MS Dhoni Retires: ਐੱਮ.ਐੱਸ. ਧੋਨੀ ਨੇ IPL ਤੋਂ ਲਿਆ ਸੰਨਿਆਸ
ਭਾਰਤੀ ਕ੍ਰਿਕਟ ਦੇ ਮਹਾਨ ਵਿਕਟਕੀਪਰ-ਬੱਲੇਬਾਜ਼ ਅਤੇ ਚੇਨਈ ਸੁਪਰ ਕਿੰਗਜ਼ (CSK) ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਨੂੰ ਬਤੌਰ ਖਿਡਾਰੀ ਅਲਵਿਦਾ ਕਹਿ ਦਿੱਤਾ ਹੈ। ਆਈ.ਪੀ.ਐੱਲ. 2027 ਦੀ ਮਿੰਨੀ ਨਿਲਾਮੀ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਐਲਾਨ ਕੀਤਾ ਕਿ ਧੋਨੀ ਨੂੰ ਟੀਮ ’ਚੋਂ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਪੰਜ ਵਾਰ ਦੀ ਚੈਂਪੀਅਨ ਟੀਮ ਦੇ ‘ਮੈਂਟਰ’ (ਸਲਾਹਕਾਰ) ਵਜੋਂ ਨਵੀਂ ਜ਼ਿੰਮੇਵਾਰੀ ਸੰਭਾਲਣਗੇ।
2008 ਤੋਂ CSK ਨਾਲ ਜੁੜੇ ਸਨ ਧੋਨੀ
2008 ਵਿੱਚ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਹੀ ਚੇਨਈ ਸੁਪਰ ਕਿੰਗਜ਼ ਨਾਲ ਜੁੜੇ ਰਹੇ ਧੋਨੀ (ਸਿਰਫ਼ ਦੋ ਸੀਜ਼ਨ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਵੱਲੋਂ ਖੇਡਣ ਨੂੰ ਛੱਡ ਕੇ, ਜਦੋਂ ਸੀ.ਐੱਸ.ਕੇ. ’ਤੇ ਪਾਬੰਦੀ ਲੱਗੀ ਸੀ) ਦੇ ਭਵਿੱਖ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਸੱਟ ਕਾਰਨ ਉਹ ਪਿਛਲੇ ਸੀਜ਼ਨ ਵਿੱਚ ਵੀ ਨਹੀਂ ਖੇਡ ਸਕੇ ਸਨ, ਜਿੱਥੇ ਟੀਮ ਅੰਕ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਰਹੀ ਸੀ। ਆਪਣੀ ਕਪਤਾਨੀ ਹੇਠ ਧੋਨੀ ਨੇ ਸੀ.ਐੱਸ.ਕੇ. ਨੂੰ ਰਿਕਾਰਡ ਪੰਜ ਵਾਰ (2010, 2011, 2018, 2021 ਅਤੇ 2023) ਚੈਂਪੀਅਨ ਬਣਾਇਆ, ਜਦਕਿ ਪੰਜ ਵਾਰ ਟੀਮ ਉਪ-ਜੇਤੂ ਰਹੀ।
ਫਰੈਂਚਾਈਜ਼ੀ ਨੇ ਸੋਸ਼ਲ ਮੀਡੀਆ ’ਤੇ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ, “ਮਹਿੰਦਰ ਸਿੰਘ ਧੋਨੀ ਚੇਨਈ ਸੁਪਰ ਕਿੰਗਜ਼ ਦੇ ਟੀਮ ਮੈਂਟਰ ਵਜੋਂ ਅਹੁਦਾ ਸੰਭਾਲ ਰਹੇ ਹਨ! ਅਣਗਿਣਤ ਜਿੱਤਾਂ, ਚੁਣੌਤੀਪੂਰਨ ਸਮਿਆਂ ਅਤੇ ਦਿਲਾਂ ਵਿੱਚ ਹਮੇਸ਼ਾ ਵਸਣ ਵਾਲੀਆਂ ਯਾਦਾਂ ਰਾਹੀਂ ਐੱਮ.ਐੱਸ. ਸ਼ੁਰੂ ਤੋਂ ਹੀ ਸਾਡੇ ਸਫ਼ਰ ਦੀ ਜਾਨ ਰਹੇ ਹਨ। ਸਾਨੂੰ ਸ਼ਾਨਦਾਰ ਜਿੱਤਾਂ ਦਿਵਾਉਣ ਤੋਂ ਲੈ ਕੇ ਸੁਪਰ ਕਿੰਗਜ਼ ਦੀ ਅਗਲੀ ਪੀੜ੍ਹੀ ਦਾ ਮਾਰਗਦਰਸ਼ਨ ਕਰਨ ਤੱਕ, ‘ਥਾਲਾ’ ਹਮੇਸ਼ਾ ਸਾਡੀ ਪਛਾਣ ਦਾ ਹਿੱਸਾ ਰਹਿਣਗੇ ਅਤੇ ਚੇਨਈ ਹਮੇਸ਼ਾ ਉਨ੍ਹਾਂ ਦਾ ਘਰ ਰਹੇਗਾ।”
ਕਿਵੇਂ ਹੋਇਆ ਸੰਨਿਆਸ ਦਾ ਫ਼ੈਸਲਾ?
ਸੀ.ਐੱਸ.ਕੇ. ਦੀ ਮਾਲਕਣ ਰੂਪਾ ਗੁਰੂਨਾਥ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਖ਼ੁਲਾਸਾ ਕੀਤਾ ਕਿ ਧੋਨੀ ਨੇ ਖ਼ੁਦ ਟੀਮ ਮੀਟਿੰਗ ਦੌਰਾਨ ਆਪਣਾ ਨਾਮ ਰਿਲੀਜ਼ ਕੀਤੇ ਜਾਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਕਿਹਾ ਸੀ। ਰੂਪਾ ਗੁਰੂਨਾਥ ਨੇ ਦੱਸਿਆ, “ਕੁਝ ਮਹੀਨੇ ਪਹਿਲਾਂ ਜਦੋਂ ਮੈਂ ਉਨ੍ਹਾਂ ਨੂੰ ਮਿਲੀ ਸੀ, ਤਾਂ ਉਨ੍ਹਾਂ ਕਿਹਾ ਸੀ ਕਿ ਉਹ ਅਗਲੇ ਸੀਜ਼ਨ ਵਿੱਚ ਖੇਡਣ ਬਾਰੇ ਯਕੀਨੀ ਨਹੀਂ ਹਨ। ਸ਼ਨਿੱਚਰਵਾਰ ਨੂੰ ਅਸੀਂ ਅਗਲੇ ਸੀਜ਼ਨ ਦੀ ਰਣਨੀਤੀ ਅਤੇ ਖਿਡਾਰੀਆਂ ਨੂੰ ਰਿਲੀਜ਼ ਕਰਨ ਬਾਰੇ ਵੀਡੀਓ ਕਾਲ ‘ਤੇ ਚਰਚਾ ਕਰ ਰਹੇ ਸੀ। ਕਾਲ ਦੇ ਅੰਤ ਵਿੱਚ ਜਦੋਂ ਕਾਸ਼ੀ (ਸੀ.ਈ.ਓ. ਕਾਸ਼ੀ ਵਿਸ਼ਵਨਾਥਨ) ਰਿਲੀਜ਼ ਹੋਣ ਵਾਲੇ ਖਿਡਾਰੀਆਂ ਦੀ ਸੂਚੀ ਪੜ੍ਹ ਰਹੇ ਸਨ, ਤਾਂ ਐੱਮ.ਐੱਸ. ਨੇ ਬੜੀ ਸ਼ਾਂਤੀ ਨਾਲ ਕਿਹਾ- ‘ਸ਼ਾਇਦ ਤੁਹਾਨੂੰ ਮੇਰਾ ਨਾਮ ਵੀ ਇਸ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ ਹੈ।’
ਉਨ੍ਹਾਂ ਅੱਗੇ ਦੱਸਿਆ ਕਿ ਧੋਨੀ ਦੇ ਇਹ ਸ਼ਬਦ ਸੁਣਦਿਆਂ ਹੀ ਅਚਾਨਕ ਵੀਡੀਓ ਕਾਲ ਕੱਟੀ ਗਈ। ਰੂਪਾ ਨੇ ਕਿਹਾ, “ਮੈਂ ਦੁਬਾਰਾ ਕਾਲ ਕਰਕੇ ਉਨ੍ਹਾਂ ਨੂੰ ਕਿਹਾ ਕਿ ਦੇਖੋ, ਇੰਟਰਨੈੱਟ ਵੀ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਿਆ ਕਿ ਤੁਸੀਂ ਅਗਲੇ ਸੀਜ਼ਨ ਵਿੱਚ ਨਹੀਂ ਖੇਡੋਗੇ। ਇਹ ਮੇਰੇ ਲਈ ਬੇਹੱਦ ਮੁਸ਼ਕਲ ਪਲ ਸੀ, ਜਿਸ ਲਈ ਸ਼ਾਇਦ ਕੋਈ ਕਦੇ ਤਿਆਰ ਨਹੀਂ ਹੋ ਸਕਦਾ।” ਉਨ੍ਹਾਂ ਧੋਨੀ ਦੀ ਸ਼ਖ਼ਸੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੋਨੀ ਅਜਿਹੇ ਇਨਸਾਨ ਹਨ ਜੋ ਜੇਕਰ ਟੀਮ ਨੂੰ ਆਪਣਾ 200 ਫ਼ੀਸਦ ਨਹੀਂ ਦੇ ਸਕਦੇ, ਤਾਂ ਉਹ ਕਦੇ ਨਹੀਂ ਖੇਡਣਗੇ ਅਤੇ ਟੀਮ ‘ਤੇ ਬੋਝ ਬਣਨ ਦੀ ਬਜਾਏ ਖ਼ੁਦ ਪਿੱਛੇ ਹਟ ਜਾਂਦੇ ਹਨ।