Gurdas Maan: ਗੁਰੂ ਸਾਹਿਬਾਨਾਂ ਨਾਲ ਕਿਸੇ ਦੀ ਵੀ ਤੁਲਨਾ ਨਹੀਂ ਹੋ ਸਕਦੀ
Gurdas Maan: ਦੋ ਵਾਰ ਵਿਵਾਦਤਾਂ ਵਿੱਚ ਘਿਰ ਚੁੱਕੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਉੱਤੇ ਹੱਥ ਜੋੜ ਕੇ ਮੁਆਫੀ ਮੰਗੀ ਹੈ। ਇੱਕ ਵਾਰ ਵਿਦੇਸ਼ ਦੌਰੇ ਦੌਰਾਨ ਮਾਨ ਨੇ ਸ਼ੌਅ ‘ਚ ਵਿਰੋਧ ਕਰ ਰਹੇ ਕੁੱਝ ਨੌਜਵਾਨਾਂ ਲਈ ਭੱਦੀ ਸ਼ਬਦਾਵਲੀ ਵਰਤੀ ਸੀ। ਇਸ ਤੋਂ ਪਹਿਲਾਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗੁਰਦਾਸ ਮਾਨ ਨੇ ਕਿਹਾ ਕਿ ਪਹਿਲਾਂ ਹਿੰਦੀ ਫਿਰ ਪੰਜਾਬੀ।
ਇਸ ਤੋਂ ਬਾਅਦ ਗੁਰਦਾਸ ਮਾਨ ਨੇ ਨਕੋਦਰ ‘ਚ ਡੇਰਾ ਬਾਬਾ ਮੁਰਾਦ ਸ਼ਾਹ ਮੇਲੇ ‘ਚ ਸਟੇਜ ‘ਤੇ ਕਿਹਾ ਸੀ ਕਿ ਸਾਈਂ ਲਾਡੀ ਸ਼ਾਹ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿਚੋਂ ਹਨ। ਜਦੋਂ ਇਸ ਦੀ ਵੀਡੀਓ ਵਾਇਰਲ ਹੋਈ ਤਾਂ ਸਿੱਖ ਜਥੇਬੰਦੀਆਂ ਭੜਕ ਗਈਆਂ। ਉਨ੍ਹਾਂ ਨਕੋਦਰ ਥਾਣੇ ਅਤੇ ਜਲੰਧਰ ਦਿਹਾਤੀ ਦੇ ਐਸਐਸਪੀ ਦਫ਼ਤਰ ਅੱਗੇ 3 ਦਿਨ ਤੱਕ ਧਰਨਾ ਦਿੱਤਾ। ਮਾਮਲਾ ਦਰਜ ਨਾ ਹੋਣ ‘ਤੇ ਜਥੇਬੰਦੀਆਂ ਨੇ ਹਾਈਵੇਅ ਜਾਮ ਕਰ ਦਿੱਤਾ। ਪੁਲਿਸ ਨੇ ਮਾਨ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ। ਵਿਵਾਦ ਤੋਂ ਬਾਅਦ ਮਾਨ ਨੇ ਵੀਡੀਓ ਜਾਰੀ ਕਰਕੇ ਮੁਆਫੀ ਵੀ ਮੰਗੀ ਸੀ।
ਫੇਸਬੁੱਕ ’ਤੇ ਸ਼ੇਅਰ ਕੀਤੀ ਗਈ ਇਕ ਵੀਡੀਓ ਵਿਚ ਗੁਰਦਾਸ ਮਾਨ ਨੇ ਕਿਹਾ, ‘ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਜੇਕਰ ਫਿਰ ਵੀ ਅਜਿਹਾ ਹੋਇਆ ਤਾਂ ਮੈਂ ਮੁਆਫੀ ਮੰਗਦਾ ਹਾਂ। ਗੁਰੂ ਸਾਹਿਬਾਨਾਂ ਨਾਲ ਕਿਸੇ ਦੀ ਵੀ ਤੁਲਨਾ ਨਹੀਂ ਹੋ ਸਕਦੀ। ਮੈਂ ਇਹ ਜ਼ਰੂਰ ਕਿਹਾ ਸੀ ਕਿ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਭੱਲਾ ਪਰਿਵਾਰ ਵਿਚੋਂ ਸਨ ਤੇ ਮੁਰਾਦ ਸ਼ਾਹ ਵੀ ਨਕੋਦਰ ਵਿਖੇ ਭੱਲਾ ਪਰਿਵਾਰ ਵਿੱਚ ਪੈਦਾ ਹੋਏ ਸਨ। ਮੈਂ ਗੁਰੂ ਸਾਹਿਬਾਨ ਦੇ ਅਪਮਾਨ ਬਾਰੇ ਸੋਚ ਵੀ ਨਹੀਂ ਸਕਦਾ’।
ਸਾਲ 2021 ਵਿੱਚ ਗੁਰਦਾਸ ਮਾਨ ਵੱਲੋਂ ਨਕੋਦਰ ਦੀ ਦਰਗਾਹ ਦੇ ਲਾਡੀ ਸਾਈਂ ਦੀ ਤੁਲਨਾ ਸ੍ਰੀ ਗੁਰੂ ਅਮਰਦਾਸ ਦੇ ਵੰਸ਼ਜ ਵਜੋਂ ਕਰਨ ਦੇ ਮਾਮਲੇ ਵਿੱਚ ਸਿੱਖ ਭਾਈਚਾਰੇ ਵੱਲੋਂ ਐੱਫਆਈਆਰ ਦਰਜ ਕਰਵਾਈ ਗਈ ਸੀ, ਜਿਸ ਨੂੰ ਨਕੋਦਰ ਅਦਾਲਤ ਨੇ ਰੱਦ ਕਰਨ ਦਾ ਹੁਕਮ ਦਿੱਤਾ ਸੀ।
ਪਟੀਸ਼ਨਰ ਨੇ ਸਪੱਸ਼ਟ ਕੀਤਾ ਸੀ ਕਿ ਗੁਰਦਾਸ ਮਾਨ ਨੇ ਲਾਡੀ ਸਾਈਂ ਨੂੰ ਸ੍ਰੀ ਗੁਰੂ ਅਮਰਦਾਸ ਦੀ ਸੰਤਾਨ ਦੱਸਿਆ ਹੈ, ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਦੱਸ ਦਈਏ ਕਿ ਜਦੋਂ ਇਹ ਮਾਮਲਾ ਭਖਿਆ ਤਾਂ ਗੁਰਦਾਸ ਮਾਨ ਨੇ ਲਾਈਵ ਹੋ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਮੁਆਫੀ ਮੰਗ ਲਈ ਸੀ।