Khanna ਪੁਲਿਸ ਨੇ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਤਾ-ਪਿਤਾ ਨੂੰ ਕੀਤਾ ਗ੍ਰਿਫ਼ਤਾਰ , ਜਾਣੋ ਕਿਉਂ
Shaganpreet Singh Parents arrested: ਖੰਨਾ ਪੁਲਿਸ ਨੇ 1 ਮਈ ਨੂੰ ਪ੍ਰੇਮ ਵੈਸ਼ਣੋ ਢਾਬੇ ‘ਤੇ ਹੋਈ ਫਾਇਰਿੰਗ ਅਤੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕੀਤਾ

Shaganpreet Singh Parents arrested : ਖੰਨਾ ਪੁਲਿਸ ਨੇ 1 ਮਈ ਨੂੰ ਪ੍ਰੇਮ ਵੈਸ਼ਣੋ ਢਾਬੇ ‘ਤੇ ਹੋਈ ਫਾਇਰਿੰਗ ਅਤੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਗਨਪ੍ਰੀਤ ਦੇ ਪਿਤਾ ਸੌਦਾਗਰ ਸਿੰਘ ਅਤੇ ਮਾਂ ਦਲਜੀਤ ਕੌਰ ਨੂੰ ਪੁਲਿਸ ਨੇ ਦੇਰ ਰਾਤ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪੈਤ੍ਰਿਕ ਪਿੰਡ ਚੜ੍ਹੀ ਤੋਂ ਕਾਬੂ ਕੀਤਾ ਗਿਆ।

ਪੁਲਿਸ ਵੱਲੋਂ ਪ੍ਰਾਪਤ ਸਬੂਤਾਂ ਦੇ ਆਧਾਰ ‘ਤੇ ਦੋਵਾਂ ਨੂੰ ਮਾਮਲੇ ਵਿੱਚ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋੜ ਪੈਣ ‘ਤੇ ਹੋਰ ਗ੍ਰਿਫ਼ਤਾਰੀਆਂ ਵੀ ਕੀਤੀਆਂ ਜਾ ਸਕਦੀਆਂ ਹਨ।

ਗਾਇਕ ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ ਹੈ ਸ਼ਗਨਪ੍ਰੀਤ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਲੰਬੇ ਸਮੇਂ ਤੋਂ ਵਿਦੇਸ਼ ਰਹਿ ਰਿਹਾ ਹੈ। ਪੁਲਿਸ ਅਨੁਸਾਰ ਉਸ ਦੇ ਮਾਤਾ-ਪਿਤਾ ਉਸ ਨਾਲ ਲਗਾਤਾਰ ਸੰਪਰਕ ਵਿੱਚ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਵੀ ਸੰਪਰਕ ਵਿੱਚ ਸਨ।

ਜ਼ਿਕਰਯੋਗ ਹੈ ਕਿ ਸ਼ਗਨਪ੍ਰੀਤ ਸਿੰਘ ਦੇ ਮਾਪਿਆਂ ਦਾ ਪਹਿਲਾਂ ਵੀ ਖੰਨਾ ਦੇ ਪਾਇਲ ਅਤੇ ਦੋਰਾਹਾ ਖੇਤਰਾਂ ਵਿੱਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਨਾਮ ਆਇਆ ਸੀ। ਪੁਲਿਸ ਵੱਲੋਂ ਕੀਤੀ ਗਈ ਪਿਛਲੀ ਗ੍ਰਿਫ਼ਤਾਰੀ ਤੋਂ ਬਾਅਦ ਸੌਦਾਗਰ ਸਿੰਘ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ, ਜਦੋਂ ਕਿ ਦਲਜੀਤ ਕੌਰ ਵੀ ਜ਼ਮਾਨਤ ‘ਤੇ ਬਾਹਰ ਸੀ। ਹੁਣ ਉਨ੍ਹਾਂ ਨੂੰ ਦੁਬਾਰਾ ਗ੍ਰਿਫ਼ਤਾਰ ਕਰਕੇ ਪ੍ਰੇਮ ਵੈਸ਼ਨੋ ਢਾਬਾ ਗੋਲੀਬਾਰੀ ਅਤੇ ਜਬਰੀ ਵਸੂਲੀ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਖੰਨਾ ਦੇ DSP (ਇਨਵੈਸਟੀਗੇਸ਼ਨ) ਮੋਹਿਤ ਸਿੰਗਲਾ ਮੁਤਾਬਕ ਜਾਂਚ ਦੌਰਾਨ ਅਜੇਹੇ ਸਬੂਤ ਮਿਲੇ ਹਨ, ਜਿਨ੍ਹਾਂ ਤੋਂ ਪਤਾ ਲੱਗਿਆ ਕਿ ਦੋਵੇਂ ਆਪਣੇ ਵਿਦੇਸ਼ ਵਿੱਚ ਬੈਠੇ ਆਪਣੇ ਪੁੱਤਰ ਦੇ ਸੰਪਰਕ ਵਿੱਚ ਸਨ। ਇਸ ਤੋਂ ਇਲਾਵਾ ਉਹ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਆਰੋਪੀਆਂ ਅਤੇ ਉਨ੍ਹਾਂ ਦੇ ਨੈੱਟਵਰਕ ਨਾਲ ਵੀ ਜੁੜੇ ਹੋਏ ਸਨ।