FBI Most Wanted: ਗੋਲਡੀ ਬਰਾੜ ਐਫ ਬੀ ਆਈ ਦੀ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ
ਗ੍ਰਿਫ਼ਤਾਰੀ ਲਈ ਸੂਚਨਾ ਦੇਣ ‘ਤੇ ਐਫ.ਬੀ.ਆਈ. ਵੱਲੋਂ 10 ਲੱਖ ਡਾਲਰ ਤੱਕ ਦੇ ਇਨਾਮ ਦਾ ਐਲਾਨ
ਐਫ.ਬੀ.ਆਈ. (FBI) ਨੇ ਸਤਿਇੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਆਪਣੀ ’10 ਮੋਸਟ ਵਾਂਟੇਡ ਭਗੋੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਗੋਲਡੀ, ਲਾਰੈਂਸ ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ (OCG) ਦਾ ਕਥਿਤ ਉੱਤਰੀ ਅਮਰੀਕੀ ਆਗੂ ਹੈ, ਜੋ ਕਿ ਇੱਕ ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟ ਹੈ ਅਤੇ ਕਥਿਤ ਤੌਰ ‘ਤੇ ਅਮਰੀਕਾ ਅਤੇ ਕੈਨੇਡਾ ਭਰ ਵਿੱਚ ਹਿੰਸਕ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ।
ਇਨ੍ਹਾਂ ਕਾਰਵਾਈਆਂ ਵਿੱਚ ਸਿਆਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਦੀਆਂ ਹੱਤਿਆਵਾਂ, ਗੋਲੀਬਾਰੀ, ਕਤਲ, ਅਗਵਾ, ਫਿਰੌਤੀ, ਹਮਲੇ, ਮਨੁੱਖੀ ਤਸਕਰੀ, ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਸ਼ਾਮਲ ਹੈ।
ਵੇਰਵਿਆਂ ਅਨੁਸਾਰ 1 ਜੁਲਾਈ ਨੂੰ ਲਾਸ ਏਂਜਲਸ ਦੀ ਯੂ.ਐਸ. ਜ਼ਿਲ੍ਹਾ ਅਦਾਲਤ ਵਿੱਚ ਸਰਿੰਦਰਜੀਤ ਸਿੰਘ ਦੇ ਖ਼ਿਲਾਫ਼ ਇੱਕ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਜਦੋਂ ਉਸ ‘ਤੇ ਰੀਕੋ (RICO) ਸਾਜ਼ਿਸ਼, ਫਿਰੌਤੀ ਰਾਹੀਂ ਵਪਾਰ ਵਿੱਚ ਦਖ਼ਲਅੰਦਾਜ਼ੀ ਕਰਨ ਅਤੇ ਦਖ਼ਲਅੰਦਾਜ਼ੀ ਦੀ ਕੋਸ਼ਿਸ਼ ਕਰਨ ਦੀ ਸਾਜ਼ਿਸ਼, ਅਤੇ ਨਸ਼ੀਲੇ ਪਦਾਰਥਾਂ (ਨਿਯੰਤਰਿਤ ਪਦਾਰਥਾਂ) ਨੂੰ ਵੰਡਣ ਅਤੇ ਵੰਡਣ ਦੇ ਇਰਾਦੇ ਨਾਲ ਰੱਖਣ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਸਨ।

ਇਸ ਸਬੰਧੀ ਐੱਫ.ਬੀ.ਆਈ. ਲਾਸ ਏਂਜਲਸ ਦੇ ਸਹਾਇਕ ਨਿਰਦੇਸ਼ਕ ਇੰਚਾਰਜ ਪੈਟ੍ਰਿਕ ਗ੍ਰੈਂਡੀ ਨੇ ਕਿਹਾ, “ਸਤਿਇੰਦਰਜੀਤ ਸਿੰਘ ਨੂੰ ਉਸ ਦੀ ਹਿੰਸਾ ਦੀ ਪ੍ਰਵਿਰਤੀ ਅਤੇ ਵੱਖ-ਵੱਖ ਅਪਰਾਧਾਂ ਦੇ ਆਧਾਰ ’ਤੇ ਐਫ.ਬੀ.ਆਈ. ਦੀ ਬਦਨਾਮ ’10 ਮੋਸਟ ਵਾਂਟੇਡ ਭਗੋੜਿਆਂ’ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।”
ਕਿਹਾ ਗਿਆ ਹੈ ਕਿ “ਇਹ ਸੂਚੀ ਉਨ੍ਹਾਂ ਵਿਅਕਤੀਆਂ ਲਈ ਰਾਖਵੀਂ ਹੈ ਜੋ ਫਰਾਰ ਹਨ ਅਤੇ ਜਿਨ੍ਹਾਂ ਬਾਰੇ ਅਸੀਂ ਐਫ.ਬੀ.ਆਈ. ਵਿੱਚ ਮੰਨਦੇ ਹਾਂ ਕਿ ਉਨ੍ਹਾਂ ਵੱਲੋਂ ਦੂਜਿਆਂ ਨੂੰ ਆਪਣਾ ਸ਼ਿਕਾਰ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਸੜਕਾਂ ਤੋਂ ਹਟਾਉਣ (ਗ੍ਰਿਫ਼ਤਾਰ ਕਰਨ) ਦੀ ਲੋੜ ਹੈ। ਇਹ ਖ਼ਾਸ ਤੌਰ ‘ਤੇ ਸਤਿੰਦਰਜੀਤ ਸਿੰਘ ਵਰਗੇ ਕਥਿਤ ਹਿੰਸਕ ਅਪਰਾਧੀਆਂ ਲਈ ਮਹੱਤਵਪੂਰਨ ਹੈ। ਅਸੀਂ ਉਦੋਂ ਤੱਕ ਸੰਤੁਸ਼ਟ ਨਹੀਂ ਹੋਵਾਂਗੇ ਜਦੋਂ ਤੱਕ ਸਿੰਘ ਨੂੰ ਫੜ ਕੇ ਅਮਰੀਕੀ ਅਦਾਲਤ ਵਿੱਚ ਉਸ ਦੇ ਕਥਿਤ ਅਪਰਾਧਾਂ ਲਈ ਮੁਕੱਦਮਾ ਨਹੀਂ ਚਲਾਇਆ ਜਾਂਦਾ, ਜਿਨ੍ਹਾਂ ਨੇ ਇੱਥੇ ਅਮਰੀਕਾ ਦੇ ਨਾਲ-ਨਾਲ ਦੁਨੀਆ ਭਰ ਦੇ ਨਾਗਰਿਕਾਂ ਨੂੰ ਪ੍ਰਭਾਵਿਤ ਕੀਤਾ ਹੈ।”
ਪੁਲੀਸ ਵੱਲੋਂ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਕਈ ਸਹਿ-ਸਾਜ਼ਿਸ਼ਕਰਤਾਵਾਂ ਨੂੰ ‘ਆਪਰੇਸ਼ਨ ਹਾਰਡ ਬਾਲ’ (Operation Hard Ball) ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਭਾਰਤੀ ਅਪਰਾਧਿਕ ਗਰੁੱਪਾਂ ਬਾਰੇ ਕਈ ਸਾਲਾਂ ਤੱਕ ਚੱਲੀ ਇੱਕ ਸੰਘੀ (ਫੈਡਰਲ) ਜਾਂਚ ਸੀ, ਜੋ ਗੈਰ-ਕਾਨੂੰਨੀ ਵਸੂਲੀ, ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ, ਗੋਲੀਬਾਰੀ, ਫਿਰੌਤੀ ਮੰਗਣ, ਅੰਤਰਰਾਸ਼ਟਰੀ ਸਰਹੱਦਾਂ ਦੇ ਪਾਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਦੁਨੀਆ ਭਰ ਵਿੱਚ ਹੋਰ ਅਜਿਹੇ ਅਪਰਾਧਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਦਾ ਅਸਰ ਖਾਸ ਤੌਰ ‘ਤੇ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਭਾਈਚਾਰੇ ‘ਤੇ ਪੈਂਦਾ ਹੈ।
ਗੋਲਡੀ ਬਰਾੜ ਬਾਕੀ ਬਚੇ ਭਗੌੜਿਆਂ ਵਿੱਚੋਂ ਇੱਕ ਹੈ। ਬਾਕੀ ਬਚੇ ਹੋਰ ਭਗੌੜੇ ਮੇਜਰ ਸਿੰਘ, ਸੁਖਰਾਜ ਸਿੰਘ ਕੰਗ, ਨੋ ਨੇਮ ਗਿਵਨ (ਬਿਨਾਂ ਨਾਮ ਵਾਲਾ) ਕਮਲ, ਅਤੇ ਗੁਰਪ੍ਰੀਤ ਸਿੰਘ ਹਨ।
ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ (OCG) ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟ ਦਾ ਮੁੱਖ ਦਫ਼ਤਰ ਭਾਰਤ ਵਿੱਚ ਹੈ, ਜਿਸਦੇ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਰਪ ਅਤੇ ਆਸਟ੍ਰੇਲੀਆ ਵਿੱਚ ਹਜ਼ਾਰਾਂ ਮੈਂਬਰ ਅਤੇ ਸਹਿਯੋਗੀ ਹਨ।
ਬਿਸ਼ਨੋਈਆਰਗੇਨਾਈਜ਼ਡ ਕ੍ਰਾਈਮ ਗਰੁੱਪਦੀ ਸ਼ੁਰੂਆਤ ਭਾਰਤ ਦੇ ਪੰਜਾਬ ਰਾਜ ਵਿੱਚ, ਇਸਦੇ ਸੰਸਥਾਪਕ ਲਾਰੈਂਸ ਬਿਸ਼ਨੋਈ ਦੀ ਅਗਵਾਈ ਹੇਠ ਹੋਈ। ਸਿੰਘ ਖ਼ਿਲਾਫ਼ ਦਾਇਰ ਦੋਸ਼ ਪੱਤਰ (ਇੰਡਾਈਟਮੈਂਟ) ਅਨੁਸਾਰ, 2010 ਦੇ ਦਹਾਕੇ ਦੇ ਸ਼ੁਰੂ ਵਿੱਚ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਬਿਸ਼ਨੋਈ ਨੇ ਆਪਣੇ ਆਪ ਨੂੰ ਇੱਕ ਵਿਦਿਆਰਥੀ ਆਗੂ ਵਜੋਂ ਪੇਸ਼ ਕੀਤਾ ਅਤੇ ਸਹਿਯੋਗੀਆਂ ਤੇ ਸਮਰਥਕਾਂ ਦਾ ਇੱਕ ਨੈੱਟਵਰਕ ਤਿਆਰ ਕੀਤਾ। ਪਰ ਉਸਨੇ ਜਲਦੀ ਹੀ ਕੈਂਪਸ ਦੀ ਰਾਜਨੀਤੀ ਛੱਡ ਕੇ ਅਪਰਾਧਿਕ ਗਤੀਵਿਧੀਆਂ ਦਾ ਰਾਹ ਫੜ ਲਿਆ ਅਤੇ ਆਪਣੇ ਸਹਿਯੋਗੀਆਂ ਤੇ ਸਮਰਥਕਾਂ ਨੂੰ ਇੱਕ ਅਪਰਾਧਿਕ ਗਿਰੋਹ ਵਿੱਚ ਬਦਲ ਦਿੱਤਾ।
ਗਿਰੋਹ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਚਲਾਉਣ ਵਿੱਚ ਮਦਦ ਕਰਨ ਲਈ, ਬਿਸ਼ਨੋਈ ਨੇ ਭਰੋਸੇਮੰਦ ਸਾਥੀਆਂ ਅਤੇ ਖੇਤਰੀ ਆਗੂਆਂ ਨੂੰ ਕੰਟਰੋਲ ਸੌਂਪ ਦਿੱਤਾ। ਐੱਫਬੀਆਈ ਵੱਲੋਂ ਜਾਰੀ ਅਧਿਕਾਰਤ ਨੋਟ ਵਿੱਚ ਕਿਹਾ ਗਿਆ ਹੈ ਕਿ ਆਮ ਲੋਕਾਂ ਨੂੰ ਸਿੰਘ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ ਤੋਂ ਬਚਣ ਦੀ ਚੇਤਾਵਨੀ ਦਿੱਤੀ ਜਾਂਦੀ ਹੈ। ਇਸ ਦੀ ਬਜਾਏ ਉਨ੍ਹਾਂ ਨੂੰ ਐਫ.ਬੀ.ਆਈ. ਜਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਜਾਣਕਾਰੀ ਹੋਣ ’ਤੇ ਸਥਾਨਕ ਐਫ.ਬੀ.ਆਈ. ਦਫ਼ਤਰ ਜਾਂ ਨਜ਼ਦੀਕੀ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਨਾਲ ਸੰਪਰਕ ਜਾਂ ਐਫ.ਬੀ.ਆਈ. ਨੂੰ 1-800-CALL-FBI (1-800-225-5324) ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ। ਐਫ.ਬੀ.ਆਈ. ਲਾਸ ਏਂਜਲਸ ਦੇ ਸਹਾਇਕ ਨਿਰਦੇਸ਼ਕ ਇੰਚਾਰਜ ਪੈਟ੍ਰਿਕ ਗ੍ਰੈਂਡੀ ਨੇ ਕਿਹਾ, “… ਅਸੀਂ ਸੂਚਨਾਵਾਂ (ਟਿਪਸ) ਅਤੇ ਸੁਰਾਗਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਜਨਤਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਸਾਨੂੰ ਗੁਪਤ ਰੂਪ ਵਿੱਚ ਜਾਣਕਾਰੀ ਦੇ ਸਕਦੇ ਹਨ ਅਤੇ ਅਸੀਂ ਉਸ ਜਾਣਕਾਰੀ ਅਤੇ ਉਨ੍ਹਾਂ ਦੀ ਪਛਾਣ ਨੂੰ ਗੁਪਤ ਰੱਖਾਂਗੇ।”