Breaking News
Home / ਪੰਜਾਬ / ਦੇਖੋ ਕਿਵੇਂ ਸਿੱਖਾਂ ਦੇ ਲੰਗਰਾਂ ਨੇ ਝੁੱਗੀਆਂ ਝੌਪੜੀਆਂ ਵਾਲਿਆਂ ਦੀ ਬਦਲੀ ਜ਼ਿੰਦਗੀ

ਦੇਖੋ ਕਿਵੇਂ ਸਿੱਖਾਂ ਦੇ ਲੰਗਰਾਂ ਨੇ ਝੁੱਗੀਆਂ ਝੌਪੜੀਆਂ ਵਾਲਿਆਂ ਦੀ ਬਦਲੀ ਜ਼ਿੰਦਗੀ

ਕਿਸਾਨਾਂ ਨੂੰ ਅੱ ਤ- ਵਾ ਦੀ ਕਹਿਣਾ ਵਾਲਿਓ!ਦੇਖੋ ਕਿਵੇਂ ਪੰਜਾਬੀਆਂ ਦੇ ਲੰਗਰਾਂ ਨੇ ਝੁੱਗੀਆਂ ਝੌਪੜੀਆਂ ਵਾਲਿਆਂ ਦੀ ਬਦਲੀ ਜ਼ਿੰਦਗੀ

ਕਿਸਾਨ ਸਹਿਜ ਹਨ, ਸਰਕਾਰ ਹੈਰਾਨ-ਪ੍ਰੇਸ਼ਾਨ ਹੈ। ਕਿਸਾਨਾਂ ਸਾਹਮਣੇ ਰਾਹ ਵੀ ਸਪੱਸ਼ਟ ਹੈ ਤੇ ਸੇਧ ਵੀ। ਉਹ ਇਹ ਵੀ ਜਾਣਦੇ ਹਨ ਕਿ ਉਹਨਾਂ ਦੇ ਰਾਹ ਦੀਆਂ ਮੁਸ਼ਕਿਲਾਂ ਕੀ ਹਨ ਤੇ ਉਹ ਉਹਨਾਂ ਮੁਸ਼ਕਿਲਾਂ ਦੇ ਟਾਕਰੇ ਲਈ ਰਣਨੀਤੀ ਨਾਲ ਵੀ ਲੈਸ ਹਨ। ਸਰਕਾਰ ਦੇ ਸਾਹਮਣੇ ਦੀ ਧਰਤੀ ਕਿਸਾਨਾਂ ਨੇ ਮੋਰਚੇ ਦੇ ਹਲ਼ ਨਾਲ ਵਾਹ ਕੇ ਉਸ ਵਿਚ ਨਾ ਕੋਈ ਰਾਹ ਛੱਡਿਆ ਹੈ ਤੇ ਨਾ ਪਗਡੰਡੀ। ਸਰਕਾਰ ਨੂੰ ਸਮਝ ਨਹੀਂ ਆ ਰਹੀ ਕਿ ਉਹਨੇ ਕਿਧਰ ਜਾਣਾ ਹੈ ਤੇ ਇਸ ਗੋਰਖਧੰਦੇ ਵਿਚੋਂ ਨਿੱਕਲਣ ਦਾ ਰਾਹ ਕੀ ਹੋ ਸਕਦਾ ਹੈ।

ਸਰਕਾਰ ਦੀ ਮੁਸ਼ਕਿਲ ਇਹ ਹੈ ਕਿ ਉਸ ਨੂੰ ਕਿਸਾਨ ਮੋਰਚੇ ਦੀ ਮੋਹਰੀ ਧਿਰ, ਪੰਜਾਬੀ ਕਿਸਾਨ ਦੇ ਪਿਛੋਕੜ, ਬਲ ਤੇ ਸਰੂਪ ਦਾ ਕੋਈ ਅੰਦਾਜ਼ਾ ਹੀ ਨਹੀਂ ਸੀ। ਇਸੇ ਕਰਕੇ ਸਰਕਾਰ ਦੇ ਨਾਲ-ਨਾਲ ਲੋਕ ਵੀ ਇਹ ਦੇਖ ਕੇ ਹੈਰਾਨ ਹਨ ਕਿ ਪੰਜਾਬੀ ਕਿਸਾਨ ਨੇ ਆਪਣੇ ਮੋਰਚੇ ਨੂੰ ਪ੍ਰਚੰਡ ਕਰਦਿਆਂ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਵੀ ਝੰਜੋੜ ਕੇ ਕਿਵੇਂ ਨੀਂਦ ਵਿਚੋਂ ਜਗਾ ਦਿੱਤਾ ਹੈ। ਉਹ ਨਹੀਂ ਜਾਣਦੇ ਕਿ ਪੰਜਾਬੀ ਕਿਸਾਨ ਲਈ ਖੇਤੀ ਬਾਕੀ ਦੁਨੀਆ ਦੇ ਕਿਸਾਨਾਂ ਵਾਂਗ ਸਿਰਫ਼ ਇਕ ਕਿੱਤਾ ਨਹੀਂ ਹੈ, ਇਹ ਉਹਨਾਂ ਲਈ ਜੀਵਨ-ਜਾਚ ਹੈ ਤੇ ਉਹਨਾਂ ਦਾ ਸਭਿਆਚਾਰ ਹੈ। ਇਸੇ ਕਰਕੇ ਉਹ ਖੇਤੀ ਨੂੰ ਵਪਾਰ ਤੇ ਨੌਕਰੀ, ਆਦਿ ਹੋਰ ਸਭ ਕਿੱਤਿਆਂ ਨਾਲੋਂ ਉੱਤਮ ਮੰਨਦੇ ਆਏ ਹਨ। ਪੰਜਾਬੀ ਕਿਸਾਨ ਖੇਤੀ ਆਪਣੇ ਲਈ ਨਹੀਂ ਕਰਦਾ, ਉਹਨਾਂ ਸਭਨਾਂ ਲਈ ਕਰਦਾ ਹੈ ਜਿਨ੍ਹਾਂ ਦੇ ਪੇਟ ਲਗਿਆ ਹੋਇਆ ਹੈ। ਉਹ ਜਦੋਂ ਬੀ ਦੀ ਪਹਿਲੀ ਮੁੱਠੀ ਭੋਇੰ ਦੇ ਹਵਾਲੇ ਕਰਨ ਲਗਦਾ ਹੈ, ਨਾਲ ਹੀ ਸਪੱਸਟ ਕਰ ਦਿੰਦਾ ਹੈ ਕਿ ਉਹਦੀ ਉਪਜ ਵਿਚ ਕਿਸ-ਕਿਸ ਦੇ ਭਾਗ ਸਾਂਝੀਵਾਲ ਹਨ, “ਹਾਲ਼ੀ-ਪਾਲ਼ੀ ਦੇ ਭਾਗੀਂ, ਆਪਣੇ-ਪਰਾਏ ਦੇ ਭਾਗੀਂ, ਰਾਹੀ-ਪਾਂਧੀ ਦੇ ਭਾਗੀਂ, ਮੰਗਤੇ-ਫ਼ਕੀਰ ਦੇ ਭਾਗੀਂ, ਡੰਗਰ-ਵੱਛੇ ਦੇ ਭਾਗੀਂ, ਚਿੜੀ-ਜਨੌਰ ਦੇ ਭਾਗੀਂ,…”।


ਪੰਜਾਬੀ ਕਿਸਾਨੀ ਪ੍ਰੰਪਰਾ ਪਵਿੱਤਰਤਾ ਦੇ ਰੰਗ ਵਿਚ ਰੰਗੀ ਹੋਈ ਹੈ ਕਿਉਂਕਿ ਇਸ ਦੀਆਂ ਨੀਂਹਾਂ ਸਰਬਕਾਲੀ ਮਹਾਨ ਪੰਜਾਬੀ, ਬਾਬਾ ਨਾਨਕ ਨੇ ਪੱਕੀਆਂ ਕੀਤੀਆਂ ਸਨ। ਚਾਰੇ ਕੂਟਾਂ ਵਿਚ ਦੂਰ-ਦੂਰ ਪਹੁੰਚ ਕੇ, ਅਨਗਿਣਤ ਲੋਕਾਂ ਨੂੰ ਮਿਲ ਕੇ, ਅਨੇਕ ਮੱਤਾਂ-ਮਤਾਂਤਰਾਂ ਦੇ ਗਿਆਨਵਾਨਾਂ ਨਾਲ ਗੋਸ਼ਟਾਂ ਕਰ ਕੇ ਤੇ ਇਸ ਸਾਰੇ ਪੀਠੇ ਹੋਏ ਨੂੰ ਛਾਣ ਕੇ ਉਹ ਇਸ ਨਤੀਜੇ ਉੱਤੇ ਪੁੱਜੇ ਸਨ ਕਿ ਹੱਥੀਂ ਕਿਰਤ ਤੇ ਉਸ ਵਿਚ ਵੀ ਅੱਗੋਂ ਖੇਤੀ ਹੀ ਸਭ ਤੋਂ ਵੱਡਾ ਫਲਸਫਾ ਹੈ, ਸਭ ਤੋਂ ਵੱਡੀ ਵਿਚਾਰਧਾਰਾ ਹੈ। ਆਪਣੇ ਸੰਗੀਆਂ ਤੇ ਸੰਗਤਾਂ ਨੂੰ ਇਹ ਵਿਚਾਰ ਦ੍ਰਿੜ੍ਹ ਕਰਾਉਣ ਵਾਸਤੇ ਉਹਨਾਂ ਨੇ ਹਲ਼ ਦੀ ਹੱਥੀ ਕੁਝ ਘੜੀਆਂ-ਪਲਾਂ ਲਈ ਫੜ ਕੇ ਨਹੀਂ ਸੀ ਦਿਖਾਈ ਸਗੋਂ ਬਾਕੀ ਜੀਵਨ ਦੇ ਸਾਰੇ ਅਠਾਰਾਂ ਸਾਲ ਹੱਥੀਂ ਹਲ਼ ਵਾਹਿਆ, ਖੇਤੀ ਕੀਤੀ ਤੇ ਕਿਸਾਨੀ ਜੀਵਨ ਼ਜੀਵਿਆ। ਇਹਦੇ ਨਾਲ ਹੀ ਬਾਬੇ ਨੇ ਵੰਡ ਕੇ ਛਕਣ ਦਾ ਪਾਠ ਵੀ ਪੜ੍ਹਾ ਦਿੱਤਾ ਅਤੇ ਕਰਤਾਰਪੁਰ ਦੇ ਆਪਣੇ ਖੇਤ ਵਿਚ ਆਪਣੀ ਲੋੜ ਤੋਂ ਵਧੀਕ ਪੈਦਾ ਹੁੰਦਾ ਅੰਨ ਜ਼ਰੂਰਤਮੰਦਾਂ ਨੂੰ ਵਰਤਾ ਦੇਣ ਦੀ ਰੀਤ ਚਲਾਈ ਜੋ ਲੰਗਰ ਦਾ ਰੂਪ ਧਾਰ ਕੇ ਅੱਜ ਦੀ ਪਾਟੋਧਾੜ ਦੁਨੀਆ ਵਿਚ ਪੰਜਾਬੀਆਂ ਦੀ ਮਾਨਵਵਾਦੀ ਉਦਾਰਤਾ ਤੇ ਸਰਬ-ਸਾਂਝੀਵਾਲਤਾ ਦੀ ਮਿਸਾਲ ਬਣਦਿਆਂ ਚਹੁੰ ਕੂਟੀਂ ਵਡਿਆਈ ਖੱਟ ਰਹੀ ਹੈ। ਇਸੇ ਕਰਕੇ ਪੰਜਾਬੀ ਕਿਸਾਨ ਲਈ ਖੇਤੀ ਕਿੱਤਾ ਨਾ ਰਹਿ ਕੇ ਦੀਨ-ਈਮਾਨ ਬਣ ਗਈ ਹੈ।


ਸਰਕਾਰੀ ਧਿਰ ਦੀ ਪਰੇਸ਼ਾਨੀ ਦਾ ਦੂਜਾ ਕਾਰਨ ਉਹਨਾਂ ਦੇ ਮਨ-ਮਸਤਕ ਵਿਚ ਬਣੀ ਹੋਈ ਕਿਸਾਨ ਦੀ ਤਸਵੀਰ ਸੀ ਜਿਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਰਾਜ ਕਰ ਰਹੇ ਨੇਤਾ ਆਮ ਲੋਕਾਂ ਨਾਲੋਂ ਕਿੰਨੀ ਬੁਰੀ ਤਰ੍ਹਾਂ ਟੁੱਟੇ ਹੋਏ ਹਨ। ਉਹਨਾਂ ਦੀ ਕਲਪਨਾ ਅਨੁਸਾਰ ਕਿਸਾਨ ਪੇਂਡੂ ਅਣਪੜ੍ਹ ਤੇ ਗੰਵਾਰ ਹੁੰਦਾ ਹੈ ਜਿਸ ਦੇ ਮੌਰਾਂ ਉੱਤੇ ਟਾਕੀਆਂ ਲੱਗੀਆਂ ਹੋਈਆਂ ਹੁੰਦੀਆਂ ਹਨ। ਇਸੇ ਕਰਕੇ ਸਿੰਘੂ ਹੱਦ ਉੱਤੇ ਪਹੁੰਚੇ ਸੈਂਕੜੇ ਕਿਸਾਨਾਂ ਦੇ ਦਰਸ਼ਨ ਹੋਇਆਂ ਸਾਬਕਾ ਫੌਜੀ ਮੁਖੀ ਤੇ ਹੁਣ ਕੇਂਦਰੀ ਮੰਤਰੀ, ਜਰਨੈਲ ਵੀ.ਕੇ. ਸਿੰਘ, ਹਰਿਆਣੇ ਦਾ ਜੰਮਪਲ ਹੋਣ ਦੇ ਬਾਵਜੂਦ, ਆਖਦਾ ਹੈ, “ਤਸਵੀਰਾਂ ਵਿਚਲੇ ਲੋਕ ਕਿਸਾਨ ਤਾਂ ਦਿਸਦੇ ਹੀ ਨਹੀਂ! ਜੋ ਕੁਝ ਕਿਸਾਨਾਂ ਦੇ ਹਿਤ ਵਿਚ ਹੈ, ਉਹ ਕਰ ਦਿੱਤਾ ਗਿਆ ਹੈ। ਖੇਤੀ ਕਾਨੂੰਨਾਂ ਨਾਲ ਕੋਈ ਸਮੱਸਿਆ ਕਿਸਾਨਾਂ ਨੂੰ ਨਹੀਂ, ਹੋਰਾਂ ਨੂੰ ਹੈ। ਅੰਦੋਲਨ ਪਿੱਛੇ ਵਿਰੋਧੀ ਦਲਾਂ ਤੋਂ ਇਲਾਵਾ ਦਲਾਲ ਲੋਕ ਹਨ।” ਇਸ ਸੋਚ ਨਾਲ ਗੱਲਬਾਤ ਲਈ ਪਹੁੰਚੀ ਸਰਕਾਰੀ ਧਿਰ ਸਾਹਮਣੇ ਜਦੋਂ ਕਿਸਾਨ ਆਗੂਆਂ ਨੇ ਤਿੰਨਾਂ ਖੇਤੀ ਕਾਨੂੰਨਾਂ ਦੀ ਇਕ-ਇਕ ਧਾਰਾ ਤੇ ਅੱਗੋਂ ਉਪ-ਧਾਰਾ ਲੈ ਕੇ ਉਹਦੀ ਵਿਆਖਿਆ ਕਰਨੀ, ਅਰਥ ਸਮਝਾਉਣੇ ਤੇ ਆਪਣੇ ਇਤਰਾਜ਼ ਦੱਸਣੇ ਸ਼ੁਰੂ ਕੀਤੇ, ਸੁੰਨ ਹੋਏ ਮੰਤਰੀਆਂ ਤੇ ਅਧਿਕਾਰੀਆਂ ਦੇ ਪੈਰਾਂ ਹੇਠੋਂ ਧਰਤੀ ਖਿਸਕਣੀ ਕੁਦਰਤੀ ਸੀ।


ਕਿਸਾਨਾਂ ਦੀਆਂ ਦਲੀਲਾਂ ਦੀ ਕਾਟ ਲਈ ਸਰਕਾਰੀ ਧਿਰ ਉਸ ਪ੍ਰਵਚਨ ਨਾਲ ਲੈਸ ਹੋ ਕੇ ਆਈ ਸੀ ਜੋ ਕਿਸਾਨ ਮੋਰਚੇ ਦੇ ਸ਼ੁਰੂ ਤੋਂ ਪ੍ਰਧਾਨ ਮੰਤਰੀ ਜੀ ਕਰਦੇ ਆਏ ਹਨ-ਖੇਤੀ ਕਾਨੂੰਨ ਕਿਸਾਨਾਂ ਲਈ ਖ਼ੁਸ਼ਹਾਲੀ ਦੇ ਦੁਆਰ ਖੋਲ੍ਹਦੇ ਹਨ, ਵਿਰੋਧੀ ਪਾਰਟੀਆਂ ਅਫ਼ਵਾਹਾਂ ਫ਼ੈਲਾ ਰਹੀਆਂ ਹਨ, ਕੁਫ਼ਰ ਤੋਲ ਰਹੀਆਂ ਹਨ, ਕਿਸਾਨਾਂ ਵਿਚ ਭਰਮ ਫ਼ੈਲਾ ਰਹੀਆਂ ਹਨ ਤੇ ਭੋਲ਼ੇ ਕਿਸਾਨ ਭਰਾ ਇਸ ਕੂੜ-ਪਰਚਾਰ ਵਿਚ ਫਸੇ ਹੋਏ ਹਨ। ਕਿਸਾਨਾਂ ਨਾਲ ਗੱਲਬਾਤ ਚਲਦੀ ਹੋਣ ਦੇ ਬਾਵਜੂਦ ਤੇ ਗੱਲਬਾਤ ਸਮੇਂ ਕਿਸਾਨਾਂ ਦੀ ਖੇਤੀ ਕਾਨੂੰਨਾਂ ਬਾਰੇ ਜਾਣਕਾਰੀ ਦੇ ਜੌਹਰ ਦੇਖ ਲਏ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਤੇ ਹੋਰਾਂ ਨੇ ਇਹ ਪ੍ਰਵਚਨ ਅੱਜ ਵੀ ਜਾਰੀ ਰੱਖਿਆ ਹੋਇਆ ਹੈ। ਕਿਸਾਨ ਉਹਨਾਂ ਦੀ ਨਜ਼ਰ ਵਿਚ ਭੋਲ਼ੇ ਪੰਛੀ ਹਨ ਜੋ ਬਿਚਾਰੇ ਕੁਛ ਨਹੀਂ ਜਾਣਦੇ ਤੇ ਵਿਰੋਧੀ ਪਾਰਟੀਆਂ ਦੇ ਜਾਲ ਵਿਚ ਫਸੇ ਹੋਏ ਹਨ ਜਦੋਂ ਕਿ ਖੇਤੀ ਕਾਨੂੰਨਾਂ ਨੇ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਹੈ ਤੇ ਨਵੀਆਂ ਸੰਭਾਵਨਾਵਾਂ ਖੋਲ੍ਹ ਕੇ ਖ਼ੁਸ਼ਹਾਲ ਬਣਾ ਦਿੱਤਾ ਹੈ। ਸਰਕਾਰ ਦੀ ਇਹ ਦਲੀਲ ਏਨੀ ਹਾਸੋਹੀਣੀ ਹੈ ਜਿਵੇਂ ਕੰਗਰੋੜ ਨਾਲ ਪੇਟ ਲੱਗੇ ਵਾਲੇ ਭੁੱਖੇ ਨੂੰ ਕੋਈ ਕਹੇ, ਅਸੀਂ ਤੈਨੂੰ ਪੂੜੇ ਖੁਆਏ, ਅਸੀਂ ਤੈਨੂੰ ਖੀਰ ਖੁਆਈ, ਇਹ ਵਿਰੋਧੀ ਪਾਰਟੀਆਂ ਤੈਨੂੰ ਭੁੱਖਾ ਆਖਣ ਦਾ ਕੁਫ਼ਰ ਤੋਲ ਰਹੀਆਂ ਹਨ, ਤੂੰ ਇਹਨਾਂ ਦੇ ਭਰਮ ਵਿਚ ਨਾ ਫਸੀਂ, ਤੂੰ ਤਾਂ ਰੱਜਿਆ ਹੋਇਆ ਹੈਂ!


ਪੰਜਾਬੀ ਕਿਸਾਨ ਦਿੱਲੀ ਵੱਲ ਤੁਰੇ ਤਾਂ ਕਮਾਨ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਨੂੰ ਸੌਂਪ ਦਿੱਤੀ ਗਈ। ਹੱਦ ਉੱਤੇ ਭਾਰੀ ਪੱਥਰਾਂ ਤੇ ਬੈਰੀਕੇਡਾਂ ਦੀਆਂ ਕੰਧਾਂ ਉਸਾਰ ਦਿੱਤੀਆਂ ਗਈਆਂ, ਜਲ-ਤੋਪਾਂ ਬੀੜ ਦਿੱਤੀਆਂ ਗਈਆਂ, ਹੰਝੂ-ਗੈਸ ਦੇ ਗੋ ਲਿਆਂ ਦਾ ਢੇਰ ਲਾ ਲਿਆ ਗਿਆ ਤੇ ਹਥਿਆਰਬੰਦ ਵਰਦੀਧਾਰੀਆ ਦੀਆਂ ਕਤਾਰਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ। ਆਪਣੀ ਇਸ ਗ਼ੈਰ-ਜਮਹੂਰੀ ਤੇ ਗ਼ੈਰ-ਕਾਨੂੰਨੀ ਧੱ ਕੇ ਸ਼ਾ ਹੀ ਨੂੰ ਜਾਇਜ਼ ਠਹਿਰਾਉਣ ਲਈ ਉਹਨੇ ਆਖਿਆ ਕਿ ਸਰਕਾਰ ਨੂੰ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਵਿਚ ਖਾਲਿਸਤਾਨੀ ਵੱਖਵਾਦੀਆਂ ਦੀ ਮੌਜੂਦਗੀ ਬਾਰੇ ਗੁਪਤ ਸੂਚਨਾ ਮਿਲੀ ਹੈ। ਉਹਦੀ ਟੇਕ ਇਸ ਝੂਠੀ ਆਸ ਉੱਤੇ ਸੀ ਕਿ ਕਿਸਾਨ ਭੜਕ ਕੇ ਪੱਥਰ ਮਾਰਨਗੇ, ਕਾਰਾਂ-ਬਸਾਂ ਦੇ ਸ਼ੀਸ਼ੇ ਤੋੜਨਗੇ, ਅੱਗਾਂ ਲਾਉਣਗੇ ਤੇ ਤਿਆਰ-ਬਰ-ਤਿਆਰ ਪੁਲਸ ਨੂੰ ਕਹਿਰ ਢਾਹੁਣ ਦਾ ਮੌਕਾ ਦੇਣਗੇ। ਪਰ ਜਿਵੇਂ ਸਾਡੀਆਂ ਬਾਤਾਂ ਦਾ ਨਾਇਕ ਸ਼ੇਰ-ਬਘੇਰਿਆਂ ਵਾਲੇ ਜੰਗਲ, ਅੱਗਾਂ, ਮਾਰੂਥਲ, ਪਰਬਤ, ਦਰਿਆ ਪਾਰ ਕਰਦਾ ਹੋਇਆ ਅਡੋਲ ਵਧਦਾ ਤੁਰਿਆ ਜਾਂਦਾ ਹੈ, ਕਿਸਾਨਾਂ ਨੇ ਪੂਰੀ ਤਰ੍ਹਾਂ ਸ਼ਾਂਤ ਰਹਿੰਦਿਆਂ ਇਹਨਾਂ ਸਭ ਖੱਟਰੀ ਰੋਕਾਂ ਨੂੰ ਲਿਤਾੜ ਕੇ ਸਿੰਘੂ ਹੱਦ ਉੱਤੇ ਜਾ ਪੜਾਅ ਕੀਤਾ। ਖੱਟਰ ਨੂੰ ਪੰਜਾਬੀ ਹੁੰਦਿਆਂ ਵੀ ਇਹ ਪਤਾ ਨਹੀਂ ਕਿ ਪੰਜਾਬੀ ਸੰਘਰਸ਼ੀ ਵਿਰਸੇ ਦਾ ਜਿੰਨਾ ਸ਼ਾਨਦਾਰ ਪੱਖ ਇਨਕਲਾਬੀ ਜੁਝਾਰਤਾ ਹੈ, ਓਨਾ ਹੀ ਕਦਰਜੋਗ ਪਹਿਲੂ ਸ਼ਾਂਤਮਈ ਵਿਰੋਧ ਹੈ। ਨਾਗਪੁਰੀ ਸਭਿਆਚਾਰ ਵਿਚ ਰੰਗੇ ਹੋਏ ਖੱਟਰ ਨੂੰ ਸ਼ਾਇਦ ਸ਼ਾਂਤਮਈ ਰਹਿ ਕੇ ਅੰਗਰੇਜ਼ ਦੀਆਂ ਵ ਹਿ ਸ਼ੀ ਡਾਂ ਗਾਂ ਖਾਣ ਵਾਲ਼ੇ ਗੁਰੂ ਕੇ ਬਾਗ਼ ਦੇ ਅੰਦੋਲਨਕਾਰੀਆਂ ਅਤੇ ਆਪਣੇ ਲਹੂ ਤੇ ਮਿੱਜ ਦੇ ਖੋਭੇ ਵਿਚ ਰੇਲ-ਗੱਡੀ ਦੇ ਪਹੀਏ ਰੋਕ ਦੇਣ ਵਾਲ਼ੇ ਪੰਜਾ ਸਾਹਿਬ ਦੇ ਸਾਕੇ ਦੇ ਸ਼ਾਂਤਮਈ ਸੂਰਮਿਆਂ ਦਾ ਕੋਈ ਪਤਾ ਨਹੀਂ। ਇਹ ਤਾਂ ਕੁਝ ਦੂਰ ਦੀਆਂ ਗੱਲਾਂ ਹਨ, ਉਹ ਇਹ ਵੀ ਨਾ ਸਮਝ ਸਕਿਆ ਕਿ ਹਫ਼ਤਿਆਂ ਤੋਂ ਪੰਜਾਬ ਵਿਚ ਦਰਜਨਾਂ ਥਾਂਵਾਂ ਉੱਤੇ ਲੱਗੇ ਹੋਏ ਇਸ ਮੋਰਚੇ ਵਿਚ ਕਿਤੇ ਇਕ ਵੀ ਅਸੁਖਾਵੀਂ ਘਟਨਾ ਨਹੀਂ ਹੋਈ! ਇਉਂ ਕਿਸਾਨਾਂ ਦੇ ਹੋਸ਼ ਸਾਹਮਣੇ ਖੱਟਰ ਦੀਆਂ ਸਭ ਵਿਉਂਤਾਂ ਧਰੀਆਂ-ਧਰਾਈਆਂ ਰਹਿ ਗਈਆਂ।


ਕਿਸਾਨਾਂ ਦੇ ਸਿੰਘੂ ਹੱਦ ਉੱਤੇ ਪਹੁੰਚ ਜਾਣ ਮਗਰੋਂ “ਇਸ ਜੁੱਗ ਦਾ ਪ੍ਰਮੁੱਖ ਰਣਨੀਤੀ-ਘਾੜਾ” ਅਮਿੱਤ ਸ਼ਾਹ ਸਾਹਮਣੇ ਆਇਆ। ਉਹਨੇ ਬੜੇ ਪਿਆਰ-ਦੁਲਾਰ ਨਾਲ ਸੱਦਾ ਦਿੱਤਾ ਕਿ ਕਿਸਾਨ ਭਰਾ ਦਿੱਲੀ ਦੀ ਕੰਨੀ ਉੱਤੇ ਬੁਰਾੜੀ ਦੇ ਮੈਦਾਨ ਵਿਚ ਪਹੁੰਚਣ ਜਿਥੇ ਸਰਕਾਰ ਨੇ ਉਹਨਾਂ ਦੇ ਹਰ ਸੁਖ-ਆਰਾਮ ਦਾ ਪ੍ਰਬੰਧ ਕਰ ਦਿੱਤਾ ਹੈ। ਇਸ ਰਣਨੀਤੀ ਪਿੱਛੇ ਵੀ ਕਿਸਾਨਾਂ ਨੂੰ ਸਾਧਾਰਨ-ਬੁੱਧ ਭੋਲ਼ੇ ਪੰਛੀ ਸਮਝਣ ਵਾਲੀ ਸੋਚ ਹੀ ਕੰਮ ਕਰ ਰਹੀ ਸੀ। ਕਿਸਾਨ ਗੁੱਝੀ ਚਾਲ ਸਮਝ ਗਏ ਕਿ ਸੁਰੱਖਿਆ ਦੇ ਨਾਂ ਉੱਤੇ ਪੁਲਸੀ ਘੇਰਾਬੰਦੀ ਕਰ ਕੇ ਉਥੋਂ ਉਹਨਾਂ ਨੂੰ ਨਾ ਕਿਤੇ ਜਾਣ ਦਿੱਤਾ ਜਾਵੇਗਾ ਤੇ ਉਥੇ ਬੈਠਿਆਂ ਦਾ ਨਾ ਉਹਨਾਂ ਦਾ ਕੋਈ ਦਬਾਅ ਰਹਿ ਜਾਵੇਗਾ। ਉਹਨਾਂ ਨੇ ਬੁਰਾੜੀ ਦੇ ਮੈਦਾਨ ਨੂੰ ਖੁੱਲ੍ਹੀ ਜੇਲ੍ਹ ਆਖ ਕੇ ਅਮਿੱਤ ਸ਼ਾਹ ਦੀ ਪ੍ਰਾਹੁਣਚਾਰੀ ਰੱਦ ਕਰ ਦਿੱਤੀ ਤੇ ਚੁਸਤ-ਚਲਾਕੀ ਠੁੱਸ ਕਰ ਦਿੱਤੀ।


ਇਹਦੇ ਨਾਲ ਹੀ ਗੋਦੀ ਮੀਡੀਆ ਦੀਆਂ ਸੰਗਲੀਆਂ ਵੀ ਖੋਲ੍ਹ ਦਿੱਤੀਆਂ ਗਈਆਂ। ਭਾਰਤੀ ਜਨਤਾ ਪਾਰਟੀ ਦੇ ਸੂਚਨਾ ਤਕਨਾਲੋਜੀ ਸੈੱਲ ਦੇ ਮੁਖੀ ਅਮਿੱਤ ਮਾਲਵੀਆ ਨੇ ਕਿਸਾਨ ਅੰਦੋਲਨ ਨੂੰ ਖਾਲਿਸਤਾਨੀਆਂ ਤੇ ਮਾਓਵਾਦੀਆਂ ਨਾਲ ਜੁੜਿਆ ਆਖ ਕੇ ਉਹਨਾਂ ਨੂੰ ਰਾਹ ਦਿਖਾ ਦਿੱਤਾ। ਵਿਉਂਤ ਇਹ ਸੀ ਕਿ ਸਿੰਘੂ ਹੱਦ ਨੂੰ ਨਵਾਂ ਸ਼ਾਹੀਨ ਬਾਗ਼ ਆਖ ਕੇ, ਉਥੇ ਬੈਠਿਆਂ ਨੂੰ ਪਾਕਿਸਤਾਨੀ ਕਹਿਣ ਵਾਂਗ ਇਥੋਂ ਵਾਲਿਆਂ ਨੂੰ ਖਾਲਿਸਤਾਨੀ ਪਰਚਾਰ ਕੇ ਤੇ ਉਹਨਾਂ ਦਾ ਸਾਥ ਦੇਣ ਵਾਲਿਆਂ ਉੱਤੇ ਦੇਸ-ਧਰੋਹੀ ਹੋਣ ਦਾ ਠੱਪਾ ਲਾ ਕੇ ਮੋਰਚੇ ਦੇ ਹੌਸਲੇ ਪਸਤ ਕੀਤੇ ਜਾਣ। ਗੋਦੀ ਚੈਨਲਾਂ ਨੇ ਇਸ਼ਾਰਾ ਸਮਝ ਕੇ ਇਹ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਇਸ ਪ੍ਰਵਚਨ ਨੂੰ ਅੱਗੇ ਤੋਰਨ ਲਈ ਸਰਕਾਰ ਦੀ ਇਕ ਚਹੇਤੀ ਨੇ ਪੰਜਾਬ ਦੀਆਂ ਮਾਂਵਾਂ-ਦਾਦੀਆਂ ਨੂੰ ਸੌ ਰੁਪਏ ਦਿਹਾੜੀ ਲੈ ਕੇ ਆਈਆਂ ਸ਼ਾਹੀਨ ਬਾਗ਼ ਦੀਆਂ ਦਾਦੀਆਂ ਹੋਣ ਦੀ ਗਾਲ਼ ਦੇ ਦਿੱਤੀ। ਇਹਨਾਂ ਲੋਕਾਂ ਨੂੰ ਇਹ ਸ਼ਰਮ ਵੀ ਨਹੀਂ ਕਿ ਅਨੇਕ ਸੂਰਤਾਂ ਵਿਚ ਪੁੱਤਰ ਚੀਨ ਤੇ ਪਾਕਿਸਤਾਨ ਤੋਂ ਦੇਸ ਦੀ ਧਰਤੀ ਬਚਾਉਣ ਲਈ ਜਾਨ ਤਲ਼ੀ ਉਤੇ ਰੱਖ ਕੇ ਸਰਹੱਦ ਦੀ ਪਹਿਰੇਦਾਰੀ ਕਰ ਰਹੇ ਹਨ ਤੇ ਬਜ਼ੁਰਗ ਪਿਓ ਆਪਣੇ ਉਹਨਾਂ ਸੈਨਿਕ ਪੁੱਤਰਾਂ ਦੀ ਧਰਤੀ ਬਚਾਉਣ ਲਈ ਕਿਸਾਨ ਮੋਰਚੇ ਵਿਚ ਜੂਝ ਰਹੇ ਹਨ। ਜਦੋਂ ਗੋਦੀ ਚੈਨਲਾਂ ਦੇ ਪੱਤਰਕਾਰਾਂ ਨੂੰ ਕਿਸਾਨਾਂ ਨੇ ਉਹਨਾਂ ਵਿਚੋਂ ਖਾਲਿਸਤਾਨੀ ਤੇ ਨਕਸਲੀਏ ਭਾਲ ਕੇ ਲਿਆਉਣ ਲਈ ਵੰਗਾਰਿਆ, ਉਹਨਾਂ ਨੂੰ ਇਸ ਕਸੂਤੀ ਹਾਲਤ ਵਿਚੋਂ ਨਿੱਕਲਣ ਦਾ ਰਾਹ ਨਹੀਂ ਸੀ ਮਿਲ ਰਿਹਾ। ਨਤੀਜੇ ਵਜੋਂ ਇਹ ਕੂੜ ਪਰਚਾਰ ਵੀ ਦਮ ਤੋੜ ਗਿਆ।

ਕਿਸਾਨ ਜਿਸ ਅਮਨ-ਚੈਨ ਤੇ ਮਾਣ-ਮਰਯਾਦਾ ਨਾਲ ਮੋਰਚਾ ਚਲਾ ਰਹੇ ਹਨ, ਉਹ ਦੇਸ ਵਿਚ ਹੀ ਨਹੀਂ, ਪਰਦੇਸਾਂ ਵਿਚ ਵੀ ਵਡਿਆਈ ਤੇ ਹਮਾਇਤ ਹਾਸਲ ਕਰ ਰਿਹਾ ਹੈ। ਗੱਲਬਾਤ ਸਮੇਂ ਕਿਸਾਨਾਂ ਦਾ ਸੁਚੱਜਾ-ਸਚਿਆਰਾ ਵਿਹਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਰਕਾਰ ਦੇ ਛੱਤੀ ਪਦਾਰਥਾਂ ਨੂੰ ਨਾਂਹ ਆਖ ਕੇ ਵਿਗਿਆਨ ਭਵਨ ਵਿਚ ਭੁੰਜੇ ਬੈਠ ਆਪਣਾ ਲੰਗਰ ਛਕ ਰਹੇ ਕਿਸਾਨ ਆਗੂਆਂ ਨੇ ਕਰੋੜਾਂ ਦਰਸ਼ਕਾਂ ਦਾ ਮਨ ਮੋਹ ਲਿਆ ਹੈ। ਸਿਆਸਤ ਦੀ ਦੁਨੀਆ ਹੈਰਾਨ ਹੈ ਕਿ ਪਿਛਲੇ ਸੱਤ ਸਾਲਾਂ ਵਿਚ ਜਿਸ ਮੋਦੀ ਸਰਕਾਰ ਨੇ ਵਿਰੋਧੀ ਪੱਖ ਦੀ ਕੱਖ ਪਰਵਾਹ ਨਹੀਂ ਕੀਤੀ ਤੇ ਕੋਈ ਇਕ ਛੋਟੀ-ਮੋਟੀ ਮੰਗ ਵੀ ਪਰਵਾਨ ਨਹੀਂ ਕੀਤੀ, ਉਹ ਜਾਗਰਿਤ ਕਿਸਾਨਾਂ ਦੀ ਏਕਤਾ ਅੱਗੇ ਕਿਵੇਂ ਨਿਤਾਣੀ ਹੋਈ ਖਲੋਤੀ ਹੈ! ਇਸ ਕਿਸਾਨ ਮੋਰਚੇ ਦਾ ਨਤੀਜਾ ਕੀ ਨਿੱਕਲਦਾ ਹੈ, ਇਹ ਪਤਾ ਕੁਝ ਦਿਨਾਂ ਵਿਚ ਲੱਗੇਗਾ। ਵੱਡੀ ਗੱਲ ਇਹ ਹੈ ਕਿ ਨਤੀਜੇ ਤੋਂ ਪਹਿਲਾਂ ਹੀ ਇਸ ਨੇ ਲੋਕ-ਸੰਗਰਾਮਾਂ ਦੇ ਇਤਿਹਾਸ ਵਿਚ ਇਕ ਨਹੀਂ, ਕਈ ਸੁਨਹਿਰੀ ਕਾਂਡ ਲਿਖ ਵੀ ਦਿੱਤੇ ਹਨ!

About admin

Check Also

ਵਿਦੇਸ਼ ਜਾਣ ਦੇ ਲਈ ਲੜਕੇ ਨੇ ਕੀਤਾ ਵਿਆਹ, 65 ਲੱਖ ਡਕਾਰਨ ਤੋਂ ਬਆਦ ਪਤਨੀ ਨੇ ਬਲਾਕ ਕੀਤਾ ਪਤੀ ਦਾ ਨੰਬਰ

ਚੰਡੀਗੜ੍ਹ : ਆਈਲਟਸ ਕਰ ਵਿਦੇਸ਼ ਜਾਣ ਵਾਲੀ ਲੜਕੀਆਂ ਤੇ ਲੜਕੇ ਦੀ ਕਾਂਟ੍ਰੇਕਟ ਮੈਰਿਜ ਦੇ ਠੱਗੀ …

%d bloggers like this: