Breaking News

West Asia conflict: 1,000 ਭਾਰਤੀ ਹੁਣ ਵੀ ਇਰਾਨ ’ਚ, 23,000 ਵਿਦਿਆਰਥੀ CBSE ਪ੍ਰੀਖਿਆਵਾਂ ਵਿੱਚ ਨਹੀਂ ਬੈਠ ਸਕੇ: ਵਿਦੇਸ਼ ਮੰਤਰਾਲਾ

West Asia conflict: 1,000 ਭਾਰਤੀ ਹੁਣ ਵੀ ਇਰਾਨ ’ਚ, 23,000 ਵਿਦਿਆਰਥੀ CBSE ਪ੍ਰੀਖਿਆਵਾਂ ਵਿੱਚ ਨਹੀਂ ਬੈਠ ਸਕੇ: ਵਿਦੇਸ਼ ਮੰਤਰਾਲਾ

ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਦਰਮਿਆਨ ਲਗਪਗ 1,000 ਭਾਰਤੀ ਅਜੇ ਵੀ ਇਰਾਨ ਵਿੱਚ ਹਨ, ਜਦੋਂ ਕਿ ਖਾੜੀ ਖੇਤਰ ਵਿੱਚ ਰਹਿਣ ਵਾਲੇ 23,000 ਸਕੂਲੀ ਵਿਦਿਆਰਥੀ ਹਾਲਾਤ ਖ਼ਰਾਬ ਹੋਣ ਕਾਰਨ ਸੀਬੀਐਸਈ ਦੀਆਂ ਅੰਤਿਮ ਪ੍ਰੀਖਿਆਵਾਂ ਵਿੱਚ ਸ਼ਾਮਲ ਨਹੀਂ ਹੋ ਸਕੇ।

 

 

 

ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇੱਥੇ ਹੋਈ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਦੀ ਮੀਟਿੰਗ ਵਿੱਚ ਦਿੱਤੀ। ਪੈਨਲ ਦੇ ਚੇਅਰਮੈਨ ਸ਼ਸ਼ੀ ਥਰੂਰ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ, “ਲਗਪਗ 1,000 ਲੋਕ ਅਜੇ ਵੀ ਇਰਾਨ ਵਿੱਚ ਹਨ, ਪਰ ਜ਼ਰੂਰੀ ਨਹੀਂ ਕਿ ਉਹ ਸਾਰੇ ਉੱਥੋਂ ਨਿਕਲਣਾ ਚਾਹੁੰਦੇ ਹੋਣ।”

 

 

 

ਕਾਂਗਰਸੀ ਆਗੂ ਨੇ ਕਿਹਾ ਕਿ ਖਾੜੀ ਖੇਤਰ ਵਿੱਚ ਰਹਿਣ ਵਾਲੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਆਪਣੀਆਂ ਚੱਲ ਰਹੀਆਂ ਸੀਬੀਐੱਸਈ ਦੀਆਂ ਅੰਤਿਮ ਪ੍ਰੀਖਿਆਵਾਂ ਨਹੀਂ ਲਿਖ ਸਕੇ ਹਨ। ਉਨ੍ਹਾਂ ਕਿਹਾ, “ਮੈਂ ਪੁੱਛਿਆ ਕਿ ਕੀ ਉਨ੍ਹਾਂ ਦੀ ਦੁਰਦਸ਼ਾ ਨੂੰ ਹੱਲ ਕਰਨ ਲਈ ਕੋਈ ਕਦਮ ਚੁੱਕੇ ਜਾ ਸਕਦੇ ਹਨ ਅਤੇ ਮੈਨੂੰ ਪਤਾ ਲੱਗਾ ਹੈ ਕਿ ਵਿਦੇਸ਼ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਵਿਚਕਾਰ ਪਹਿਲਾਂ ਹੀ ਸਲਾਹ-ਮਸ਼ਵਰਾ ਹੋ ਚੁੱਕਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੀ ਬੀ ਐੱਸ ਈ ਖਾੜੀ ਦੇ ਉਨ੍ਹਾਂ 23,000 ਵਿਦਿਆਰਥੀਆਂ ਲਈ ਉਪਚਾਰਕ ਪ੍ਰਬੰਧ (remedial arrangements) ਕਰੇ ਜੋ ਪ੍ਰੀਖਿਆਵਾਂ ਨਹੀਂ ਲਿਖ ਸਕੇ।”

 

 

 

ਥਰੂਰ ਨੇ ਦੱਸਿਆ ਕਿ ਮੀਟਿੰਗ ਵਿੱਚ ਪੱਛਮੀ ਏਸ਼ੀਆ ‘ਤੇ ਵਿਸਤ੍ਰਿਤ ਚਰਚਾ ਹੋਈ ਅਤੇ ਸਾਰੇ ਹਾਜ਼ਰ ਸੰਸਦ ਮੈਂਬਰਾਂ ਨੇ ਸਮੁੱਚੀ ਸਥਿਤੀ, ਇਸ ਦੇ ਪ੍ਰਭਾਵ, ਭਾਰਤੀ ਨਾਗਰਿਕਾਂ ਦੀ ਸੁਰੱਖਿਆ, ਪ੍ਰਵਾਸੀ ਭਾਰਤੀਆਂ, ਤੇਲ ਅਤੇ ਗੈਸ ਦੀ ਸਪਲਾਈ ਆਦਿ ਬਾਰੇ ਸਵਾਲ ਅਤੇ ਚਿੰਤਾਵਾਂ ਪ੍ਰਗਟਾਈਆਂ। ਉਨ੍ਹਾਂ ਕਿਹਾ, “ਸਾਨੂੰ ਕੁਝ ਜਵਾਬ ਮਿਲੇ ਹਨ। ਸਾਨੂੰ ਸਾਰੇ ਜਵਾਬ ਨਹੀਂ ਮਿਲੇ। ਵਿਦੇਸ਼ ਸਕੱਤਰ ਉਪਲਬਧ ਨਹੀਂ ਸਨ।”

 

 

 

ਸੂਤਰਾਂ ਅਨੁਸਾਰ ਮੈਂਬਰਾਂ ਨੇ ਇਰਾਨੀ ਸੁਪਰੀਮ ਲੀਡਰ ਦੀ ਹੱਤਿਆ ਦੀ ਨਿੰਦਾ ਕਰਨ ਅਤੇ “ਨਾਗਰਿਕਾਂ ਦੀਆਂ ਮੌਤਾਂ ‘ਤੇ ਸੋਗ ਪ੍ਰਗਟ ਕਰਨ” ‘ਤੇ “ਭਾਰਤ ਦੀ ਚੁੱਪ” ਨਾਲ ਸਬੰਧਤ ਸਵਾਲ ਪੁੱਛੇ, ਪਰ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਕੋਈ ਜਵਾਬ ਨਹੀਂ ਆਇਆ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।

Check Also

Shocking News – ਜਦੋਂ ਸੱਸ ਦਾ ਨੱਕ ਵੱਢ ਕੇ ਲੈ ਗਿਆ ਜਵਾਈ…

Shocking News – ਜਦੋਂ ਸੱਸ ਦਾ ਨੱਕ ਵੱਢ ਕੇ ਲੈ ਗਿਆ ਜਵਾਈ… ਇੱਕ ਪਰਿਵਾਰਕ ਝਗੜੇ …