Pakistan Bars Hindu Pilgrims
ਕੀ ਕੋਈ ਵੀ ਹਿੰਦੂ ਸ਼ਰਧਾਲੂ ਗੁਰਪੁਰਬ ਮਨਾਉਣ ਵਾਸਤੇ ਪਾਕਿਸਤਾਨ ਨਹੀਂ ਜਾ ਸਕਿਆ ?
ਸੱਚ ਇਹ ਹੈਃ
ਇਹ ਅੱਧਾ ਸੱਚ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਏ ਜਥੇ ‘ਚੋਂ 14 ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨ ਸਰਕਾਰ ਨੇ ਵਾਪਸ ਭੇਜ ਦਿੱਤਾ ਹੈ।
ਖ਼ਬਰਾਂ ਨੂੰ ਜਾਣਬੁੱਝ ਕੇ ਇਸ ਤਰਾਂ ਪੇਸ਼ ਕੀਤਾ ਗਿਆ ਕਿ ਪੜਨ-ਸੁਣਨ ਵਾਲਿਆਂ ਨੂੰ ਲੱਗਿਆ ਕਿ ਸਿਰਫ ਹਿੰਦੂ ਸ਼ਰਧਾਲੂਆਂ ਨੂੰ ਵਾਪਸ ਭੇਜਿਆ ਗਿਆ। ਜਦੋਂ ਕਿ ਭਾਰਤ ਸਰਕਾਰ ਨੇ ਵੀ 50 ਤੋਂ ਜ਼ਿਆਦਾ ਸਿੱਖ ਸ਼ਰਧਾਲੂਆਂ ਨੂੰ ਵਾਪਸ ਮੋੜ ਦਿੱਤਾ।
ਕਰੀਬ 1,930 ਸ਼ਰਧਾਲੂ 4 ਨਵੰਬਰ ਨੂੰ ਵਾਘਾ-ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਵਿਚ ਦਾਖਲ ਹੋਏ। ਇਹ ਸਭ ਯਾਤਰੀ ਉਹਨਾਂ 2,157 ਸ਼ਰਧਾਲੂਆਂ ਵਿਚੋਂ ਸਨ, ਜਿਨ੍ਹਾਂ ਨੂੰ ਇਸ ਮੌਕੇ ਲਈ ਵੀਜ਼ੇ ਜਾਰੀ ਕੀਤੇ ਗਏ ਸਨ।
ਪ੍ਰਾਪਤ ਜਾਣਕਾਰੀ ਮੁਤਾਬਕ, ਕਰੀਬ 14 ਹਿੰਦੂ ਤੇ 50 ਸਿੱਖ ਯਾਤਰੀ ਪਾਕਿਸਤਾਨ ਜਾਣ ਤੋਂ ਬਿਨਾਂ ਹੀ ਰਹਿ ਗਏ, ਹਾਲਾਂਕਿ ਉਨ੍ਹਾਂ ਨੂੰ ਵੀਜ਼ੇ ਜਾਰੀ ਹੋ ਚੁੱਕੇ ਸਨ।
ਜਿਨ੍ਹਾਂ 14 ਹਿੰਦੂ ਯਾਤਰੀਆਂ ਨੂੰ ਵਾਪਸ ਭੇਜਿਆ ਗਿਆ, ਉਨ੍ਹਾਂ ਵਿੱਚ ਵੱਡੀ ਗਿਣਤੀ ਉਹਨਾਂ ਦੀ ਸੀ ਜੋ ਪਹਿਲਾਂ ਪਾਕਿਸਤਾਨੀ ਨਾਗਰਿਕ ਸਨ ਅਤੇ ਜਿਨ੍ਹਾਂ ਨੇ ਭਾਰਤ ਵਿੱਚ ਆਸਰਾ ਮੰਗ ਕੇ ਬਾਅਦ ਵਿਚ ਭਾਰਤੀ ਨਾਗਰਿਕਤਾ ਹਾਸਲ ਕੀਤੀ ਸੀ। ਕੁਝ ਭਾਰਤ-ਜਨਮੇ ਹਿੰਦੂ ਯਾਤਰੀਆਂ ਨੂੰ ਵੀ ਪਾਕਿਸਤਾਨ ਸਰਕਾਰ ਵੱਲੋਂ ਵਾਪਸ ਭੇਜਿਆ ਗਿਆ।
ਦੂਜੇ ਪਾਸੇ, ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਜਥੇ ਨਾਲ ਲਗਭਗ 40 ਹਿੰਦੂ ਸ਼ਰਧਾਲੂ ਪਾਕਿਸਤਾਨ ਗਏ। ਕਮੇਟੀ ਦੀ ਯਾਤਰਾ ਬਰਾਂਚ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ 1,760 ਸਿੱਖ ਯਾਤਰੀਆਂ ਦੇ ਨਾਲ 40 ਤੋਂ 45 ਹਿੰਦੂ ਸ਼ਰਧਾਲੂ ਵੀ ਜਥੇ ਦਾ ਹਿੱਸਾ ਸਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ ਉਨ੍ਹਾਂ ਦੇ 170 ਸ਼ਰਧਾਲੂਆਂ ਦੇ ਜਥੇ ਵਿਚੋਂ ਕਰੀਬ 8 ਹਿੰਦੂ ਯਾਤਰੀਆਂ ਨੂੰ ਵਾਪਸ ਕਰ ਦਿੱਤਾ ਗਿਆ। ਇਹ ਸਾਰੇ ਉਹ ਲੋਕ ਸਨ ਜੋ ਪਹਿਲਾਂ ਪਾਕਿਸਤਾਨ ਵਿੱਚ ਜਨਮੇ ਸਨ ਤੇ ਬਾਅਦ ਵਿਚ ਭਾਰਤੀ ਨਾਗਰਿਕ ਬਣੇ।
ਕੁੱਲ਼ 50 ਤੋਂ ਜ਼ਿਆਦਾ ਹਿੰਦੂ ਸ਼ਰਧਾਲੂ ਇਸ ਸਮੇਂ ਜਥੇ ਨਾਲ ਅਜੇ ਵੀ ਪਾਕਿਸਤਾਨ ‘ਚ ਗੁਰਦੁਆਰਿਆਂ ਦੀ ਯਾਤਰਾ ‘ਤੇ ਹਨ।
ਇਹ ਹਰ ਵਾਰ ਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਐਨ ਮੌਕੇ ਕੁੱਝ ਸ਼ਰਧਾਲੂਆਂ ਨੂੰ ਵੀਜ਼ਾ ਹੋਣ ਦੇ ਬਾਵਜੂਦ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਪਰ ਇਸ ਦਾ ਕਾਰਨ ਯਾਤਰੀ ਦਾ ਹਿੰਦੂ ਜਾਂ ਸਿੱਖ ਹੋਣਾ ਨਹੀਂ ਹੁੰਦਾ।
-ਕਮਲਦੀਪ ਸਿੰਘ ਬਰਾੜ (ਇੰਡੀਅਨ ਐਕਸਪ੍ਰੈਸ)