Mansa – ਬੁਢਲਾਡਾ ‘ਚ ਬੱਸ ਸਟੈਂਡ ‘ਤੇ ਦਿਨ-ਦਿਹਾੜੇ ਨੌਜਵਾਨ ਦਾ ਕਤਲ, ਆਪਣੇ ਜਨਮ ਦਿਨ ਲਈ ਦੋਸਤ ਨਾਲ ਸਾਮਾਨ ਲੈਣ ਪਹੁੰਚਿਆ ਸੀ 20 ਸਾਲਾ ਜਸ਼ਨਦੀਪ ਸਿੰਘ
Mansa Murder : ਪੰਜਾਬ ‘ਚ ਰੋਜ਼ਾਨਾ ਕਤਲਾਂ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ। ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ, ਜਿਥੇ ਬੁਢਲਾਡਾ ਦੇ ਬੱਸ ਸਟੈਂਡ ‘ਤੇ ਨਿੱਜੀ ਰੰਜਿਸ਼ ਕਾਰਨ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਹਮਲਾਵਰ ਮੌਕੇ ਤੋਂ ਭੱਜ ਗਏ।
ਜਾਣਕਾਰੀ ਅਨੁਸਾਰ, ਜਸ਼ਨਦੀਪ ਨਾਮ ਦਾ 20 ਸਾਲਾ ਨੌਜਵਾਨ ਆਪਣੇ ਦੋਸਤ ਨਾਲ ਆਪਣੇ ਜਨਮਦਿਨ ਲਈ ਕੁਝ ਸਮਾਨ ਖਰੀਦਣ ਲਈ ਬੁਢਲਾਡਾ ਗਿਆ ਸੀ, ਜਦੋਂ ਕੁਝ ਨੌਜਵਾਨਾਂ ਨੇ ਅਚਾਨਕ ਉਸ ‘ਤੇ ਪਿੱਛੇ ਤੋਂ ਹਮਲਾ ਕਰ ਦਿੱਤਾ। ਹਸਪਤਾਲ ਪਹੁੰਚਣ ‘ਤੇ ਉਸਦੀ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਮੇਵਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਜਸ਼ਨਦੀਪ ਸਿੰਘ, ਟੈਟੂ ਬਣਾਉਣ ਦਾ ਕੰਮ ਕਰਦਾ ਸੀ ਅਤੇ ਉਹ ਅੱਜ ਆਪਣੇ ਜਨਮ ਦਿਨ ਲਈ ਬੁਢਲਾਡਾ ਵਿਖੇ ਸਾਮਾਨ ਲੈਣ ਲਈ ਦੋਸਤ ਨਾਲ ਗਆ ਸੀ। ਇਸ ਦੌਰਾਨ ਜਦੋਂ ਬੁਢਲਾਡੇ ਬੱਸ ਅੱਡੇ ‘ਤੇ ਪਹੁੰਚਿਆ ਤਾਂ ਕੁੱਝ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਬੇਰਹਿਮੀ ਲਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਅੱਧਮਰੀ ਹਾਲਤ ਵਿੱਚ ਛੱਡ ਗਏ।
ਜਸ਼ਨਦੀਪ ਨੂੰ ਜਦੋਂ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਕਿਸੇ ਪੁਰਾਣੀ ਰੰਜਿਸ਼ ਦੇ ਚਲਦੇ ਉਸ ਦੇ ਮੁੰਡੇ ਦਾ ਕਤਲ ਕੀਤਾ ਹੈ।
ਘਟਨਾ ਦਾ ਪਤਾ ਲੱਗਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਤਲਾਂ ਦੀ ਭਾਲ ਲਈ ਵੱਖ ਵੱਖ ਟੀਮਾਂ ਬਣਾ ਕੇ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।