Ajnala ਦੇ ਪਿੰਡ ਸੁਧਾਰ ‘ਚ ਡਾਕਟਰ ਨੂੰ ਮਾਰੀਆਂ ਗੋਲੀਆਂ, ਦਵਾਈ ਲੈਣ ਦੇ ਬਹਾਨੇ ਹਸਪਤਾਲ ‘ਚ ਵੜੇ ਅਣਪਛਾਤੇ ਨੌਜਵਾਨ
Ajnala News : ਅਜਨਾਲਾ ਦੇ ਪਿੰਡ ਸੁਧਾਰ ਵਿਖੇ ਇੱਕ ਪ੍ਰਾਈਵੇਟ ਡਾਕਟਰ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਹੈ। ਜਾਣਕਾਰੀ ਅਨੁਸਾਰ ਸੁਧਾਰ ਪਿੰਡ ਦੇ ਮੁੱਖ ਅੱਡੇ ‘ਤੇ ਮਾਕੋਵਾਲ ਪਿੰਡ ਨੂੰ ਜਾਂਦੀ ਸੜਕ ‘ਤੇ ਸਥਿਤ ਭੰਗੂ ਹਸਪਤਾਲ ਦੇ ਮਾਲਕ ਡਾ. ਕੁਲਵਿੰਦਰ ਸਿੰਘ ’ਤੇ ਦੁਪਹਿਰ ਸਮੇਂ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਇਸ ਦੌਰਾਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਘਟਨਾ ਸਥਾਨ ’ਤੇ ਪਹੁੰਚੇ ,ਜਿਨ੍ਹਾਂ ਵਿੱਚੋਂ ਦੋ ਹਸਪਤਾਲ ਦੇ ਅੰਦਰ ਦਾਖਲ ਹੋਏ ਜਦਕਿ ਇੱਕ ਬਾਹਰ ਹੀ ਖੜਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਦਵਾਈ ਲੈਣ ਦੇ ਬਹਾਨੇ ਡਾਕਟਰ ਦੇ ਨੇੜੇ ਜਾ ਕੇ ਗੋਲੀਆਂ ਮਾਰੀਆਂ ਹਨ।
ਰਿਪੋਰਟ ਮੁਤਾਬਕ ਡਾਕਟਰ ਨੂੰ ਦੋ ਗੋਲੀਆਂ ਲੱਗੀਆਂ ਹਨ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਚਸ਼ਮਦੀਦਾ ਮੁਤਾਬਕ ਹਮਲਾਵਰਾਂ ਵੱਲੋਂ ਪੰਜ ਗੋਲੀਆਂ ਚਲਾਈਆਂ ਗਈਆਂ ਸਨ। ਇਹ ਪੂਰੀ ਘਟਨਾ ਹਸਪਤਾਲ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹਸਪਤਾਲ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਹਮਲਾਵਰ ਗੋਲੀਆਂ ਚਲਾ ਕੇ ਫਰਾਰ ਹੋ ਗਏ।
ਥਾਣਾ ਰਮਦਾਸ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਟੀਮ ਮੌਕੇ ’ਤੇ ਪਹੁੰਚ ਗਈ ਸੀ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਗਵਾਹਾਂ ਦੇ ਬਿਆਨਾਂ ਦੇ ਅਧਾਰ ’ਤੇ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਫਿਲਹਾਲ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਵਾਧੂ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ।
ਡਾਕਟਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਪਹਿਲਾਂ ਵੀ ਫੋਨ ’ਤੇ ਧਮਕੀਆਂ ਮਿਲੀਆਂ ਸਨ ਅਤੇ ਇੱਕ ਵਾਰ ਪਹਿਲਾਂ ਵੀ ਗੋਲੀ ਚਲਾਈ ਗਈ ਸੀ, ਜਿਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ। ਪਰਿਵਾਰ ਨੇ ਸੁਰੱਖਿਆ ਪ੍ਰਬੰਧਾਂ ਵਿੱਚ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਸਥਾਨਕ ਲੋਕਾਂ ਅਤੇ ਨੇਤਾਵਾਂ ਨੇ ਘਟਨਾ ਦੀ ਨਿੰਦਾ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਲਾਕਾ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਪ੍ਰਭਾਵ ਖੇਤਰ ਵਿੱਚ ਆਉਂਦਾ ਹੈ, ਜਿੱਥੇ ਹਾਲ ਹੀ ਵਿੱਚ ਫਿਰੌਤੀ ਅਤੇ ਗੋਲੀਆਂ ਚਲਣ ਦੇ ਮਾਮਲੇ ਵਧ ਰਹੇ ਹਨ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।