Yo Yo Honey Singh ਜੰਗ ਦੌਰਾਨ ਦੁਬਈ ”ਚ ਫ਼ਸੇ ਹਨੀ ਸਿੰਘ ! ਸਾਹਮਣੇ ਆਈ ਵੀਡੀਓ
Yo Yo Honey Singh Confirms He’s Safe in Dubai, shares video
ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਇਜ਼ਰਾਈਲ ਅਤੇ ਇਰਾਨ ਦਰਮਿਆਨ ਵਧਦੇ ਤਣਾਅ ਅਤੇ ਜੰਗੀ ਹਾਲਾਤ ਨੇ ਪੂਰੀ ਦੁਨੀਆ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਸੇ ਦੌਰਾਨ ਮਸ਼ਹੂਰ ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਨੂੰ ਲੈ ਕੇ ਵੀ ਪ੍ਰਸ਼ੰਸਕ ਕਾਫੀ ਫਿਕਰਮੰਦ ਸਨ, ਕਿਉਂਕਿ ਉਹ ਇਨੀਂ ਦਿਨੀਂ ਦੁਬਈ ਵਿੱਚ ਹਨ। ਹੁਣ ਹਨੀ ਸਿੰਘ ਨੇ ਖੁਦ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕਰਕੇ ਆਪਣੀ ਸਲਾਮਤੀ ਦੀ ਖ਼ਬਰ ਦਿੱਤੀ ਹੈ।
“ਅਸੀਂ ਦੁਬਈ ‘ਚ ਸੁਰੱਖਿਅਤ ਹਾਂ”
ਹਨੀ ਸਿੰਘ ਨੇ ਇੰਸਟਾਗ੍ਰਾਮ ‘ਤੇ ਆਪਣੇ ਸਟੂਡੀਓ ਤੋਂ ਇੱਕ ਵੀਡੀਓ ਪੋਸਟ ਕੀਤੀ ਹੈ। ਜੰਗ ਦੇ ਮਾਹੌਲ ਦੇ ਵਿਚਕਾਰ ਆਪਣੀ ਲੋਕੇਸ਼ਨ ਸਾਂਝੀ ਕਰਦਿਆਂ ਉਸ ਨੇ ਕੈਪਸ਼ਨ ਵਿੱਚ ਲਿਖਿਆ, “ਦੋਸਤੋ, ਅਸੀਂ ਦੁਬਈ ਵਿੱਚ ਬਿਲਕੁਲ ਸੁਰੱਖਿਅਤ ਹਾਂ ਅਤੇ ਆਪਣੇ ਕੰਮ ਵਿੱਚ ਰੁੱਝੇ ਹੋਏ ਹਾਂ।” ਦੱਸਣਯੋਗ ਹੈ ਕਿ ਹਨੀ ਸਿੰਘ ਇਨੀਂ ਦਿਨੀਂ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਲਈ ਦੁਬਈ ਵਿੱਚ ਰਿਕਾਰਡਿੰਗ ਕਰ ਰਹੇ ਹਨ।

ਦੁਬਈ ‘ਚ ਡਿੱਗਿਆਂ ਮਿਜ਼ਾਈਲਾਂ ਦਾ ਮਲਬਾ, 2 ਲੋਕ ਜ਼ਖਮੀ
ਤਣਾਅ ਇੰਨਾ ਵੱਧ ਚੁੱਕਾ ਹੈ ਕਿ ਇਰਾਨ ਵੱਲੋਂ ਛੱਡੀਆਂ ਗਈਆਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਸੰਯੁਕਤ ਅਰਬ ਅਮੀਰਾਤ (UAE) ਦੇ ਏਅਰ ਡਿਫੈਂਸ ਨੇ ਹਵਾ ਵਿੱਚ ਹੀ ਰੋਕਿਆ। ਖ਼ਬਰਾਂ ਮੁਤਾਬਕ ਇਨ੍ਹਾਂ ਮਿਜ਼ਾਈਲਾਂ ਦਾ ਮਲਬਾ ਦੁਬਈ ਵਿੱਚ ਡਿੱਗਣ ਕਾਰਨ 2 ਲੋਕ ਜ਼ਖਮੀ ਵੀ ਹੋਏ ਹਨ। ਯੂਏਈ ਸਰਕਾਰ ਨੇ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ “ਹੋਸ਼ ਵਿੱਚ ਆਉਣ” ਦੀ ਸਲਾਹ ਦਿੱਤੀ ਹੈ।
ਪਹਿਲਾਂ ਮੈਕਸੀਕੋ ਦੀ ਹਿੰਸਾ ‘ਚ ਵੀ ਫਸ ਚੁੱਕੇ ਹਨ ਹਨੀ ਸਿੰਘ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਨੀ ਸਿੰਘ ਕਿਸੇ ਖ਼ਤਰਨਾਕ ਸਥਿਤੀ ਵਿੱਚ ਫਸੇ ਹੋਣ। ਇਸੇ ਸਾਲ ਫਰਵਰੀ ਵਿੱਚ ਜਦੋਂ ਉਹ ਮੈਕਸੀਕੋ ਗਏ ਸਨ, ਉੱਥੇ ਗੈਂਗਸਟਰਾਂ (ਕਾਰਟੇਲ) ਵਿਚਾਲੇ ਹੋਈ ਭਿਆਨਕ ਹਿੰਸਾ ਦੌਰਾਨ ਵੀ ਉਹ ਉੱਥੇ ਹੀ ਮੌਜੂਦ ਸਨ। ਉਦੋਂ ਵੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ‘ਹਰ ਹਰ ਮਹਾਦੇਵ’ ਲਿਖ ਕੇ ਆਪਣੀ ਸਲਾਮਤੀ ਦੀ ਜਾਣਕਾਰੀ ਦਿੱਤੀ ਸੀ।
ਖ਼ਾਮੇਨੇਈ ਦੀ ਮੌਤ ਤੋਂ ਬਾਅਦ ਵਧਿਆ ਗੁੱਸਾ
ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਅਮਰੀਕਾ ਦੇ ਸਾਂਝੇ ਹਮਲੇ ਵਿੱਚ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਹਿਜ਼ਬੁੱਲਾ ਅਤੇ ਇਰਾਨ ਨੇ ਇਜ਼ਰਾਈਲ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਕਾਰਨ ਪੂਰੇ ਖਾੜੀ ਦੇਸ਼ਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।