜੇ ਬੋਰਡਿੰਗ ਸ਼ੁਰੂ ਹੋਈ ਅਤੇ ਦੋ ਤੋਂ ਢਾਈ ਘੰਟੇ ਦੀ ਦੇਰੀ ਨਾਲ ਉਡਾਣ ਦਿੱਲੀ ਲਈ ਰਵਾਨਾ ਹੋਈ।
ਇਸ ਤੋਂ ਪਹਿਲਾਂ ਯਾਤਰੀਆਂ ਨੇ ਦੱਸਿਆ ਸੀ ਕਿ ਉਹ ਵੀਰਵਾਰ ਸ਼ਾਮ 4 ਵਜੇ ਹੀ ਹਵਾਈ ਅੱਡੇ ’ਤੇ ਪਹੁੰਚ ਗਏ ਸਨ ਅਤੇ ਪਿਛਲੇ 30 ਘੰਟਿਆਂ ਤੋਂ ਸਿਰਫ਼ ਇੰਤਜ਼ਾਰ ਕਰ ਰਹੇ ਹਨ ਪਰ ਕੋਈ ਦੂਜੀ ਫਲਾਈਟ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਨਾਲ ਗੱਲ ਨਹੀਂ ਕਰ ਰਿਹਾ। ਯਾਤਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸਿਰਫ਼ ਚੈੱਕ-ਇਨ ਅਤੇ ਚੈੱਕ-ਆਊਟ ਹੀ ਕੀਤਾ ਹੈ, ਜਦਕਿ ਨਾਲ ਛੋਟੇ ਬੱਚੇ ਅਤੇ ਔਰਤਾਂ ਵੀ ਮੌਜੂਦ ਹਨ। ਕਦੇ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਅਤੇ ਕਦੇ ਹੋਟਲ ਵਿੱਚ ਭੇਜਿਆ ਜਾ ਰਿਹਾ ਹੈ।
ਇੰਦੌਰ ਦੀ ਯਾਤਰੀ ਨੇ ਸੁਣਾਈ ਆਪਬੀਤੀ
ਇੰਦੌਰ ਦੀ ਰਹਿਣ ਵਾਲੀ ਦਿਵਿਆ ਮਹੇਸ਼ਵਰੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦੱਸਿਆ ਕਿ ਉਹ ਥਾਈਲੈਂਡ ਘੁੰਮਣ ਆਈ ਸੀ। ਬੈਂਕਾਕ ਤੋਂ ਦਿੱਲੀ ਪਰਤਣ ਲਈ ਵੀਰਵਾਰ ਸ਼ਾਮ 5:30 ਵਜੇ ਏਅਰ ਇੰਡੀਆ ਦੀ ਫਲਾਈਟ ਸੀ। ਸ਼ਾਮ 6 ਵਜੇ ਬੋਰਡਿੰਗ ਕੀਤੀ ਗਈ ਅਤੇ 6:15 ਵਜੇ ਫਲਾਈਟ ਰਨਵੇਅ ‘ਤੇ ਪਹੁੰਚ ਗਈ। ਸਾਰੇ ਯਾਤਰੀ ਫਲਾਈਟ ਵਿੱਚੋਂ ਸਨਸੈੱਟ (ਸੂਰਜ ਡੁੱਬਣ) ਦਾ ਵੀਡੀਓ ਬਣਾ ਰਹੇ ਸਨ ਪਰ ਕੁਝ ਹੀ ਦੇਰ ਵਿੱਚ ਫਲਾਈਟ ਵਾਪਸ ਰਨਵੇਅ ‘ਤੇ ਪਰਤ ਆਈ।
ਯਾਤਰੀਆਂ ਨੇ ਦੱਸਿਆ ਕਿ ਜਦੋਂ ਕੈਬਿਨ ਦੀਆਂ ਲਾਈਟਾਂ ਆਨ ਹੋਈਆਂ ਤਾਂ ਉਨ੍ਹਾਂ ਨੇ ਕਰਿਊ ਮੈਂਬਰਾਂ ਨੂੰ ਪੁੱਛਿਆ ਕਿ ਕੀ ਹੋਇਆ ਹੈ, ਜਿਸ ‘ਤੇ ਉਨ੍ਹਾਂ ਨੇ ਤਕਨੀਕੀ ਖਰਾਬੀ ਦਾ ਹਵਾਲਾ ਦਿੱਤਾ। ਵੀਰਵਾਰ ਰਾਤ 8:30 ਵਜੇ ਤੱਕ ਉਨ੍ਹਾਂ ਨੂੰ ਫਲਾਈਟ ਦੇ ਅੰਦਰ ਹੀ ਬਿਠਾ ਕੇ ਰੱਖਿਆ ਗਿਆ। ਇਸ ਤੋਂ ਬਾਅਦ ਯਾਤਰੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਫਲਾਈਟ ਰਾਤ 11:15 ਵਜੇ ਉਡਾਣ ਭਰੇਗੀ ਪਰ ਕੁਝ ਦੇਰ ਬਾਅਦ ਫਲਾਈਟ ਨੂੰ ਅਗਲੇ ਦਿਨ ਤੱਕ ਰੱਦ ਰੱਖਣ ਦੀ ਗੱਲ ਕਹਿ ਦਿੱਤੀ ਗਈ।