ਟਰੰਪ ਨੂੰ ਤਲਾਕ ਦੇ ਸਕਦੀ ਹੈ ਮੇਲਾਨੀਆ

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਨੂੰ ਜੋ ਬਿਡੇਨ ਨੇ ਕਰਾਰੀ ਹਾਰ ਦਿੱਤੀ ਹੈ। ਭਾਵੇਂਕਿ ਟਰੰਪ ਨੇ ਹੁਣ ਤੱਕ ਆਪਣੀ ਹਾਰ ਸਵੀਕਾਰ ਨਹੀਂ ਕੀਤੀ ਹੈ। ਉਹਨਾਂ ਨੇ ਬਿਡੇਨ ਦੀ ਜਿੱਤ ਦੇ ਦਾਅਵੇ ਦੇ ਪੰਜ ਘੰਟੇ ਬਾਅਦ ਅੱਜ ਟਵੀਟ ਕਰਕੇ ਚੋਣਾਂ ਵਿਚ ਘਪਲੇਬਾਜ਼ੀ ਕਰਨ ਦਾ ਦੋਸ਼ ਲਗਾਇਆ। ਟਰੰਪ ਨੇ ਇਹ ਵੀ ਕਿਹਾ ਕਿ ਚੋਣਾਂ ਵਿਚ ਉਹੀ ਜਿੱਤੇ ਹਨ ਅਤੇ ਉਹਨਾਂ ਨੂੰ 7 ਕਰੋੜ ਤੋਂ ਵੱਧ ਵੈਧ ਵੋਟਾਂ ਮਿਲੀਆਂ ਹਨ। ਇਸ ਵਿਚ ਡੇਲੀ ਮੇਲ ਨੇ ਟਰੰਪ ਦੀ ਪਤਨੀ ਮੇਲਾਨੀਆ ਦੇ ਇਕ ਸਾਬਕਾ ਸਹਿਯੋਗੀ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਟਰੰਪ ਦੇ ਚੋਣਾਂ ਵਿਚ ਹਾਰ ਜਾਣ ਦੇ ਬਾਅਦ ਮੇਲਾਨੀਆ ਉਹਨਾਂ ਦਾ ਸਾਥ ਛੱਡ ਸਕਦੀ ਹੈ।

ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਮੇਲਾਨੀਆ ਟਰੰਪ ਦੀ ਸਾਬਕਾ ਸਹਿਯੋਗੀ ਸਟੇਫਨੀ ਵੋਲਕਾਫ ਨੇ ਦਾਅਵਾ ਕੀਤਾ ਹੈ ਕਿ ਮੇਲਾਨੀਆ ਵਿਆਹ ਦੇ ਬਾਅਦ ਤੋਂ ਸਮਝੌਤਿਆ ਨੂੰ ਲੈ ਕੇ ਟਰੰਪ ਨਾਲ ਗੱਲਬਾਤ ਕਰ ਰਹੀ ਹੈ। ਜਿਸ ਵਿਚ ਬੇਟੇ ਬੈਰਨ ਦੇ ਨਾਲ-ਨਾਲ ਟਰੰਪ ਦੀ ਜਾਇਦਾਦ ਵਿਚ ਬਰਾਬਰ ਦੀ ਹਿੱਸੇਦਾਰੀ ਦੀ ਮੰਗ ਕੀਤੀ ਗਈ ਹੈ। ਵੋਲਕਾਫ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅਮਰੀਕਾ ਦੀ ਰਾਸ਼ਟਰਪਤੀ ਰਿਹਾਇਸ਼ ਵ੍ਹਾਈਟ ਹਾਊਸ ਵਿਚ ਟਰੰਪ ਅਤੇ ਮੇਲਾਨੀਆ ਦੇ ਬੈੱਡਰੂਮ ਵੱਖਰੇ-ਵੱਖਰੇ ਹਨ। ਉਹਨਾ ਨੇ ਟਰੰਪ ਅਤੇ ਮੇਲਾਨੀਆ ਦੇ ਵਿਆਹ ਨੂੰ ਲੈਣ-ਦੇਣ (transactional) ਕਰਾਰ ਦਿਤਾ ਹੈ।

ਉੱਥੇ ਡੋਨਾਲਡ ਟਰੰਪ ਦੀ ਸਾਬਕਾ ਰਾਜਨੀਤਕ ਸਹਿਯੋਗੀ ਓਮਾਰੋਸਾ ਮੈਨਿਗਾਲਟ ਨਿਊਮੈਨ ਨੇ ਦਾਅਵਾ ਕੀਤਾ ਕਿ ਟਰੰਪ ਅਤੇ ਮੇਲਾਨੀਆ ਦਾ 15 ਸਾਲ ਪੁਰਾਣਾ ਵਿਆਹ ਹੁਣ ਖਤਮ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਮੇਲਾਨੀਆ ਹਰ ਮਿੰਟ ਦੀ ਗਿਣਤੀ ਕਰ ਰਹੀ ਹੈ। ਓਮਾਰੋਸਾ ਨੇ ਇੱਥੇ ਤੱਕ ਦਾਅਵਾ ਕੀਤਾ ਹੈ ਕਿ ਟਰੰਪ ਦੇ ਵ੍ਹਾਈਟ ਹਾਊਸ ਤੋਂ ਬਾਹਰ ਆਉਂਦੇ ਹੀ ਮੇਲਾਨੀਆ ਉਹਨਾਂ ਨੂੰ ਤਲਾਕ ਦੇ ਦੇਵੇਗੀ। ਉਹਨਾਂ ਨੇ ਕਿਹਾ ਕਿ ਮੇਲਾਨੀਆ ਟਰੰਪ ਤੋਂ ਬਦਲਾ ਲੈਣ ਲਈ ਹੁਣ ਕੋਈ ਰਸਤਾ ਲੱਭ ਰਹੀ ਹੈ। ਇੱਥੇ ਦੱਸ ਦਈਏ ਕਿ ਟਰੰਪ ਅਤੇ ਮੇਲਾਲੀਆ ਦੀ ਪ੍ਰੇਮ ਕਹਾਣੀ ਸਾਲ 1988 ਵਿਚ ਸ਼ੁਰੂ ਹੋਈ। ਉਸ ਸਮੇਂ ਟਰੰਪ 52 ਸਾਲ ਦੇ ਸਨ ਅਤੇ ਮੇਲਾਨੀਆ 28 ਸਾਲ ਦੀ ਸੀ। ਇਹਨੀਂ ਦਿਨੀਂ ਆਯੋਜਿਤ ਫੈਸ਼ਨ ਵੀਕ ਦੀ ਪਾਰਟੀ ਦੌਰਾਨ ਦੋਹਾਂ ਦੀ ਮੁਲਾਕਾਤ ਹੋਈ ਅਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ। ਸਾਲ 2004 ਵਿਚ ਟਰੰਪ ਨੇ ਮੇਲਾਨੀਆ ਨੂੰ 1.5 ਮਿਲੀਅਨ ਡਾਲਰ ਦੀ ਡਾਇਮੰਡ ਰਿੰਗ ਦੇ ਕੇ ਵਿਆਹ ਲਈ ਪ੍ਰਪੋਜ਼ ਕੀਤਾ, ਜਿਸ ਮਗਰੋਂ 22 ਜਨਵਰੀ 2005 ਨੂੰ ਦੋਹਾਂ ਨੇ ਵਿਆਹ ਕਰ ਲਿਆ।

ਮੇਲਾਨੀਆ ਟਰੰਪ ਨੇ ਇਕ ਇੰਟਰਵਿਊ ਵਿਚ ਦਾਅਵਾ ਕੀਤਾ ਸੀ ਕਿ ਉਹਨਾ ਦਾ ਡੋਨਾਲਡ ਟਰੰਪ ਦੇ ਨਾਲ ਮਹਾਨ ਸੰਬੰਧ ਹੈ। ਉਹਨਾਂ ਨੇ ਟਰੰਪ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ ਉਹ ਕਿਸੇ ਵੀ ਗੱਲ ‘ਤੇ ਮੇਰੇ ਨਾਲ ਬਹਿਸ ਨਹੀਂ ਕਰਦੇ। ਟਰੰਪ ਨੇ ਜਦੋਂ ਆਪਣੀ ਦੂਜੀ ਪਤਨੀ ਮਾਰਲਾ ਨੇਪਲਜ਼ ਨਾਲ ਵਿਆਹ ਤੋੜਿਆ ਸੀ ਉਦੋਂ ਹੋਏ ਸਮਝੌਤੇ ਦੇ ਮੁਤਾਬਕ, ਮਾਰਲਾ ਨੂੰ ਕੋਈ ਵੀ ਮੀਡੀਆ ਇੰਟਰਵਿਊ ਦੇਣ ਜਾਂ ਕੋਈ ਕਿਤਾਬ ਪਬਲਿਸ਼ ਨਾ ਕਰਨ ਦਾ ਇਕਰਾਰਾਨਾਮਾ ਸੀ।