Shocking Knife Attack in Russia | 4 Indian Students Stabbed at Ufa University
ਰੂਸ ਦੇ ਬਸ਼ਕੋਰਤੋਸਤਾਨ ਗਣਰਾਜ ਦੀ ਇੱਕ ਯੂਨੀਵਰਸਿਟੀ ਵਿੱਚ ਸ਼ਨਿਚਰਵਾਰ ਨੂੰ ਚਾਕੂ ਨਾਲ ਕੀਤੇ ਇੱਕ ਹਮਲੇ ਵਿੱਚ ਘੱਟੋ-ਘੱਟ ਛੇ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਚਾਰ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਇੱਥੇ ਭਾਰਤੀ ਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਮੁਢਲੀਆਂ ਰਿਪੋਰਟਾਂ…
ਰੂਸ ਦੇ ਬਸ਼ਕੋਰਤੋਸਤਾਨ ਗਣਰਾਜ ਦੀ ਇੱਕ ਯੂਨੀਵਰਸਿਟੀ ਵਿੱਚ ਸ਼ਨਿਚਰਵਾਰ ਨੂੰ ਚਾਕੂ ਨਾਲ ਕੀਤੇ ਇੱਕ ਹਮਲੇ ਵਿੱਚ ਘੱਟੋ-ਘੱਟ ਛੇ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਚਾਰ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਇੱਥੇ ਭਾਰਤੀ ਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਮੁਢਲੀਆਂ ਰਿਪੋਰਟਾਂ ਅਨੁਸਾਰ ਚਾਕੂ ਨਾਲ ਲੈਸ ਇੱਕ ਨੌਜਵਾਨ ਬਸ਼ਕੋਰਤੋਸਤਾਨ ਗਣਰਾਜ ਦੇ ਉਫਾ ਵਿੱਚ ਸਥਿਤ ਸਟੇਟ ਮੈਡੀਕਲ ਯੂਨੀਵਰਸਿਟੀ ਦੇ ਹੋਸਟਲ ਵਿੱਚ ਦਾਖਲ ਹੋਇਆ।
ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਦੱਸਿਆ ਕਿ ਨੌਜਵਾਨ ਨੇ ਉੱਥੇ ਰਹਿਣ ਵਾਲੇ ਵਿਦਿਆਰਥੀਆਂ ’ਤੇ ਹਮਲਾ ਕੀਤਾ। RTVI.com ਵੈੱਬ ਪੋਰਟਲ ਵੱਲੋਂ ਗ੍ਰਹਿ ਮੰਤਰਾਲੇ ਦੀ ਬੁਲਾਰਾ ਮੇਜਰ ਜਨਰਲ ਇਰੀਨਾ ਵੋਲਕ ਦੇ ਹਵਾਲੇ ਨਾਲ ਕਿਹਾ ਗਿਆ ਕਿ ਹਮਲਾਵਰ ਨੇ ਗ੍ਰਿਫਤਾਰੀ ਦਾ ਵਿਰੋਧ ਕੀਤਾ, ਜਿਸ ਦੌਰਾਨ ਦੋ ਪੁਲੀਸ ਅਧਿਕਾਰੀਆਂ ਨੂੰ ਚਾਕੂ ਮਾਰ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਸ਼ੱਕੀ ਨੇ ਖੁਦ ਨੂੰ ਵੀ ਸਰੀਰਕ ਨੁਕਸਾਨ ਪਹੁੰਚਾਇਆ।
ਇਸ ਨੂੰ ਇੱਕ ਦੁਖਦਾਈ ਘਟਨਾ ਕਰਾਰ ਦਿੰਦੇ ਹੋਏ ਇੱਥੇ ਭਾਰਤੀ ਦੂਤਾਵਾਸ ਨੇ ਕਿਹਾ, “ਚਾਰ ਭਾਰਤੀ ਵਿਦਿਆਰਥੀਆਂ ਸਮੇਤ ਕਈ ਲੋਕ ਜ਼ਖਮੀ ਹੋਏ ਹਨ।” ਦੂਤਾਵਾਸ ਨੇ ਕਿਹਾ ਕਿ ਉਹ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਕਾਜ਼ਾਨ ਸਥਿਤ ਕੌਂਸਲੇਟ ਦੇ ਅਧਿਕਾਰੀ ਜ਼ਖਮੀ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਉਫਾ ਦੇ ਰਸਤੇ ਵਿੱਚ ਹਨ।
ਇੱਕ ਰਿਲੀਜ਼ ਵਿੱਚ ਰੂਸੀ ਸੰਘੀ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲੇ ਵਿੱਚ ਜ਼ਖਮੀ ਹੋਏ ਚਾਰ ਲੋਕਾਂ ਦਾ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ, ਜਦਕਿ ਤਿੰਨ ਹੋਰਾਂ ਦੀ ਹਾਲਤ ਸਥਿਰ ਹੈ। ਬਾਜ਼ਾ ਟੈਲੀਗ੍ਰਾਮ ਚੈਨਲ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ 15 ਸਾਲਾ ਨੌਜਵਾਨ ਵਜੋਂ ਹੋਈ ਹੈ, ਉਸ ਨੂੰ ਵੀ ਗੰਭੀਰ ਹਾਲਤ ਵਿੱਚ ਸਥਾਨਕ ਬੱਚਿਆਂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਅਧਿਕਾਰੀਆਂ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਜ਼ਾ ਚੈਨਲ ਨੇ ਦਾਅਵਾ ਕੀਤਾ ਕਿ ਹਮਲਾਵਰ ਇੱਕ ਪਾਬੰਦੀਸ਼ੁਦਾ ਨਵ-ਨਾਜ਼ੀ ਸੰਗਠਨ ਨਾਲ ਸਬੰਧਤ ਸੀ। ਚੈਨਲ ਅਨੁਸਾਰ ਉਹ ਪਾਬੰਦੀਸ਼ੁਦਾ NS/WP ਨਵ-ਨਾਜ਼ੀ ਸੰਗਠਨ ਨਾਲ ਸਬੰਧਤ ਸੀ ਅਤੇ ਹਮਲੇ ਦੇ ਜਨੂੰਨ ਦੌਰਾਨ ਉਹ ਹੋਲੋਕਾਸਟ ਬਾਰੇ ਰਾਸ਼ਟਰਵਾਦੀ ਨਾਅਰੇਬਾਜ਼ੀ ਕਰ ਰਿਹਾ ਸੀ। ਇਸ ਦੇ ਨਾਲ ਹੀ ਪੀੜਤਾਂ ਦੇ ਖੂਨ ਨਾਲ ਕੰਧ ‘ਤੇ ਬਣਾਏ ਗਏ ਸਵਾਸਤਿਕ ਦੀ ਫੋਟੋ ਵੀ ਸਾਂਝੀ ਕੀਤੀ ਗਈ। ਰੇਨ ਟੀਵੀ ਨੇ ਐਂਬੂਲੈਂਸ ਵੈਨਾਂ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਲਿਜਾਏ ਜਾਣ ਦੀ ਫੁਟੇਜ ਦਿਖਾਉਂਦੇ ਹੋਏ ਦੱਸਿਆ ਕਿ ਚਸ਼ਮਦੀਦਾਂ ਅਨੁਸਾਰ ਚਾਰੇ ਪਾਸੇ ਖੂਨ ਹੀ ਖੂਨ ਸੀ।