ਪਹਿਲੀ ਅਗਸਤ ਤੋਂ ਭਾਰਤ ਤੋਂ ਆਯਾਤ ’ਤੇ 25 ਫ਼ੀਸਦੀ ਟੈਰਿਫ ਅਤੇ ਰੂਸੀ ਤੇਲ ਖਰੀਦਣ ਲਈ ਜੁਰਮਾਨੇ ਦੇ ਟੈਰਿਫ ’ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨ ਦਾ ਨੋਟਿਸ ਲੈਂਦਿਆਂ ਭਾਰਤ ਨੇ ਕਿਹਾ ਕਿ ਉਸ ਨੇ ਕਿਸੇ ਵੀ ਵਪਾਰਕ ਗੱਲਬਾਤ ਵਿੱਚ ਹਮੇਸ਼ਾ ਰਾਸ਼ਟਰੀ ਹਿੱਤ ਨੂੰ ਪ੍ਰਮੁੱਖ ਰੱਖਿਆ ਹੈ ਅਤੇ ਹਮੇਸ਼ਾ ਰੱਖੇਗਾ।
ਇਹ ਨੋਟਿਸ ਲੈਂਦਿਆਂ ਸਰਕਾਰ ਨੇ ਕਿਹਾ ਕਿ ਟਰੰਪ ਦੇ ਬਿਆਨਾਂ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ। ਸਰਕਾਰ ਨੇ ਕਿਹਾ ਕਿ ਉਹ ਕੌਮੀ ਹਿੱਤ ਸੁਰੱਖਿਅਤ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇਗੀ।
ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ, ‘‘”ਸਰਕਾਰ ਨੇ ਦੁਵੱਲੇ ਵਪਾਰ ’ਤੇ ਅਮਰੀਕੀ ਰਾਸ਼ਟਰਪਤੀ ਦੇ ਇੱਕ ਬਿਆਨ ਦਾ ਨੋਟਿਸ ਲਿਆ ਹੈ। ਸਰਕਾਰ ਇਸ ਦੇ ਪ੍ਰਭਾਵਾਂ ਦਾ ਅਧਿਐਨ ਕਰ ਰਹੀ ਹੈ।’’
ਭਾਰਤ ਅਤੇ ਅਮਰੀਕਾ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਨਿਰਪੱਖ, ਸੰਤੁਲਿਤ ਅਤੇ ਆਪਸੀ ਤੌਰ ’ਤੇ ਲਾਭਦਾਇਕ ਦੁਵੱਲੇ ਵਪਾਰ ਸਮਝੌਤੇ ਨੂੰ ਪੂਰਾ ਕਰਨ ਲਈ ਗੱਲਬਾਤ ਵਿੱਚ ਰੁੱਝੇ ਹੋਏ ਹਨ।
ਬਿਆਨ ਅਨੁਸਾਰ, ‘‘ਅਸੀਂ ਇਸ ਉਦੇਸ਼ ਪ੍ਰਤੀ ਵਚਨਬੱਧ ਹਾਂ। ਸਰਕਾਰ ਸਾਡੇ ਕਿਸਾਨਾਂ, ਉੱਦਮੀਆਂ ਅਤੇ ਐੱਮਐੱਸਐੱਮਈ ਦੀ ਭਲਾਈ ਦੀ ਰੱਖਿਆ ਅਤੇ ਪ੍ਰਚਾਰ ਕਰਨ ਨੂੰ ਬਹੁਤ ਮਹੱਤਵ ਦਿੰਦੀ ਹੈ। ਸਰਕਾਰ ਸਾਡੇ ਰਾਸ਼ਟਰੀ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਜ਼ਰੂਰੀ ਸਾਰੇ ਕਦਮ ਚੁੱਕੇਗੀ, ਜਿਵੇਂ ਕਿ ਯੂਕੇ ਨਾਲ ਨਵੀਨਤਮ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਸਮੇਤ ਹੋਰ ਵਪਾਰ ਸਮਝੌਤਿਆਂ ਦੇ ਮਾਮਲੇ ਵਿੱਚ ਹੋਇਆ ਹੈ।’’
ਟਰੰਪ ਦਾ ਇਹ ਹੈਰਾਨੀਜਨਕ ਐਲਾਨ ਵਣਜ ਮੰਤਰਾਲੇ ਦੇ ਖੁਲਾਸੇ ਤੋਂ ਇੱਕ ਦਿਨ ਬਾਅਦ ਆਇਆ ਹੈ ਕਿ ਅਮਰੀਕੀ ਵਾਰਤਾਕਾਰ 25 ਅਗਸਤ ਨੂੰ ਚੱਲ ਰਹੇ ਵਪਾਰ ਸੌਦੇ ਦੀ ਗੱਲਬਾਤ ਨੂੰ ਪੂਰਾ ਕਰਨ ਲਈ ਭਾਰਤ ਵਿੱਚ ਹੋਣਗੇ।