Breaking News

ਭਾਰਤ ਜੋ ਕਨੇਡਾ ਨਾਲ ਕਰ ਰਿਹਾ, ਅਮਰੀਕਾ ਨਾਲ ਨਹੀਂ ਕਰ ਸਕਦਾ – ਕਨੇਡੀਅਨ ਡਿਪਲੋਮੇਟ ਦਾ ਬਿਆਨ

ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਰਹੇ ਕੈਮਰਨ ਮੈਕੇ ਨੇ ਨਿੱਝਰ ਅਤੇ ਪਨੂੰ ਮਾਮਲੇ ਬਾਰੇ ਕਿਹੜਾ ਵੱਡਾ ਦਾਅਵਾ ਕੀਤਾ

ਨਿੱਝਰ ਅਤੇ ਪੰਨੂ ਮਾਮਲੇ ਵਿੱਚ ਭਾਰਤ ਵਿੱਚ ਕੈਨੇਡਾ ਦੇ ਰਾਜਦੂਤ ਰਹੇ ਕੈਮਰਨ ਮੈਕੇ ਨੇ ਭਾਰਤ ਉੱਤੇ ਗੰਭੀਰ ਇਲਜ਼ਾਮ ਲਾਏ ਹਨ।

ਕੈਨੇਡਾ ਦੇ ਸਰਕਾਰੀ ਖ਼ਬਰ ਚੈਨਲ ਸੀਬੀਸੀ ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਕੈਨੇਡਾ ਵਿੱਚ ਨਿੱਝਰ ਦੇ ਕਤਲ ਅਤੇ ਅਮਰੀਕਾ ਵਿੱਚ ਪੰਨੂ ਦੇ ਕਤਲ ਦੀ ਕੋਸ਼ਿਸ਼ ਇੱਕ ਹੀ ਸਾਜਿਸ਼ ਦਾ ਹਿੱਸਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ, ਸ਼ੁੱਕਰਵਾਰ ਨੂੰ ਕੈਨੇਡਾ ਦੇ ਕੂਟਨੀਤਕਾਂ ਨੇ ਭਾਰਤ ਛੱਡ ਦਿੱਤਾ ਹੈ। ਭਾਰਤ ਨੇ ਉਨ੍ਹਾਂ ਨੂੰ ਦੇਸ ਛੱਡਣ ਲਈ ਸ਼ਨੀਵਾਰ ਅੱਧੀ ਰਾਤ ਤੱਕ ਦੀ ਮੁਹਲਤ ਦਿੱਤੀ ਸੀ।

ਪਿਛਲੇ ਅਗਸਤ ਵਿੱਚ ਭਾਰਤ ਛੱਡਣ ਵਾਲੇ ਕੈਮਰਨ ਮੈਕੇ ਨੇ ਕਿਹਾ ਕਿ ਅਮਰੀਕੀ ਮੁਕੱਦਮਾ, ਕੈਨੇਡਾ ਅਤੇ ਅਮਰੀਕਾ ਵਿੱਚ ਕਈ ਜਣਿਆਂ ਨੂੰ ਮਾਰਨ ਲਈ ਬਣਾਈ ਗਈ ਇੱਕ ਸਾਜਿਸ਼ ਵਿੱਚ ਭਾਰਤ ਦੀ ਭੂਮਿਕਾ ਦੀ “ਦਿਲਚਸਪ ਅਤੇ ਵਿਸਥਾਰਿਤ ਤਸਵੀਰ” ਪੇਸ਼ ਕਰਦਾ ਹੈ।

ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇੱਕ ਕੈਨੇਡੀਅਨ ਕੂਟਨੀਤਕ ਨੇ ਜਨਤਕ ਰੂਪ ਵਿੱਚ ਇਨ੍ਹਾਂ ਦੋਵਾਂ ਘਟਨਾਵਾਂ ਨੂੰ ਇੱਕ ਹੀ ਮਾਲਾ ਦੇ ਮਣਕੇ ਦੱਸਿਆ ਹੈ। ਕੈਮਰਨ ਮੈਕੇ ਨੇ ਕੈਨੇਡਾ ਦੀ ਵਿਦੇਸ਼ ਸੇਵਾ ਵਿੱਚ ਸਭ ਤੋਂ ਸੀਨੀਅਰ ਮੰਨਿਆ ਜਾਂਦਾ ਹੈ।

ਪਿਛਲੇ ਸਾਲ ਜੂਨ ਵਿੱਚ ਕੈਨੇਡਾ ਵਿੱਚ ਖ਼ਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਦਾ ਕਤਲ ਗਿਆ ਸੀ ਜਦਕਿ ਅਮਰੀਕਾ ਵਿੱਚ ਇੱਕ ਹੋਰ ਖ਼ਾਲਿਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂ ਦੀ ਕਥਿਤ ਤੌਰ ਉੱਤੇ ਹੱਤਿਆ ਦੀ ਕੋਸ਼ਿਸ਼ ਨਾਕਾਮ ਹੋ ਗਈ ਸੀ।

ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਬੇਤੁਕਾ ਅਤੇ ਸਿਆਸਤ ਤੋਂ ਪ੍ਰੇਰਿਤ ਕਹਿੰਦੇ ਹੋਏ ਰੱਦ ਕਰ ਦਿੱਤਾ ਹੈ। ਲੇਕਿਨ ਇਸ ਮਾਮਲੇ ਵਿੱਚ ਸੂਚਨਾ ਅਤੇ ਕਾਰਵਾਈ ਬਾਰੇ ਅਮਰੀਕੀ ਬੇਨਤੀਆਂ ਪ੍ਰਤੀ ਨਰਮੀ ਦਿਖਾਈ ਹੈ।

ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਸਟੀਵਰਡ ਵੀਲ੍ਹਰ ਦੇ ਨਾਲ ਪੰਜ ਹੋਰ ਕੈਨੇਡੀਅਨ ਕੂਟਨੀਤਕਾਂ ਨੂੰ ਭਾਰਤ ਨੇ ਦੇਸ਼ ਛੱਡਣ ਦੇ ਹੁਕਮ ਦਿੱਤੇ ਸਨ।

ਜਦਕਿ ਨਵੀਂ ਦਿੱਲੀ ਨੇ ਕੈਨੇਡਾ ਵਿੱਚ ਆਪਣੇ ਹਾਈ ਕਮਿਸ਼ਨਰ ਦੇ ਨਾਲ ਪੰਜ ਕੂਟਨੀਤਕਾਂ ਨੂੰ ਵਾਪਸ ਬੁਲਾ ਲਿਆ ਹੈ। ਹਾਲਾਕਿ ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦੇਸ ਛੱਡਣ ਲਈ ਕਿਹਾ ਗਿਆ ਸੀ।

ਸੀਬੀਸੀ ਦੇ ਨਿਊਜ਼ ਸਟੈਂਡਰਡ ਪ੍ਰੋਗਰਾਮ ਵਿੱਚ ਕੈਨੇਡੀਅਨ ਕੂਟਨੀਤਕ ਕੈਮਰਨ ਮੈਕੇ ਨੇ ਕਿਹਾ, “ਕੱਲ੍ਹ ਹੀ ਅਮਰੀਕਾ ਵਿੱਚ ਲਾਏ ਗਏ ਮੁਕੱਦਮੇ ਅਤੇ ਇਲਜ਼ਾਮ ਅਤੇ ਫਿਰ 29 ਨਵੰਬਰ 2023 ਨੂੰ ਸ਼ੁਰੂ ਕੀਤੇ ਗਏ ਮੁਕੱਦਮੇ, ਦਿਖਾਉਂਦੇ ਹਨ ਕਿ ਕਈ ਜਣਿਆਂ ਨੂੰ ਮਾਰਨ ਦੀ ਕੋਸ਼ਿਸ਼ ਇੱਕ ਹੀ ਸਾਜਿਸ਼ ਦਾ ਹਿੱਸਾ ਸੀ।”

ਕੈਮਰਨ ਮੈਕੇ ਨੇ ਕੀ ਕਿਹਾ

ਉਨ੍ਹਾਂ ਨੇ ਕਿਹਾ, “ਜੇ ਦੋਵਾਂ ਮੁਕੱਦਮਿਆਂ ਦੇ ਸਬੂਤਾਂ ਨੂੰ ਇਕੱਠਿਆਂ ਰੱਖ ਦੇ ਦੇਖਿਆ ਜਾਵੇ, ਇੱਕ ਜੋ ਜਾਰੀ ਕੀਤਾ ਗਿਆ ਹੈ ਅਤੇ ਦੂਜਾ ਜੋ ਰਾਇਲ ਕੈਨੇਡੀਅਨ ਮਾਊਂਟ ਪੁਲਿਸ ਨੇ ਬਿਆਨ ਦਿੱਤਾ ਹੈ, ਤਾਂ ਤੁਹਾਨੂੰ ਇੱਕ ਸਪਸ਼ਟ ਤਸਵੀਰ ਦਿਖੇਗੀ ਕਿ ਇੱਕ ਸਾਲ ਤੋਂ ਕੀ ਹੁੰਦਾ ਆ ਰਿਹਾ ਹੈ।”

ਪਿਛਲੇ ਸੌਮਵਾਰ ਨੂੰ ਕੈਨੇਡਾ ਦੀ ਰਾਇਲ ਮਾਊਂਟਡ ਪੁਲਿਸ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੀਤੇ ਦਾਅਵੇ ਮੁਤਾਬਕ, “ਭਾਰਤੀ ਏਜੰਟ ਬਿਸ਼ਨੋਈ ਗੈਂਗ ਦੀ ਮਦਦ ਨਾਲ ਕੈਨੇਡਾ ਵਿੱਚ ਦੱਖਣ ਏਸ਼ੀਆਈ ਮੂਲ ਦੇ ਲੋਕਾਂ, ਖ਼ਾਸ ਕਰਕੇ ਖ਼ਾਲਿਸਤਾਨ ਹਮਾਇਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ।”

ਮੈਕੇ ਨੇ ਇਸ ਨੂੰ ਭਾਰਤ ਦੀ ਭਾਰੀ ਰਣਨੀਤਿਕ ਗ਼ਲਤੀ ਕਰਾਰ ਦਿੰਦੇ ਹੋਏ ਕਿਹਾ, “ਜ਼ਰਾ ਸੋਚੋ ਕਿ ਭਾਰਤ ਸਰਕਾਰ ਦੇ ਕੁਝ ਏਜੰਟ ਪੂਰੇ ਉੱਤਰੀ ਅਮਰੀਕਾ ਵਿੱਚ ਹਿੰਸਕ ਅਪਰਾਧ ਕਰਵਾ ਸਕਦੇ ਹਨ ਅਤੇ ਇਸ ਤੋਂ ਬਚ ਨਿਕਲਦੇ ਹਨ। ਇਹ ਭਾਰੀ ਰਣਨੀਤਿਕ ਗਲਤੀ ਸੀ।”

“ਮੈਨੂੰ ਲਗਦਾ ਹੈ ਕਿ ਕੁਝ ਗਲਤੀਆਂ ਹੋਈਆਂ, ਜਿਸ ਨਾਲ ਇਹ ਲੋਕ ਫੜੇ ਗਏ। ਮੈਂ ਕੈਨੇਡਾ ਅਤੇ ਅਮਰੀਕਾ ਵਿੱਚ ਜੋ ਕੁਝ ਹੋਇਆ ਦੋਵਾਂ ਮਾਮਲਿਆਂ ਦੀ ਗੱਲ ਕਰ ਰਿਹਾ ਹਾਂ।”

ਮੈਕੇ ਨੇ ਕਿਹਾ ਕਿ, “ਕੁਝ ਬਹੁਤ ਗੰਭੀਰ ਹੱਦਾਂ ਨੂੰ ਪਾਰ ਕੀਤਾ ਗਿਆ ਹੈ ਅਤੇ ਤਾਜ਼ਾ ਅਮਰੀਕੀ ਮੁੱਕਦਮਿਆਂ ਨੇ ਇੰਡੀਆ ਬਰਾਂਡ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ।”

ਅਮਰੀਕੀ ਮੁਕੱਦਮੇ ਵਿੱਚ ਵਿਕਾਸ ਯਾਦਵ ਅਤੇ ਨਿਖਿਲ ਗੁਪਤਾ ਉੱਤੇ ਪੈਸੇ ਬਦਲੇ ਕਤਲ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ।

ਅਮਰੀਕਾ ਨੇ ਜੋ ਇਲਜ਼ਾਮ ਦਰਜ ਕੀਤੇ ਹਨ ਉਨ੍ਹਾਂ ਦੇ ਮੁਤਾਬਕ, ਵਿਕਾਸ ਯਾਦਵ ਉਰਫ਼ ਅਮਾਨਤ ਭਾਰਤ ਸਰਕਾਰ ਦੇ ਕੈਬਨਿਟ ਸਕੱਤਰੇਤ ਵਿੱਚ ਕੰਮ ਕਰਦੇ ਸਨ ਜੋ ਕਿ ਭਾਰਤੀ ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਇੱਕ ਹਿੱਸਾ ਹੈ।

ਅਮਰੀਕਾ ਦੇ ਮੁਤਾਬਕ, ਯਾਦਵ ਭਾਰਤ ਦੀ ਸੂਹੀਆ ਏਜੰਸੀ ਰਾਅ ਦੇ ਲਈ ਕੰਮ ਕਰਦੇ ਸਨ ਜੋ ਕਿ ਕੈਬਨਿਟ ਸਕੱਤਰੇਤ ਦਾ ਹਿੱਸਾ ਹੈ। ਉਹ ਪੰਨੂ ਦੀ ਹੱਤਿਆ ਦੇ ਮੁੱਖ ਸਾਜਿਸ਼ਕਾਰ ਹਨ।

ਉਨ੍ਹਾਂ ਨੂੰ ਐੱਫ਼ਬੀਆਈ ਦੀ ਮੋਸਟ ਵਾਂਟਿਡ ਲਿਸਟ ਵਿੱਚ ਪਾ ਦਿੱਤਾ ਗਿਆ ਹੈ।

ਪਿਛਲੇ ਵੀਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵਿਕਾਸ ਯਾਦਵ ਦਾ ਨਾਮ ਲਏ ਬਿਨਾਂ ਕਿਹਾ ਸੀ ਕਿ ਅਮਰੀਕੀ ਜਸਟਿਸ ਡਿਪਾਰਟਮੈਂਟ ਦੇ ਮੁਕੱਦਮੇ ਵਿੱਚ ਜਿਸ ਵਿਅਕਤੀ ਦਾ ਜ਼ਿਕਰ ਹੈ, ਉਹ ਹੁਣ ਭਾਰਤ ਸਰਕਾਰ ਦਾ ਕਰਮਚਾਰੀ ਨਹੀਂ ਹੈ।

ਇੰਡੀਅਨ ਐਕਸਪ੍ਰੈੱਸ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਪਿਛਲੇ ਸਾਲ ਜਦੋਂ ਅਮਰੀਕੀ ਨਿਆਂ ਵਿਭਾਗ ਨੇ ਵਿਕਾਸ ਯਾਦਵ ਨੂੰ ਸਹਿ ਸਾਜਿਸ਼ਕਾਰ (ਸੀਸੀ-1) ਦੱਸਿਆ ਉਸ ਤੋਂ ਤਿੰਨ ਹਫ਼ਤੇ ਬਾਅਦ ਹੀ ਪਿਛਲੇ ਨੰਵਬਰ ਵਿੱਚ ਵਿਕਾਸ ਯਾਦਵ ਨੂੰ ਦਿੱਲੀ ਪੁਲਿਸ ਨੇ ਇੱਕ ਵਸੂਲੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਚਾਰ ਮਹੀਨੇ ਬਾਅਦ ਵਿਕਾਸ ਯਾਦਵ ਨੂੰ ਜ਼ਮਾਨਤ ਮਿਲ ਗਈ ਅਤੇ ਇਸੇ ਸਾਲ ਅਪ੍ਰੈਲ ਵਿੱਚ ਉਹ ਤਿਹਾੜ ਜੇਲ੍ਹ ਤੋਂ ਬਾਹਰ ਨਿਕਲੇ ਸਨ।

ਪਿਛਲੇ ਸ਼ੁੱਕਰਵਾਰ ਨੂੰ ਹੀ ਅਮਰੀਕੀ ਨਿਆਂ ਵਿਭਾਗ ਨੇ ਪੰਨੂ ਦੀ ਹੱਤਿਆ ਦੀ ਸਾਜਿਸ਼ ਵਿੱਚ ਵਿਕਾਸ ਯਾਦਵ ਉੱਤੇ ਸੁਪਾਰੀ ਦੇਣ ਅਤੇ ਹਵਾਲੇ ਦੇ ਇਲਜ਼ਾਮ ਲਾਏ ਸਨ।

ਕੈਨੇਡਾ ਕੀ ਚਾਹੁੰਦਾ ਹੈ?
ਕੈਮਰਨ ਮੈਕੇ ਨੇ ਕਿਹਾ, “ਮੇਰੇ ਲੱਗਦਾ ਹੈ ਕਿ ਇਸ ਵੇਲੇ ਕੈਨੇਡਾ ਦੀ ਸਭ ਤੋਂ ਵੱਡੀ ਤਰਜੀਹ ਦੇਸ਼ ਭਰ ਦੀਆਂ ਸੜਕਾਂ ‘ਤੇ ਜਨਤਕ ਸੁਰੱਖਿਆ ‘ਤੇ ਧਿਆਨ ਦੇਣਾ ਅਤੇ ਕੈਨੇਡਾ ਵਿੱਚ ਜੋ ਕੁਝ ਹੁੰਦਾ ਹੈ ਉਸ ਲਈ ਜਵਾਬਦੇਹੀ ਤੈਅ ਕਰਨਾ ਹੈ। ਭਾਰਤ ਸਰਕਾਰ ਦੀ ਪ੍ਰਤੀਕਿਰਿਆ ਦੇ ਮੱਦੇ ਨਜ਼ਰ, ਇਸ ਨੂੰ ਹੋਰ ਸਮਾਂ ਲੱਗੇਗਾ।”

ਉਨ੍ਹਾਂ ਨੇ ਗੱਲਬਾਤ ਦਾ ਰਾਹ ਖੁੱਲ੍ਹਾ ਰੱਖਣ ‘ਤੇ ਜ਼ੋਰ ਦਿੰਦਿਆਂ ਕਿਹਾ, “ਦੋਵੇਂ ਸਰਕਾਰਾਂ ਨੂੰ ਕੋਸ਼ਿਸ਼ ਕਰਨੀ ਪਵੇਗੀ ਕਿ ਇਸ ਕੂਟਨੀਤਕ ਵਿਵਾਦ ਨਾਲ ਲੋਕਾਂ ਅਤੇ ਕਾਰੋਬਾਰ ‘ਤੇ ਪੈਣ ਵਾਲੇ ਅਸਰ ਨੂੰ ਘੱਟ ਤੋਂ ਘੱਟ ਕੀਤਾ ਜਾਵੇ।”

“ਕੈਨੇਡੀਅਨ ਸਰਕਾਰ ਅਜਿਹਾ ਸੋਚਦੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਸਰਕਾਰ ਵੀ ਸਹਿਯੋਗ ਕਰੇਗੀ। ਬੇਕਸੂਰ ਲੋਕਾਂ ਨੂੰ ਇਸ ਦੀ ਕੀਮਤ ਚੁਕਾਉਣ ਨਹੀਂ ਦੇਣੀ ਚਾਹੀਦੀ।”

ਉਨ੍ਹਾਂ ਕਿਹਾ ਕਿ ਅਜੇ ਤੱਕ ਨਵੀਂ ਦਿੱਲੀ ਦਾ ਰਵੱਈਆ ‘ਇਨਕਾਰ ਕਰਨ ਵਾਲੇ’ ਅਤੇ ‘ਕੈਨੇਡਾ ਨੂੰ ਬੁਰਾ ਕਹਿਣʼ ਵਾਲਾ ਰਿਹਾ ਹੈ। ਉਨ੍ਹਾਂ ਕਿਹਾ, “ਕੈਨੇਡਾ ਨਾਲ ਕੂਟਨੀਤਕ ਰਿਸ਼ਤੇ ਸੁਧਾਰਨਾ ਉਸ ਦੇ ਏਜੰਡੇ ‘ਤੇ ਨਹੀਂ ਹੈ ਅਤੇ ਸਬੰਧਾਂ ਨੂੰ ਆਮ ਵਾਂਗ ਹੋਣ ਵਿੱਚ ਸਮਾਂ ਲੱਗੇਗਾ।”

ਸੀਬੀਸੀ ਐਂਕਰ ਨੇ ਜਦੋਂ ਪੁੱਛਿਆ ਕਿ ਕੀ ਅਮਰੀਕਾ ਅਤੇ ਕੈਨੇਡਾ ਨੂੰ ਲੈ ਕੇ ਭਾਰਤ ਦੀ ਪ੍ਰਤੀਕਿਰਿਆ ਵੱਖ-ਵੱਖ ਹੈ, ਤਾਂ ਉਨ੍ਹਾਂ ਕਿਹਾ, “ਇਸ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ। ਘਰੇਲੂ ਪੱਧਰ ‘ਤੇ ਭਾਰਤ ਨੇ ਆਪਣੀ ਪ੍ਰਤੀਕਿਰਿਆ ‘ਚ ਕੈਨੇਡਾ ਦੀ ਨਿੰਦਾ ਕੀਤੀ ਹੈ, ਜਦਕਿ ਭਾਰਤ ਅਮਰੀਕਾ ਨੂੰ ਲੈ ਕੇ ਅਜਿਹਾ ਨਹੀਂ ਕਰ ਸਕਦਾ।”

“ਅਮਰੀਕਾ ਕੌਮਾਂਤਰੀ ਪੱਧਰ ‘ਤੇ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਭਾਰਤ ਨਾਲ ਇਸ ਦੇ ਸਬੰਧ ਵੱਖਰੀ ਕਿਸਮ ਦੇ ਹਨ। ਜਿਸ ਤਰ੍ਹਾਂ ਉਹ ਕੈਨੇਡਾ ਨਾਲ ਕਰ ਸਕਦਾ ਹੈ, ਉਹ ਅਮਰੀਕਾ ਨਾਲ ਨਹੀਂ ਕਰ ਸਕੇਗਾ।”

ਭਾਰਤ ਅਤੇ ਕੈਨੇਡਾ ਦੇ ਸਬੰਧਾਂ ਨੂੰ ਆਮ ਬਣਾਉਣ ਹੋਣ ਨੂੰ ਲੈ ਕੇ ਮੈਕੇ ਨੇ ਕਿਹਾ, “ਸਭ ਤੋਂ ਪਹਿਲਾਂ ਅਸੀਂ ਜਵਾਬਦੇਹੀ ਚਾਹੁੰਦੇ ਹਾਂ ਅਤੇ ਉਸ ਤੋਂ ਬਾਅਦ ਹੀ ਸਬੰਧ ਆਮ ਹੋਣਗੇ ਅਤੇ ਭਾਰਤ ਸਰਕਾਰ ਨਾਲ ਸਹਿਯੋਗੀ ਸਬੰਧ ਬਹਾਲ ਹੋਣਗੇ।”

ਉਨ੍ਹਾਂ ਕਿਹਾ, “ਦੋਵਾਂ ਸਰਕਾਰਾਂ ਵਿਚਕਾਰ ਮੌਜੂਦਾ ਵਿਵਾਦ ਕਾਰਨ ਉਨ੍ਹਾਂ ਬੇਕਸੂਰ ਲੋਕਾਂ ਅਤੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣ ਦੇਣੀ ਚਾਹੀਦੀ, ਜੋ ਯਾਤਰਾ ਕਰਨਾ ਚਾਹੁੰਦੇ ਹਨ।”

“ਲੰਬੇ ਸਮੇਂ ਵਿੱਚ ਕੈਨੇਡਾ ਭਾਰਤ ਨਾਲ ਬਿਹਤਰ ਸਬੰਧ ਚਾਹੁੰਦਾ ਹੈ। ਬਹੁਤ ਸਾਰੇ ਖੇਤਰ ਹਨ ਜਿੱਥੇ ਅਸੀਂ ਮਿਲ ਕੇ ਬਿਹਤਰ ਕਰ ਸਕਦੇ ਹਾਂ ਅਤੇ ਕਰਨਾ ਚਾਹੀਦਾ ਹੈ। ਲੇਕਿਨ ਸਪੱਸ਼ਟ ਤੌਰ ‘ਤੇ, ਦਿੱਲੀ ਵਿੱਚ ਕੁਝ ਲੋਕ ਹਨ ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਆਪਣੇ ਫ਼ੈਸਲੇ ਲੈਣ ਵਿੱਚ ਕੁਝ ਗੰਭੀਰ ਬੁਨਿਆਦੀ ਗ਼ਲਤੀਆਂ ਕੀਤੀਆਂ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਸਬੰਧਾਂ ਦੇ ਆਮ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।”

ਉਨ੍ਹਾਂ ਨੇ ਸਬੰਧਾਂ ਨੂੰ ਆਮ ਬਣਾਉਣ ਦੀ ਜ਼ਿੰਮੇਵਾਰੀ ਭਾਰਤ ʼਤੇ ਪਾਉਂਦੇ ਹੋਏ ਕਿਹਾ, “ਇਹ ਭਾਰਤ ‘ਤੇ ਨਿਰਭਰ ਕਰਦਾ ਹੈ ਕਿ ਉਹ ਕੈਨੇਡਾ ਨਾਲ ਸਹਿਯੋਗ ਕਰਨਾ ਚਾਹੁੰਦਾ ਹੈ ਜਾਂ ਨਹੀਂ। ਇਸ ਲਈ ਗੇਂਦ ਉਨ੍ਹਾਂ ਦੇ ਪਾਲੇ ‘ਚ ਹੈ।”

ਇੱਕ ਦਿਨ ਪਹਿਲਾਂ ਹੀ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਨੀ ਜੌਲੀ ਨੇ ਕਿਹਾ ਕਿ ਨਿੱਝਰ ਕਤਲ ਦੀ ਜਾਂਚ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ʻਪਰਸਨ ਆਫ ਇੰਟਰਸਟʼ ਵਜੋਂ ਨਾਮਜ਼ਦ ਕੀਤੇ ਜਾਣ ਮਗਰੋਂ, ਕੈਨੇਡਾ ਵਿੱਚ ਬਚੇ ਹੋਏ ਭਾਰਤੀ ਕੂਟਨੀਤਕ ਸਪੱਸ਼ਟ ਤੌਰ ʼਤੇ ਨੌਟਿਸ ʼਤੇ ਹਨ।

ਮੇਲਨੀ ਜੌਲੀ ਨੇ ਕਿਹਾ, “ਇਹ ਬਿਲਕੁਲ ਸਪੱਸ਼ਟ ਹੈ ਕਿ ਅਸੀਂ ਅਜਿਹੇ ਕਿਸੇ ਵੀ ਡਿਪਲੋਮੈਟ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੋ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕਰਦਾ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਕੋਈ ਵੀ ਡਿਪਲੋਮੈਟ ਜੋ ਕੈਨੇਡਾ ਦੇ ਲੋਕਾਂ ਦੇ ਜੀਵਨ ਨੂੰ ਖ਼ਤਰੇ ਪਾਵੇਗਾ, ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ।”

ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਪਿਛਲੇ ਸਾਲ ਉਦੋਂ ਖਟਾਸ ਆ ਗਈ ਸੀ ਜਦੋਂ 18 ਜੂਨ 2023 ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਨਕਾਬਪੋਸ਼ ਬੰਦੂਕਧਾਰੀਆਂ ਨੇ ਖ਼ਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ ਸੀ।

ਇਸ ਤੋਂ ਦੋ ਦਿਨਾਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਦਾ ਅਮਰੀਕਾ ਦੌਰਾ ਸ਼ੁਰੂ ਹੋਣਾ ਸੀ।

ਨਿੱਝਰ ਨੂੰ ਗੁਰਪਤਵੰਤ ਸਿੰਘ ਪੰਨੂ ਦਾ ਸਹਿਯੋਗੀ ਦੱਸਿਆ ਜਾਂਦਾ ਹੈ, ਜਿਨ੍ਹਾਂ ਦੇ ਅਮਰੀਕਾ ਵਿੱਚ ਕਤਲ ਦੀ ਕੋਸ਼ਿਸ਼ ਨੂੰ ਅਮਰੀਕੀ ਖ਼ੁਫ਼ੀਆ ਏਜੰਸੀਆਂ ਨੇ ਨਾਕਾਮ ਕਰ ਦਿੱਤਾ ਸੀ।

ਪੰਨੂ ਵਾਂਗ ਨਿੱਝਰ ਵੀ ਸਿੱਖ ਵੱਖਵਾਦੀ ਲਹਿਰ ਦੇ ਆਗੂ ਸਨ ਅਤੇ ਭਾਰਤ ਸਰਕਾਰ ਦੇ ਜ਼ੋਰਦਾਰ ਆਲੋਚਕ ਸਨ।