UK Indian Dispute: ਬ੍ਰਿਟੇਨ ’ਚ ਭਾਰਤੀ ਮੂਲ ਦੀਆਂ ਤਿੰਨ ਭੈਣਾਂ ਨੇ ਭਰਾ ਖ਼ਿਲਾਫ਼ ਜਿੱਤੀ ਜਾਇਦਾਦ ਦੀ ਕਾਨੂੰਨੀ ਲੜਾਈ
ਅਦਾਲਤ ਨੇ 16 ਲੱਖ ਪੌਂਡ ਦੀ ਜਾਇਦਾਦ ਚਾਰੇ ਭੈਣ-ਭਰਾਵਾਂ ’ਚ ਬਰਾਬਰ ਵੰਡਣ ਦਾ ਦਿੱਤਾ ਹੁਕਮ; ਭਾਰਤ ’ਚ ਬੈਂਕ ਲਾਕਰ ’ਚ ਰੱਖੇ ਸੋਨੇ ਦੇ ਬਿਸਕੁਟ ਤੇ ਗਹਿਣੇ ਵੀ ਜਾਇਦਾਦ ’ਚ ਸ਼ਾਮਲ ਕੀਤੇ
UK Indian Sisters Property Dispute: ਬ੍ਰਿਟੇਨ ਵਿੱਚ ਭਾਰਤੀ ਮੂਲ ਦੀਆਂ ਤਿੰਨ ਭੈਣਾਂ ਨੇ ਆਪਣੇ ਭਰਾ ਖ਼ਿਲਾਫ਼ ਪਿਤਾ ਦੀ ਜਾਇਦਾਦ ਦੀ ਵੰਡ ਨੂੰ ਲੈ ਕੇ ਚੱਲੀ ਲੰਬੀ ਕਾਨੂੰਨੀ ਲੜਾਈ ਜਿੱਤ ਲਈ ਹੈ। ਲੰਡਨ ਦੀ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਪਿਤਾ ਦੀ 16 ਲੱਖ ਪੌਂਡ ਦੀ ਜਾਇਦਾਦ ਚਾਰੇ ਭੈਣ-ਭਰਾਵਾਂ ਵਿੱਚ ਬਰਾਬਰ ਵੰਡੀ ਜਾਵੇ। ਇਸ ਜਾਇਦਾਦ ਵਿੱਚ ਭਾਰਤ ਦੇ ਇੱਕ ਬੈਂਕ ਲਾਕਰ ਵਿੱਚ ਰੱਖੇ ਸੋਨੇ ਦੇ ਬਿਸਕੁਟ ਅਤੇ ਗਹਿਣੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ ਲਗਪਗ ਪੰਜ ਲੱਖ ਪੌਂਡ ਦੱਸੀ ਗਈ ਹੈ।
ਏਅਰਨ ਗਰੋਵਰ-ਜੋਨਜ਼, ਕਿਰਨ ਕੌਟਰੈਲ ਅਤੇ ਕੈਲੀ ਪੁਰੀ ਨੇ ਆਪਣੇ ਭਰਾ ਸੋਨੀ ਗਰੋਵਰ ਖ਼ਿਲਾਫ਼ ਅਦਾਲਤ ਦਾ ਰੁਖ਼ ਕੀਤਾ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਭਰਾ ਨੇ ਆਪਣੇ ਪਿਤਾ ਦੀ ਆਖ਼ਰੀ ਇੱਛਾ ਦਾ ਸਤਿਕਾਰ ਨਹੀਂ ਕੀਤਾ। ਪਿਤਾ ਨੇ ਮੌਤ ਤੋਂ ਪਹਿਲਾਂ ਕਿਹਾ ਸੀ ਕਿ ਉਹ ਆਪਣੀਆਂ ਧੀਆਂ ਦਾ ਖ਼ਿਆਲ ਰੱਖੇ ਅਤੇ ਪਰਿਵਾਰ ਦੀ ਜਾਇਦਾਦ ਸਾਰਿਆਂ ਵਿੱਚ ਬਰਾਬਰ ਵੰਡੇ।
ਪਿਤਾ ਨੇ ਨਹੀਂ ਬਣਾਈ ਸੀ ਵਸੀਅਤ
ਹਰੀ ਗਰੋਵਰ ਦੀ ਸਤੰਬਰ 2024 ਵਿੱਚ 85 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਨੇ ਆਪਣੀ ਜਾਇਦਾਦ ਸਬੰਧੀ ਕੋਈ ਵਸੀਅਤ ਨਹੀਂ ਬਣਾਈ ਸੀ। ਉਨ੍ਹਾਂ ਦਾ ਪੱਛਮੀ ਲੰਡਨ ਵਿੱਚ ਇੱਕ ਘਰ ਅਤੇ ਭਾਰਤ ਵਿੱਚ ਬੈਂਕ ਦੇ ਲਾਕਰ ਵਿੱਚ ਸੋਨੇ ਦੇ ਗਹਿਣੇ ਸਨ।
ਮੇਅਰਜ਼ ਐਂਡ ਸਿਟੀ ਆਫ਼ ਲੰਡਨ ਅਦਾਲਤ ਦੇ ਜੱਜ ਨਿਕੋਲਸ ਪਾਰਫਿਟ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਜਾਇਦਾਦ ਸਾਰੇ ਭੈਣ-ਭਰਾਵਾਂ ਵਿੱਚ ਬਰਾਬਰ ਵੰਡੀ ਜਾਣੀ ਚਾਹੀਦੀ ਹੈ। ਇਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਭੈਣਾਂ ਨੇ ਸਾਬਤ ਕੀਤਾ ਕਿ ਉਨ੍ਹਾਂ ਦੇ ਭਰਾ ਨੇ ਪਿਤਾ ਦੀ ਆਖ਼ਰੀ ਇੱਛਾ ਦਾ ਪਾਲਣ ਨਹੀਂ ਕੀਤਾ ਅਤੇ ਪੈਸੇ ਤੇ ਹੋਰ ਜਾਇਦਾਦ ਦੀ ਗ਼ਲਤ ਵਰਤੋਂ ਕੀਤੀ।
ਜੱਜ ਨੇ ਅਦਾਲਤੀ ਕਾਰਵਾਈ ਦੌਰਾਨ ਲਗਾਤਾਰ ਬਹਿਸ ਕਰਨ ਲਈ ਸੋਨੀ ਗਰੋਵਰ ਦੀ ਆਲੋਚਨਾ ਵੀ ਕੀਤੀ ਅਤੇ ਪਰਿਵਾਰ ਨੂੰ ਆਪਸੀ ਸਹਿਮਤੀ ਨਾਲ ਮਾਮਲਾ ਨਿਪਟਾਉਣ ਦੀ ਸਲਾਹ ਦਿੱਤੀ।
ਭਰਾ ਨੂੰ ਇਕਪਾਸੜ ਫ਼ੈਸਲੇ ਲੈਣ ਤੋਂ ਰੋਕਿਆ
ਅਦਾਲਤ ਨੇ ਸੋਨੀ ਗਰੋਵਰ ਨੂੰ ਭੈਣਾਂ ਦੇ 80 ਹਜ਼ਾਰ ਪੌਂਡ ਦੇ ਕਾਨੂੰਨੀ ਖ਼ਰਚੇ ਅਦਾ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ ਉਸ ਨੂੰ ਜਾਇਦਾਦ ਦਾ ਪ੍ਰਬੰਧਕ ਬਣੇ ਰਹਿਣ ਦਿੱਤਾ ਗਿਆ ਹੈ। ਉਸ ਨੂੰ ਛੇ ਮਹੀਨਿਆਂ ਅੰਦਰ ਭੈਣਾਂ ਨਾਲ ਮਿਲ ਕੇ ਜਾਇਦਾਦ ਦੀ ਵੰਡ ਦਾ ਮਾਮਲਾ ਸੁਲਝਾਉਣ ਲਈ ਕਿਹਾ ਗਿਆ ਹੈ। ਇਸ ਦੌਰਾਨ ਉਹ ਵਿਰਾਸਤ ਸਬੰਧੀ ਕੋਈ ਵੀ ਇਕਪਾਸੜ ਫ਼ੈਸਲਾ ਨਹੀਂ ਲੈ ਸਕੇਗਾ।
ਜੱਜ ਨੇ ਕਿਹਾ ਕਿ ਹਰੀ ਗਰੋਵਰ ਨੇ ਮੌਤ ਨੇੜੇ ਹੋਣ ਸਮੇਂ ਆਪਣੀਆਂ ਧੀਆਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦਾ ਭਰਾ ਜਾਇਦਾਦ ਬਰਾਬਰ ਵੰਡੇਗਾ। ਭਾਵੇਂ ਉਨ੍ਹਾਂ ਨੇ 2017 ਵਿੱਚ ਸੋਨੇ ਵਾਲੇ ਲਾਕਰ ਦਾ ਕੰਟਰੋਲ ਪੁੱਤਰ ਨੂੰ ਸੌਂਪ ਦਿੱਤਾ ਸੀ ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਲਾਕਰ ਵਿੱਚ ਪਈ ਸਾਰੀ ਜਾਇਦਾਦ ਉਸ ਦੀ ਹੋ ਗਈ ਸੀ।