Breaking News

Ravneet Bittu Statement : ਬੇਅੰਤ ਸਿੰਘ ਤੇ ਇੰਦਰਾ ਗਾਂਧੀ ਦੇ ਬੁੱਤਾਂ ”ਤੇ ਹਾਰ ਨਾ ਪਾ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਪਰਗਟ ਸਿੰਘ?: ਬਿੱਟੂ

Ravneet Bittu Statement : ਬੇਅੰਤ ਸਿੰਘ ਤੇ ਇੰਦਰਾ ਗਾਂਧੀ ਦੇ ਬੁੱਤਾਂ ”ਤੇ ਹਾਰ ਨਾ ਪਾ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਪਰਗਟ ਸਿੰਘ?: ਬਿੱਟੂ

ਪਰਗਟ ਸਿੰਘ ਵੱਲੋਂ ਰਾਜੀਵ ਗਾਂਧੀ ਦੇ ਬੁੱਤ ’ਤੇ ਹਾਰ ਪਾਉਣ ਪਰ ਇੰਦਰਾ ਗਾਂਧੀ ਤੇ ਬੇਅੰਤ ਸਿੰਘ ਦੇ ਬੁੱਤਾਂ ’ਤੇ ਨਾ ਪਾਉਣ ’ਤੇ ਭੜਕੇ ਰਵਨੀਤ ਬਿੱਟੂ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਵੱਲੋਂ ਅਹੁਦਾ ਸੰਭਾਲਣ ਮੌਕੇ ਕਾਂਗਰਸ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ’ਤੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕਰਨ ਦਾ ਮਾਮਲਾ ਸਿਆਸੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਮਾਮਲੇ ’ਤੇ ਸਵਾਲ ਉਠਾਉਂਦਿਆਂ ਹੈਰਾਨੀ ਪ੍ਰਗਟਾਈ ਹੈ ਕਿ ਪਰਗਟ ਸਿੰਘ ਨੇ ਰਾਜੀਵ ਗਾਂਧੀ ਦੇ ਬੁੱਤ ’ਤੇ ਤਾਂ ਹਾਰ ਪਾਇਆ, ਪਰ ਉੱਥੇ ਮੌਜੂਦ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਹੀਦ ਬੇਅੰਤ ਸਿੰਘ ਦੇ ਬੁੱਤਾਂ ’ਤੇ ਹਾਰ ਕਿਉਂ ਨਹੀਂ ਪਾਇਆ।

ਬਿੱਟੂ ਨੇ ਕਿਹਾ ਕਿ ਉਹ ਜਾਨਣਾ ਚਾਹੁੰਦੇ ਹਨ ਕਿ ਪਰਗਟ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਅਜਿਹਾ ਕਿਉਂ ਕੀਤਾ। ਉਨ੍ਹਾਂ ਕਿਹਾ ਕਿ ਇਹ ਸਵਾਲ ਸਿਰਫ਼ ਬੁੱਤਾਂ ’ਤੇ ਹਾਰ ਪਾਉਣ ਜਾਂ ਨਾ ਪਾਉਣ ਦਾ ਨਹੀਂ, ਸਗੋਂ ਇਸ ਦੇ ਪਿੱਛੇ ਦੀ ਸੋਚ ਅਤੇ ਰਾਜਨੀਤਿਕ ਸੰਦੇਸ਼ ਨੂੰ ਸਮਝਣ ਦਾ ਵੀ ਹੈ। ਉਨ੍ਹਾਂ ਪਰਗਟ ਸਿੰਘ ਨੂੰ ਇਸ ਮਾਮਲੇ ’ਤੇ ਸਪੱਸ਼ਟੀਕਰਨ ਦੇਣ ਦੀ ਅਪੀਲ ਕੀਤੀ।

ਇੰਦਰਾ ਗਾਂਧੀ ਦੇ ਬੁੱਤ ਨੂੰ ਲੈ ਕੇ ਵੀ ਚੁੱਕੇ ਸਵਾਲ

ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇੰਦਰਾ ਗਾਂਧੀ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਤੇ ਰਾਜੀਵ ਗਾਂਧੀ ਉਨ੍ਹਾਂ ਦੇ ਪੁੱਤਰ ਸਨ। ਅੱਜ ਕਾਂਗਰਸ ਦੀ ਕੌਮੀ ਲੀਡਰਸ਼ਿਪ ’ਚ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਰਗੇ ਆਗੂ ਸ਼ਾਮਲ ਹਨ, ਜਿਨ੍ਹਾਂ ਦਾ ਪਰਿਵਾਰਕ ਸਬੰਧ ਵੀ ਇਨ੍ਹਾਂ ਸ਼ਖ਼ਸੀਅਤਾਂ ਨਾਲ ਹੈ। ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਗੱਲ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਪਾਰਟੀ ਭਵਨ ’ਚ ਲੱਗੇ ਬੁੱਤਾਂ ਨੂੰ ਲੈ ਕੇ ਕੀ ਫ਼ੈਸਲਾ ਕੀਤਾ ਜਾਣਾ ਚਾਹੀਦਾ ਹੈ। ਇੰਦਰਾ ਗਾਂਧੀ ਦੇ ਬੁੱਤ ਨੂੰ ਉੱਥੇ ਰੱਖਣਾ ਹੈ ਜਾਂ ਨਹੀਂ, ਇਹ ਕਾਂਗਰਸ ਦੀ ਕੌਮੀ ਲੀਡਰਸ਼ਿਪ ਦਾ ਫ਼ੈਸਲਾ ਹੋ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੇ ਪਰਗਟ ਸਿੰਘ ਨੂੰ ਸਵਾਲ ਕੀਤਾ ਕਿ ਜਦੋਂ ਉਹ ਅਹੁਦਾ ਸੰਭਾਲਣ ਲਈ ਉੱਥੇ ਪਹੁੰਚੇ ਸਨ ਤਾਂ ਉਨ੍ਹਾਂ ਨੇ ਬਾਕੀ ਬੁੱਤਾਂ ’ਤੇ ਹਾਰ ਪਾਉਣ ਦੀ ਲੋੜ ਕਿਉਂ ਨਹੀਂ ਸਮਝੀ।

ਬੇਅੰਤ ਸਿੰਘ ਦੇ ਬੁੱਤ ’ਤੇ ਹਾਰ ਨਾ ਪਾਉਣ ਦਾ ਮੁੱਦਾ ਉਠਾਇਆ

ਰਵਨੀਤ ਸਿੰਘ ਬਿੱਟੂ ਨੇ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਹੀਦ ਬੇਅੰਤ ਸਿੰਘ ਦੇ ਬੁੱਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਪੰਜਾਬ ਲਈ ਵੱਡਾ ਯੋਗਦਾਨ ਪਾਇਆ ਸੀ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਨੂੰ ਚਾਹੁਣ ਵਾਲੇ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਲਈ ਬਹੁਤ ਸਤਿਕਾਰ ਹੈ ਅਤੇ ਉਨ੍ਹਾਂ ਦੀ ਯਾਦ ਵਿਚ ਬਣੇ ਸਮਾਰਕ ’ਤੇ ਲੋਕ ਨਤਮਸਤਕ ਹੁੰਦੇ ਹਨ। ਬਿੱਟੂ ਨੇ ਕਿਹਾ ਕਿ ਬੇਅੰਤ ਸਿੰਘ ਦੀ ਵਿਰਾਸਤ ਸਿਰਫ਼ ਕਾਂਗਰਸ ਪਾਰਟੀ ਤੱਕ ਸੀਮਤ ਨਹੀਂ ਹੈ, ਸਗੋਂ ਉਨ੍ਹਾਂ ਨੂੰ ਪੰਜਾਬ ਦੇ ਲੋਕ ਵੀ ਯਾਦ ਕਰਦੇ ਹਨ। ਸਮਾਰਕ ਵਿਖੇ ਲੋਕਾਂ ਦੀ ਆਮਦ, ਬੱਚਿਆਂ ਵੱਲੋਂ ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਨਾ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕਾਂ ਦੇ ਮਨਾਂ ਵਿਚ ਉਨ੍ਹਾਂ ਲਈ ਵਿਸ਼ੇਸ਼ ਸਥਾਨ ਹੈ।

ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਕਾਂਗਰਸ ਭਵਨ ਵਿਚ ਸ਼ਹੀਦ ਬੇਅੰਤ ਸਿੰਘ ਦਾ ਬੁੱਤ ਮੌਜੂਦ ਹੈ ਅਤੇ ਪਾਰਟੀ ਨੂੰ ਇਸ ਦੀ ਥਾਂ ਬਦਲਣ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਇਸ ਨੂੰ ਉਨ੍ਹਾਂ ਦੇ ਸਮਾਰਕ ਵਾਲੀ ਥਾਂ ’ਤੇ ਸਥਾਪਤ ਕਰਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਉੱਥੇ ਇਸ ਬੁੱਤ ਦੀ ਮੌਜੂਦਗੀ ਉਸ ਸਥਾਨ ਦੀ ਸ਼ੋਭਾ ਵਧਾਏਗੀ ਅਤੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਹੋਰ ਮੌਕਾ ਮਿਲੇਗਾ।

Check Also

Punjab ਪੰਜਾਬ ‘ਚ ਫਰਜ਼ੀ PCS ਬਣ ਕੇ ਮਹਿਲਾ ਨੇ AAP ਆਗੂ ਨਾਲ ਕੀਤਾ ਵਿਆਹ

AAP Leader Amarinder Singh Mandofal Alleges Woman Posed as PCS Officer to Marry Him, Later …