Breaking News

ਭੈਣ ਦੇ ਵਿਆਹ ’ਚ ਡਾਂਸ ਕਰਦਿਆਂ ਕੁੜੀ ਦੀ ਹੋਈ ਮੌਤ

ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲੇ ’ਚ ਇਕ ਕੁੜੀ ਆਪਣੀ ਚਚੇਰੀ ਭੈਣ ਦੇ ਵਿਆਹ ’ਚ ਡਾਂਸ ਕਰਦਿਆਂ ਅਚਾਨਕ ਡਿੱਗ ਗਈ। ਇਸ ਤੋਂ ਪਹਿਲਾਂ ਕਿ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਜਾਂਦੇ, ਡਿੱਗਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਵਿਆਹ ਦੌਰਾਨ ਘਰ ’ਚ ਵਾਪਰੇ ਅਜਿਹੇ ਹਾਦਸੇ ਕਾਰਨ ਵਿਆਹ ਦੀਆਂ ਖ਼ੁਸ਼ੀਆਂ ਪਲਾਂ ’ਚ ਹੀ ਸੋਗ ’ਚ ਬਦਲ ਗਈਆਂ। ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ’ਚ ਦੇਖਿਆ ਜਾ ਰਿਹਾ ਹੈ ਕਿ ਕੁੜੀ ਡਾਂਸ ਕਰਦਿਆਂ ਅਚਾਨਕ ਡਿੱਗ ਗਈ।

ਦਰਅਸਲ ਇਹ ਪੂਰਾ ਮਾਮਲਾ ਮੇਰਠ ਜ਼ਿਲੇ ਦੇ ਅਹਿਮਦਨਗਰ ਨਗਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਥੋਂ ਦੇ ਰਹਿਣ ਵਾਲੇ ਆਫਤਾਬ ਦੀ ਧੀ ਦਾ ਐਤਵਾਰ ਨੂੰ ਵਿਆਹ ਹੋਣਾ ਸੀ। ਵਿਆਹ ਤੋਂ ਪਹਿਲਾਂ ਸ਼ਨੀਵਾਰ ਨੂੰ ਹਲਦੀ ਦੀ ਰਸਮ ਚੱਲ ਰਹੀ ਸੀ। ਇਸ ਦੌਰਾਨ ਜਿਥੇ ਘਰ ਦੀਆਂ ਔਰਤਾਂ ਲਾੜੀ ਨੂੰ ਹਲਦੀ ਲਾਉਂਦੀਆਂ ਗੀਤ ਗਾ ਰਹੀਆਂ ਸਨ, ਉਥੇ ਹੀ ਲਾੜੀ ਦੀ ਚਚੇਰੀ ਭੈਣ ਆਫਤਾਬ ਦੇ ਭਰਾ ਮਹਿਤਾਬ ਦੀ ਧੀ ਰਿਮਸ਼ਾ ਵੀ ਆਪਣੇ ਦੋਸਤਾਂ ਨਾਲ ਹਲਦੀ ਦੇ ਪ੍ਰੋਗਰਾਮ ’ਚ ਸ਼ਾਮਲ ਹੋਈ।

ਦੱਸਿਆ ਜਾ ਰਿਹਾ ਹੈ ਕਿ ਹਲਦੀ ਸਮਾਰੋਹ ਦੌਰਾਨ ਲੋਕ ਡੀਜੇ ’ਤੇ ਚੱਲ ਰਹੀ ਕੇ. ਜੀ. ਐੱਫ. ਫ਼ਿਲਮ ਦੇ ਗੀਤ ’ਤੇ ਨੱਚ ਰਹੇ ਸਨ। ਨੱਚਦਿਆਂ ਅਚਾਨਕ ਰਿਮਸ਼ਾ ਡਿੱਗ ਪਈ। ਰਿਮਸ਼ਾ ਦੇ ਜ਼ਮੀਨ ’ਤੇ ਡਿੱਗਣ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਚੁੱਕ ਲਿਆ ਤੇ ਉਸ ਦੇ ਚਿਹਰੇ ’ਤੇ ਪਾਣੀ ਛਿੜਕਿਆ, ਕਈ ਕੋਸ਼ਿਸ਼ਾਂ ਦੇ ਬਾਵਜੂਦ ਰਿਮਸ਼ਾ ਨਹੀਂ ਉੱਠੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ।

ਹਸਪਤਾਲ ਪਹੁੰਚ ਕੇ ਡਾਕਟਰਾਂ ਨੇ ਜਾਂਚ ਕੀਤੀ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਵਲੋਂ ਉਸ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਆਫਤਾਬ ਦੇ ਪਰਿਵਾਰ ’ਚ ਸੋਗ ਦੀ ਲਹਿਰ ਦੌੜ ਗਈ। ਇਸ ਦੇ ਨਾਲ ਹੀ ਆਫਤਾਬ ਦੀ ਧੀ ਦਾ ਵਿਆਹ ਵੀ ਰੋਕ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਪੂਰੇ ਪਰਿਵਾਰ ’ਚ ਸੋਗ ਦੀ ਲਹਿਰ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਨਹੀਂ ਦਿੱਤੀ। ਇਹ ਸਾਰੀ ਘਟਨਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਕੈਦ ਹੋ ਗਈ ਹੈ। ਨੱਚਦਿਆਂ ਕੁੜੀ ਦੀ ਮੌਤ ਦੀ ਖ਼ੌਫਨਾਕ ਵੀਡੀਓ ਦੇਖ ਕੇ ਲੋਕਾਂ ਦੀਆਂ ਰੂਹਾਂ ਕੰਬ ਰਹੀਆਂ ਹਨ।

ਭੈਣ ਦੇ ਵਿਆਹ ’ਚ ਡਾਂਸ ਕਰਦਿਆਂ ਕੁੜੀ ਦੀ ਹੋਈ ਮੌਤ, ਵਿਆਹ ਵਾਲੇ ਘਰ ’ਚ ਪੈ ਗਏ ਵੈਣ, ਦੇਖੋ ਵੀਡੀਓ
ਕੁਮੈਂਟ ਬਾਕਸ ’ਚ ਪੜ੍ਹੋ ਖ਼ਬਰ