ਟਰੰਪ ਦੇ ਟੈਰਿਫ ਦਾ ਟਾਕਰਾ ਕਰਨ ਲਈ ਕੈਨੇਡਾ ਤਿਆਰ
ਟਰੰਪ ਨੇ ਟਰੂਡੋ ਦਾ ਮੁੜ ਮਖੌਲ ਉਡਾਇਆ
ਸੋਸ਼ਲ ਮੀਡੀਆ ’ਤੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ‘ਕੈਨੇਡਾ ਦਾ ਗਵਰਨਰ’ ਆਖਿਆ
ਵਾਸ਼ਿੰਗਟਨ, 11 ਦਸੰਬਰ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋੋਸ਼ਲ ਮੀਡੀਆ ਪਲੈਟਫਾਰਮ ‘ਟਰੁੱਥ ਸੋਸ਼ਲ’ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੁੜ ਮਖੌਲ ਉਡਾਉਂਦਿਆਂ ਉਨ੍ਹਾਂ ਨੂੰ ‘ਕੈਨੇਡਾ ਦਾ ਗਵਰਨਰ’ ਆਖਿਆ।
ਟਰੂਡੋ ਪਿਛਲੇ ਹਫ਼ਤੇ ਟਰੰਪ ਨਾਲ ਰਾਤ ਦੇ ਖਾਣੇ ਲਈ ਉਨ੍ਹਾਂ ਦੇ ਨਿੱਜੀ ਕਲੱਬ ‘ਮਾਰ-ਏ-ਲਾਗੋ’ ਗਏ ਸਨ ਜਿਥੇ ਉਨ੍ਹਾਂ ਨਵੇਂ ਚੁਣੇ ਗਏ ਰਾਸ਼ਟਰਪਤੀ ਦੀ ਇਸ ਚਿਤਾਵਨੀ ’ਤੇ ਚਰਚਾ ਕੀਤੀ ਸੀ ਕਿ ਜੇ ਕੈਨੇਡਾ ਸਰਕਾਰ ਉਥੋਂ ਅਮਰੀਕਾ ਆਉਣ ਵਾਲੇ ਗੈਰਕਾਨੂੰਨੀ ਪਰਵਾਸੀਆਂ ਅਤੇ ਨਸ਼ਿਆਂ ਦੀ ਆਮਦ ਨੂੰ ਰੋਕਣ ’ਚ ਨਾਕਾਮ ਰਹਿੰਦੀ ਹੈ ਤਾਂ ਕੈਨੇਡਾ ’ਤੇ 25 ਫ਼ੀਸਦੀ ਟੈਕਸ ਲਗਾਇਆ ਜਾਵੇਗਾ। ‘ਟਰੁੱਥ ਸੋਸ਼ਲ’ ’ਤੇ ਪੋਸਟ ’ਚ ਟਰੰਪ ਨੇ ਕਿਹਾ, ‘‘ਮਹਾਨ ਮੁਲਕ ਕੈਨੇਡਾ ਦੇ ਗਵਰਨਰ ਜਸਟਿਨ ਟਰੂਡੋ ਨਾਲ ਰਾਤ ਦਾ ਖਾਣਾ ਖਾ ਕੇ ਖੁਸ਼ੀ ਹੋਈ।’’
ਰਾਤ ਦੇ ਖਾਣੇ ਦੌਰਾਨ ਟਰੂਡੋ ਨੇ ਚਿੰਤਾ ਜਤਾਉਂਦਿਆਂ ਕਿਹਾ ਸੀ ਕਿ ਵਾਧੂ ਦੇ ਟੈਕਸ ਨਾਲ ਕੈਨੇਡਾ ਦਾ ਅਰਥਚਾਰਾ ਤਬਾਹ ਹੋ ਜਾਵੇਗਾ।
ਇਸ ’ਤੇ ਟਰੰਪ ਨੇ ਕਥਿਤ ਤੌਰ ’ਤੇ ਟਰੂਡੋ ਅੱਗੇ ਕੈਨੇਡਾ ਨੂੰ ਅਮਰੀਕਾ ਦਾ 52ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਕੀਤੀ।
ਟਰੰਪ ਨੇ ‘ਐੱਨਬੀਸੀ ਨਿਊਜ਼’ ਨਾਲ ਇੰਟਰਵਿਊ ਅਤੇ ਮੰਗਲਵਾਰ ਨੂੰ ਮੁੜ ਤੋਂ ਪੋਸਟ ’ਚ ਇਹ ਗੱਲ ਦੁਹਰਾਈ।
ਟਰੰਪ ਨੇ ਆਪਣੀ ਪੋਸਟ ’ਚ ਕਿਹਾ, ‘ਮੈਂ ਗਵਰਨਰ ਨਾਲ ਛੇਤੀ ਮਿਲਣ ਦੀ ਆਸ ਕਰਦਾ ਹਾਂ ਤਾਂ ਜੋ ਅਸੀਂ ਟੈਕਸ ਅਤੇ ਵਪਾਰ ਬਾਰੇ ਆਪਣੀ ਗੱਲਬਾਤ ਜਾਰੀ ਰੱਖ ਸਕੀਏ ਜਿਸ ਦੇ ਨਤੀਜੇ ਸਾਰਿਆਂ ਲਈ ਸ਼ਾਨਦਾਰ ਹੋਣਗੇ।’’
ਅਖ਼ਬਾਰ ‘ਨਿਊਯਾਰਕ ਟਾਈਮਜ਼’ ਨੇ ਕਿਹਾ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਵੱਲੋਂ ਕੈਨੇਡੀਅਨ ਬਰਾਮਦ ’ਤੇ ਟੈਕਸ ਲਾਏ ਜਾਣ ਦੇ ਵਾਅਦੇ ਮਗਰੋਂ ਇਹ ਕੈਨੇਡਾ ਅਤੇ ਉਸ ਦੇ ਆਗੂ ’ਤੇ ਤਾਜ਼ਾ ਹਮਲਾ ਹੈ।