ਆਪ ਵਿਧਾਇਕ ਦੀ ਪਤਨੀ ਨਾਲ ਛੇੜਛਾੜ, NRI ਖ਼ਿਲਾਫ਼ ਮਾਮਲਾ ਦਰਜ; ਪੁਲਿਸ ਨੇ ਮੁਲਜ਼ਮ ਨੂੰ ਭਾਰਤ ਲਿਆਉਣ ਲਈ ਕਾਰਵਾਈ ਕੀਤੀ ਸ਼ੁਰੂ
ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ ਪਤਨੀ ਨੇ ਕੈਨੇਡੀਅਨ ਬਜ਼ੁਰਗ ਐੱਨਆਰਆਈ ਨਛੱਤਰ ਸਿੰਘ ਵਾਸੀ ਪਿੰਡ ਘੁਮਾਣ ਖ਼ਿਲਾਫ਼ ਮਾੜੀ ਨੀਅਤ ਨਾਲ ਸਰੀਰਕ ਛੇੜਛਾੜ ਕਰਨ ਦਾ ਕੇਸ ਦਰਜ ਕਰਵਾਇਆ ਹੈ।
ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ ਪਤਨੀ ਨੇ ਕੈਨੇਡੀਅਨ ਬਜ਼ੁਰਗ ਐੱਨਆਰਆਈ ਨਛੱਤਰ ਸਿੰਘ ਵਾਸੀ ਪਿੰਡ ਘੁਮਾਣ ਖ਼ਿਲਾਫ਼ ਮਾੜੀ ਨੀਅਤ ਨਾਲ ਸਰੀਰਕ ਛੇੜਛਾੜ ਕਰਨ ਦਾ ਕੇਸ ਦਰਜ ਕਰਵਾਇਆ ਹੈ। ਥਾਣਾ ਸੁਧਾਰ ਪੁਲਿਸ ਨੇ ਨਛੱਤਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਦੀ ਜ਼ਿੰਮੇਵਾਰੀ ਏਐਸਆਈ ਕੁਲਦੀਪ ਸਿੰਘ ਨੂੰ ਸੌਂਪ ਦਿੱਤੀ ਹੈ। ਇਨ੍ਹੀਂ ਦਿਨੀਂ ਨਛੱਤਰ ਸਿੰਘ ਮਿਸੀਸਾਗਾ, ਕੈਨੇਡਾ ਵਿਚ ਰਹਿ ਰਿਹਾ ਹੈ ਅਤੇ ਸੁਧਾਰ ਪੁਲਿਸ ਨੇ ਉਸ ਨੂੰ ਭਾਰਤ ਲਿਆਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਉਸ ਦਾ ਪਿੰਡ ਸਹੌਲੀ ਜ਼ਿਲ੍ਹਾ ਲੁਧਿਆਣਾ ਵਿੱਚ ਹੈ। ਪੀੜਤਾ ਅਨੁਸਾਰ ਉਹ ਸੁਧਾਰ ਦੇ ਘੁਮਾਣ ਚੌਕ ਸਥਿਤ ਨਛੱਤਰ ਸਿੰਘ ਦੇ ਘਰ ਰਹਿੰਦੀ ਹੈ ਅਤੇ ਉਸ ਦੀ ਦੇਖਭਾਲ ਕਰਦੀ ਹੈ। ਨਛੱਤਰ ਸਿੰਘ ਨਾਲ ਪਰਿਵਾਰਕ ਸਬੰਧ ਹੋਣ ਕਾਰਨ ਨਛੱਤਰ ਸਿੰਘ ਨੇ ਘਰ ਦੀ ਸਾਂਭ ਸੰਭਾਲ ਕਰਨ ਦੀ ਜ਼ਿੰਮੇਵਾਰੀ ਆਪ ਸੌਂਪੀ ਸੀ। ਨਛੱਤਰ ਸਿੰਘ ਨੇ ਇਸ ਆੜ ਵਿੱਚ ਬੁਰੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ।
ਨਛੱਤਰ ਸਿੰਘ ਦੇ ਪੁੱਤਰ ਸੰਦੀਪ ਸਿੰਘ ਨੂੰ ਸਾਰੀ ਗੱਲ ਦੱਸੀ ਗਈ ਸੀ ਪਰ ਉਸ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਆਪਣੇ ਪਿਤਾ ਨੂੰ ਸਮਝਾਇਆ। 13 ਮਈ ਨੂੰ ਨਛੱਤਰ ਸਿੰਘ ਸ਼ਾਮ 5 ਵਜੇ ਦੇ ਕਰੀਬ ਘਰ ਆਇਆ ਅਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ।
ਨਛੱਤਰ ਸਿੰਘ ਨੇ ਮਾੜੀ ਨੀਅਤ ਨਾਲ ਉਸ ਨੂੰ ਫੜਿਆ ਤਾਂ ਉਸ ਨੇ ਵਿਰੋਧ ਕਰਦਿਆਂ ਧੱਕਾ ਮਾਰਿਆ। ਜਿਸ ਤੇ ਨਛੱਤਰ ਸਿੰਘ ਡਰਦਾ ਉਥੋਂ ਭੱਜ ਗਿਆ। ਉਸ ਨੇ ਦੱਸਿਆ ਕਿ ਨਛੱਤਰ ਸਿੰਘ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਪਰੇਸ਼ਾਨ ਕਰਦਾ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਕੋਲ ਨਛੱਤਰ ਸਿੰਘ ਦੀਆਂ ਫੋਟੋਆਂ ਅਤੇ ਵੀਡੀਓਜ਼ ਵੀ ਹਨ। ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਛੱਤਰ ਸਿੰਘ ਇਨ੍ਹੀਂ ਦਿਨੀਂ ਕੈਨੇਡਾ ਵਿੱਚ ਹੈ ਅਤੇ ਉਸ ਨੂੰ ਭਾਰਤ ਲਿਆਉਣ ਲਈ ਲੋੜੀਂਦੀ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਉਕਤ ਮਕਾਨ ਦੇ ਮਾਲਕੀ ਹੱਕ ਨੂੰ ਲੈ ਕੇ ਨਛੱਤਰ ਸਿੰਘ ਦਾ ਆਪਣੇ ਭਤੀਜੇ ਨਾਲ ਵਿਵਾਦ ਚੱਲ ਰਿਹਾ ਹੈ। ਨਛੱਤਰ ਸਿੰਘ ਨੇ ਖੁਦ ਇਸ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਪੀੜਤਾ ਨੂੰ ਸੌਂਪੀ ਸੀ। ਨਛੱਤਰ ਸਿੰਘ ਨੇ ਇਸ ਲਈ ਪੀੜਤਾ ਨੂੰ ਉਚਿਤ ਪਾਵਰ ਆਫ਼ ਅਟਾਰਨੀ ਦਿੱਤੀ ਸੀ। ਬਾਅਦ ਵਿੱਚ ਨਛੱਤਰ ਸਿੰਘ ਨੇ ਉਸ ਨਾਲ ਮਕਾਨ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ, ਜੋ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਮੇਰੇ ਖ਼ਿਲਾਫ਼ ਰਾਜਨੀਤਿਕ ਤਾਕਤ ਦੀ ਸਾਜ਼ਿਸ਼
ਕੈਨੇਡਾ ਤੋਂ ਨਛੱਤਰ ਸਿੰਘ ਨੇ ਦੱਸਿਆ ਕਿ ਪੀੜਤਾ ਨੂੰ ਉਹ ਆਪਣੀ ਧੀ ਮੰਨਦੇ ਹਨ ਅਤੇ ਉਨ੍ਹਾਂ ਦਾ ਪੁੱਤ ਵੀ ਉਸਨੂੰ ਭੈਣ ਮੰਨਦਾ ਹੈ। ਇੰਨੀ ਦੇਰ ਬਾਅਦ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦਾ ਮਕਸਦ ਉਨ੍ਹਾਂ ਦੀ ਕੋਠੀ ’ਤੇ ਕਬਜ਼ਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਖੇਡ ਰਾਜਨੀਤਿਕ ਤਾਕਤ ਕਰਕੇ ਉਨ੍ਹਾਂ ਨਾਲ ਖੇਡੀ ਜਾ ਰਹੀ ਹੈ ਅਤੇ ਇਸ ਸਬੰਧੀ ਉਹ ਬਾਕਾਇਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੀੜਤਾ ਦੇ ਪਤੀ ਅਤੇ ਵਿਧਾਇਕ ਅਤੇ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਮਿਲ ਕੇ ਦੱਸ ਚੁੱਕੇ ਹਨ ਪਰ ਉਨ੍ਹਾਂ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਇਸ ਸਾਰੇ ਮਾਮਲੇ ’ਚ ਜੇ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਅਦਾਲਤ ਜਾਣਗੇ।