AAP ਸਰਪੰਚ ਹਰਬਿੰਦਰ ਸਿੰਘ ਕਤਲ ਮਾਮਲੇ ‘ਚ ਵੱਡਾ ਖੁਲਾਸਾ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ; …
AAP Sarpanch Murder: ਤਰਨਤਾਰਨ ਵਿੱਚ, ਸੱਤਾਧਾਰੀ ਆਮ ਆਦਮੀ ਪਾਰਟੀ (AAP) ਦੇ ਸਰਪੰਚ ਹਰਬਿੰਦਰ ਸਿੰਘ (45) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬੁੱਧਵਾਰ (18 ਫਰਵਰੀ) ਨੂੰ ਸਿੱਧੂ ਫਾਰਮ ਵਿੱਚ ਉਨ੍ਹਾਂ ਦੇ ਚਚੇਰੇ ਭਰਾ ਦਾ ਵਿਆਹ ਹੋ ਰਿਹਾ ਸੀ। ਇਸ ਦੌਰਾਨ ਦੁਪਹਿਰ ਕਰੀਬ 2:30 ਵਜੇ ਹਮਲਾਵਰ ਮਹਿਮਾਨਾਂ ਬਣ ਕੇ ਵਿਆਹ ਦੇ ਸਮਾਗਮ ਵਿੱਚ ਦਾਖਲ ਹੋਏ।

ਇਸ ਦੌਰਾਨ ਜਦੋਂ ਸਰਪੰਚ ਸਟੇਜ ‘ਤੇ ਦੋਸਤਾਂ ਨਾਲ ਨੱਚਣ ਤੋਂ ਬਾਅਦ ਸੋਫੇ ‘ਤੇ ਬੈਠ ਗਿਆ, ਤਾਂ ਭੀੜ ਵਿੱਚੋਂ ਇੱਕ ਨੌਜਵਾਨ ਨਿਕਲਿਆ ਅਤੇ ਉਸਦੇ ਪੇਟ ਅਤੇ ਸਿਰ ਵਿੱਚ ਚਾਰ ਗੋਲੀਆਂ ਮਾਰੀਆਂ, ਜਿਸ ਨਾਲ ਉਸਦੀ ਤੁਰੰਤ ਮੌਤ ਹੋ ਗਈ। ਦੱਸ ਦੇਈਏ ਕਿ ਸਰਪੰਚ ਹਰਬਿੰਦਰ ਸਿੰਘ ਕਤਲ ਮਾਮਲੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ। ਵਿਦੇਸ਼ ਬੈਠੇ ਆਤੰਕੀ ਲਖਬੀਰ ਸਿੰਘ ਲੰਡਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਇਸ ਪੋਸਟ ਦੀ ਏਬੀਪੀ ਸਾਂਝਾ ਪੁਸ਼ਟੀ ਨਹੀਂ ਕਰਦਾ।
ਪੁਲਿਸ ਨੂੰ ਵੀ ਦਿੱਤੀ ਧਮਕੀ
ਲਖਬੀਰ ਸਿੰਘ ਲੰਡਾ ਵੱਲੋਂ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਉਸਦੇ ਸਾਥੀ ਨੌਨੀ ਦੀ ਹੱਤਿਆ ਦਾ ਬਦਲਾ ਲਿਆ ਗਿਆ ਹੈ। ਇਸ ਪੋਸਟ ਰਾਹੀਂ ਉਸ ਨੇ ਸਰਪੰਚ ਹਰਬਿੰਦਰ ਸਿੰਘ ਦੇ ਕਤਲ ਨੂੰ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ। ਇਸਦੇ ਨਾਲ ਹੀ ਲਖਬੀਰ ਸਿੰਘ ਲੰਡਾ ਨੇ ਆਪਣੀ ਪੋਸਟ ਵਿੱਚ ਪੁਲਿਸ ਨੂੰ ਖੁੱਲ੍ਹੀ ਧਮਕੀ ਵੀ ਦਿੱਤੀ ਹੈ। ਉਸ ਨੇ ਲਿਖਿਆ ਹੈ ਕਿ ਪੁਲਿਸ ਐਨਕਾਊਂਟਰ ਕਰਨ ਬੰਦ ਕਰੇ, ਨਹੀਂ ਤਾਂ ਇੱਕ ਹੀ ਦਿਨ ਵਿੱਚ ਇਸਦਾ ਬਦਲਾ ਵੀ ਲਿਆ ਜਾਵੇਗਾ। ਇਸ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵੱਲੋਂ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦੀ ਵੀ ਤਸਦੀਕ ਕੀਤੀ ਜਾ ਰਹੀ ਹੈ ਕਿ ਇਹ ਅਕਾਊਂਟ ਲਖਬੀਰ ਸਿੰਘ ਲੰਡਾ ਨਾਲ ਹੀ ਸੰਬੰਧਿਤ ਹੈ ਜਾਂ ਨਹੀਂ। ਪੁਲਿਸ ਅਧਿਕਾਰੀਆਂ ਮੁਤਾਬਕ ਕਤਲ ਮਾਮਲੇ ਨਾਲ ਜੁੜੇ ਹਰ ਪੱਖ ਤੋਂ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।