Jalandhar – ਜਲੰਧਰ: ਇਸਾਈ ਭਾਈਚਾਰੇ ’ਤੇ ਧਰਮ ਪਰਿਵਰਤਨ ਦੇ ਦੋਸ਼ ਲੱਗੇ, ਇਲਾਕਾ ਵਾਸੀਆਂ ਨੇ ਕੀਤਾ ਹੰਗਾਮਾ
ਮਾਹੌਲ ਤਣਾਅਪੂਰਨ ਹੋਣ ਦੌਰਾਨ ਪੁਲਿਸ ਨੇ ਹਾਲਾਤ ’ਤੇ ਪਾਇਆ ਕਾਬੂ
ਜਲੰਧਰ: ਸ਼ਹਿਰ ਦੀ ਮਿੱਠੂ ਬਸਤੀ ਦੇ ਗੁਰੂ ਅਰਜਨ ਨਗਰ ਵਿੱਚ ਇਲਾਕਾ ਨਿਵਾਸੀਆਂ ਨੇ ਇਸਾਈ ਭਾਈਚਾਰੇ ਦੇ ਲੋਕਾਂ ’ਤੇ ਘਰ ਦੇ ਅੰਦਰ ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ਲਗਾ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਹੰਗਾਮੇ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਗੱਲ ਲੜਾਈ-ਝਗੜੇ ਤੱਕ ਪਹੁੰਚ ਗਈ। ਇਲਾਕਾ ਨਿਵਾਸੀਆਂ ਨੇ ਦੋਸ਼ ਲਗਾਏ ਕਿ ਇਸਾਈ ਭਾਈਚਾਰੇ ਦੇ ਲੋਕ ਇਲਾਕੇ ਵਿੱਚ ਬਿਮਾਰੀ ਤੋਂ ਰਾਹਤ ਵਰਗੀਆਂ ਗੱਲਾਂ ਦੱਸ ਕੇ ਧਰਮ ਪਰਿਵਰਤਨ ਕਰਵਾ ਰਹੇ ਹਨ।

ਉੱਥੇ ਹੀ ਮੌਕੇ ’ਤੇ ਮੌਜੂਦ ਲੱਕੀ ਸਿੰਘ ਦੋਸ਼ ਲਗਾਏ ਹਨ ਕਿ ਗਰੀਬ ਲੋਕਾਂ ਨੂੰ ਪੈਸੇ ਦੇ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਦੋਸ਼ ਹੈ ਕਿ ਉਕਤ ਪਰਿਵਾਰ ਸਿੱਖ ਭਾਈਚਾਰੇ ਨਾਲ ਸਬੰਧਤ ਹੈ ਅਤੇ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ। ਇਸ ਦੇ ਨਾਲ ਹੀ ਅੱਜ ਗੜ੍ਹਸ਼ੰਕਰ ਤੋਂ ਔਰਤਾਂ ਨੂੰ ਲਿਆ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਇਸੇ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਰੋਸ ਪਾਇਆ ਗਿਆ ਹੈ, ਜਿਸ ਕਾਰਨ ਉਹ ਇਕੱਠੇ ਹੋਏ।
ਇਸ ਦੌਰਾਨ ਇਲਾਕੇ ਵਿੱਚ ਮਾਹੌਲ ਇੰਨਾ ਗਰਮਾ ਗਿਆ ਕਿ ਇੱਕ ਪੱਖ ਵੱਲੋਂ ਕ੍ਰਿਸਚਨ ਭਾਈਚਾਰੇ ਦੇ ਨਾਅਰੇ ਲਗਾਏ ਜਾ ਰਹੇ ਹਨ, ਜਦਕਿ ਦੂਜੇ ਪਾਸੇ ਸਿੱਖ ਧਰਮ ਵੱਲੋਂ ਆਪਣੇ ਗੁਰੂ ਦੇ ਨਾਅਰੇ ਲਗਾਏ ਜਾ ਰਹੇ ਹਨ। ਦੋਸ਼ ਹੈ ਕਿ ਸਿੱਖ ਪਰਿਵਾਰ ਦੇ ਮੈਂਬਰਾਂ ਨੂੰ ਕ੍ਰਿਸਚਨ ਭਾਈਚਾਰੇ ਵਿੱਚ ਸ਼ਾਮਲ ਕੀਤਾ ਗਿਆ।
ਦੂਜੇ ਪਾਸੇ ਅਵਤਾਰ ਸਿੰਘ ਨੇ ਕਿਹਾ ਕਿ ਉਹ ਘਰ ਵਿੱਚ ਪਾਠ-ਪੂਜਾ (ਬੰਦਗੀ) ਕਰ ਰਹੇ ਹਨ। ਅਜਿਹੇ ਵਿੱਚ ਉਨ੍ਹਾਂ ਦੇ ਘਰ ਆ ਕੇ ਇਲਾਕਾ ਨਿਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਧਰਮ ਦੇ ਨਾਮ ’ਤੇ 5 ਲੱਖ ਦਾ ਲਾਲਚ ਦੇਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਉਸ ਵਿਅਕਤੀ ਨੂੰ ਉਨ੍ਹਾਂ ਦੇ ਸਾਹਮਣੇ ਲਿਆਉਣ, ਜਿਸ ਨੂੰ ਪੈਸਿਆਂ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਇਆ ਗਿਆ ਹੋਵੇ। ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਕੋਈ ਵੀ ਆ ਸਕਦਾ ਹੈ।
ਅਜਿਹੇ ਵਿੱਚ ਗੜ੍ਹਸ਼ੰਕਰ ਤੋਂ ਔਰਤਾਂ ਉਨ੍ਹਾਂ ਦੇ ਘਰ ਆਈਆਂ ਹਨ ਅਤੇ ਪ੍ਰਾਰਥਨਾ ਕਰ ਰਹੀਆਂ ਹਨ। ਲੋਕਾਂ ਵੱਲੋਂ ਇਸ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ, ਜੋ ਕਿ ਗਲਤ ਹੈ। ਅਵਤਾਰ ਸਿੰਘ ਨੇ ਕਿਹਾ ਕਿ ਮੁਹੱਲੇ ਵਿੱਚੋਂ ਕੋਈ ਇੱਕ ਵਿਅਕਤੀ ਸਾਹਮਣੇ ਆ ਕੇ ਦੱਸੇ ਕਿ ਉਸ ’ਤੇ ਧਰਮ ਪਰਿਵਰਤਨ ਕਰਨ ਲਈ ਦਬਾਅ ਬਣਾਇਆ ਗਿਆ। ਅਵਤਾਰ ਨੇ ਕਿਹਾ ਕਿ ਉਹ ਵੀ ਕਹਿ ਸਕਦਾ ਹੈ ਕਿ ਉਨ੍ਹਾਂ ਦੇ ਘਰ ਆ ਕੇ ਔਰਤਾਂ ਨਾਲ ਮਾਰਕੁੱਟ ਕੀਤੀ ਗਈ। ਲੋਕਾਂ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਮੌਕੇ ’ਤੇ ਥਾਣਾ ਬਸਤੀ ਬਾਵਾ ਖੇਲ ਦੇ ਐਸ.ਐਚ.ਓ. ਜੈ ਇੰਦਰ ਸਿੰਘ ਟੀਮ ਸਮੇਤ ਪਹੁੰਚੇ। ਉਨ੍ਹਾਂ ਨੇ ਹਾਲਾਤ ’ਤੇ ਕਾਬੂ ਪਾਇਆ ਅਤੇ ਦੋਵਾਂ ਪੱਖਾਂ ਨੂੰ ਥਾਣੇ ਲੈ ਗਏ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਧਰਮ ਪਰਿਵਰਤਨ ਨੂੰ ਲੈ ਕੇ ਇਲਾਕੇ ਵਿੱਚ ਹੰਗਾਮਾ ਹੋ ਰਿਹਾ ਹੈ ਅਤੇ ਉਹ ਮੌਕੇ ’ਤੇ ਪਹੁੰਚੇ ਹਨ। ਉਨ੍ਹਾਂ ਨੇ ਮਾਹੌਲ ਨੂੰ ਸ਼ਾਂਤ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।