Khanna Honour Killing : ਖੰਨਾ ‘ਚ ਅਣਖ ਖ਼ਾਤਰ ਨੌਜਵਾਨ ਦਾ ਕਤਲ, ਪਿੰਡ ਦੀ ਹੀ ਕੁੜੀ ਨਾਲ ਸਨ ਓਂਕਾਰ ਸਿੰਘ ਦੇ ਸਬੰਧ
ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਮ੍ਰਿਤਕ ਓਂਕਾਰ ਸਿੰਘ ਦੇ ਪਿੰਡ ਦੀ ਹੀ ਇੱਕ ਕੁੜੀ ਨਾਲ ਕਰੀਬ ਇੱਕ ਸਾਲ ਤੋਂ ਨਾਜਾਇਜ਼ ਸੰਬੰਧ ਸਨ। ਇਸ ਬਾਰੇ ਕੁੜੀ ਦੇ ਪਰਿਵਾਰ ਨੂੰ ਵੀ ਜਾਣਕਾਰੀ ਮਿਲ ਚੁੱਕੀ ਸੀ।

Khanna Honor Killing : ਖੰਨਾ ਦੇ ਮਲੌਦ ਇਲਾਕੇ ਵਿੱਚ ਅਣਖ ਖਾਤਰ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਮੁੱਖ ਮੁਲਜ਼ਮ ਨੂੰ ਕੁਝ ਹੀ ਘੰਟਿਆਂ ਵਿੱਚ ਕਾਬੂ ਕਰ ਲਿਆ ਹੈ, ਜਦਕਿ ਬਾਕੀ ਚਾਰ ਮੁਲਜ਼ਮ ਅਜੇ ਵੀ ਫਰਾਰ ਹਨ।
ਮ੍ਰਿਤਕ ਦੀ ਪਛਾਣ ਓਂਕਾਰ ਸਿੰਘ ਉਰਫ਼ ਗੁਰੀ (35) ਵਾਸੀ ਪਿੰਡ ਘੁੰਗਰਾਣਾ ਵਜੋਂ ਹੋਈ ਹੈ। 15 ਮਈ 2026 ਨੂੰ ਪਿੰਡ ਨਾਨਕਪੁਰ ਜਗੇੜਾ ਨੇੜੇ ਨਹਿਰ ਪੁਲ ਕੋਲ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਲਾਸ਼ ਦੇ ਕੋਲ ਐਕਟਿਵਾ ਵੀ ਸੁੱਟਿਆ ਗਿਆ ਸੀ ਤਾਂ ਜੋ ਮਾਮਲੇ ਨੂੰ ਸੜਕ ਹਾਦਸਾ ਦਿਖਾਇਆ ਜਾ ਸਕੇ।

ਮੌਕੇ ’ਤੇ ਪਹੁੰਚੀ ਮਲੌਦ ਥਾਣਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਹਿਊਮਨ ਅਤੇ ਟੈਕਨੀਕਲ ਸੋਰਸਾਂ ਦੀ ਮਦਦ ਨਾਲ ਜਾਂਚ ਅੱਗੇ ਵਧਾਈ।

ਪਿੰਡ ਦੀ ਕੁੜੀ ਨਾਲ ਸਨ ਓਂਕਾਰ ਸਿੰਘ ਦੇ ਸਬੰਧ
ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਮ੍ਰਿਤਕ ਓਂਕਾਰ ਸਿੰਘ ਦੇ ਪਿੰਡ ਦੀ ਹੀ ਇੱਕ ਕੁੜੀ ਨਾਲ ਕਰੀਬ ਇੱਕ ਸਾਲ ਤੋਂ ਨਾਜਾਇਜ਼ ਸੰਬੰਧ ਸਨ। ਇਸ ਬਾਰੇ ਕੁੜੀ ਦੇ ਪਰਿਵਾਰ ਨੂੰ ਵੀ ਜਾਣਕਾਰੀ ਮਿਲ ਚੁੱਕੀ ਸੀ। ਪਰਿਵਾਰ ਵੱਲੋਂ ਕੁੜੀ ਦਾ ਵਿਆਹ ਕਰ ਦਿੱਤਾ ਗਿਆ ਸੀ, ਪਰ ਸੰਬੰਧਾਂ ਨੂੰ ਲੈ ਕੇ ਉਸ ਦਾ ਕੁਝ ਦਿਨ ਪਹਿਲਾਂ ਤਲਾਕ ਵੀ ਹੋ ਗਿਆ ਸੀ। ਪੰਜਾਬ ਸਿਆਸਤ ਵਿਸ਼ਲੇਸ਼ਣ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ 14 ਅਤੇ 15 ਮਈ ਦੀ ਦਰਮਿਆਨੀ ਰਾਤ ਓਂਕਾਰ ਸਿੰਘ, ਕੁੜੀ ਨੂੰ ਆਪਣੇ ਨਾਲ ਭਜਾ ਕੇ ਪਿੰਡ ਨਾਨਕਪੁਰ ਜਗੇੜਾ ਵੱਲ ਆਇਆ ਸੀ। ਇਸ ਦੀ ਜਾਣਕਾਰੀ ਮਿਲਣ ’ਤੇ ਕੁੜੀ ਦੇ ਭਰਾ ਗੁਰਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਵਾਂ ਦਾ ਪਿੱਛਾ ਕੀਤਾ। ਮੁਲਜ਼ਮਾਂ ਨੇ ਦੋਵਾਂ ਨੂੰ ਰਸਤੇ ਵਿੱਚ ਘੇਰ ਲਿਆ।

ਪੁਲਿਸ ਮੁਤਾਬਕ ਇਸ ਦੌਰਾਨ ਓਂਕਾਰ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬਾਅਦ ਵਿੱਚ ਮੁਲਜ਼ਮਾਂ ਨੇ ਲਾਸ਼ ਨੂੰ ਨਾਨਕਪੁਰ ਜਗੇੜਾ ਦੇ ਹਾਈ ਸਕੂਲ ਦੀ ਕੰਧ ਕੋਲ ਮੇਨ ਰੋਡ ਨੇੜੇ ਸੁੱਟ ਦਿੱਤਾ ਅਤੇ ਕੋਲ ਐਕਟਿਵਾ ਰੱਖ ਕੇ ਇਸ ਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ।
ਜਾਂਚ ਦੌਰਾਨ ਪੁਲਿਸ ਨੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਵਾਸੀ ਪਿੰਡ ਘੁੰਗਰਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਕਤਲ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਬਾਕੀ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਪੁਲਿਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ।
