Breaking News

Punjab Jalandhar ਪੁਲੀਸ ਵੱਲੋਂ RTI ਕਾਰਕੁਨ ਸਿਮਰਨਜੀਤ ਸਿੰਘ ਕਤਲ ਕਾਂਡ ਸੁਲਝਾਉਣ ਦਾ ਦਾਅਵਾ; ਮਾਮੇ ਦਾ ਪੁੱਤਰ ਗ੍ਰਿਫ਼ਤਾਰ

Punjab Jalandhar ਪੁਲੀਸ ਵੱਲੋਂ RTI ਕਾਰਕੁਨ ਸਿਮਰਨਜੀਤ ਸਿੰਘ ਕਤਲ ਕਾਂਡ ਸੁਲਝਾਉਣ ਦਾ ਦਾਅਵਾ; ਮਾਮੇ ਦਾ ਪੁੱਤਰ ਗ੍ਰਿਫ਼ਤਾਰ
ਰੀਅਲ ਅਸਟੇਟ ਦੇ ਲੈਣ-ਦੇਣ ਨੂੰ ਲੈ ਕੇ ਹੋਈ ਤਕਰਾਰ ਬਣੀ ਕਤਲ ਦਾ ਕਾਰਨ : ਪੁਲੀਸ

ਜਲੰਧਰ ਨਾਲ ਸਬੰਧਿਤ ਸਮਾਜਿਕ ਕਾਰਕੁਨ ਸਿਮਰਨਜੀਤ ਸਿੰਘ ਨੂੰ ਫਗਵਾੜੇ ਲਾਗੇ ਗੋਲੀਆਂ ਮਾਰ ਕੇ ਹਲਾਕ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਉਸ ਦੇ ਮਾਮੇ ਦੇ ਲੜਕੇ ਸ਼ਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ ਘਟਨਾ ਵਾਲੀ ਥਾਂ ’ਤੇ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ ਸੀ ਅਤੇ ਗੁੱਸੇ ਵਿੱਚ ਆ ਕੇ ਉਸ ਦੇ ਮਮੇਰੇ ਭਰਾ ਨੇ ਪਿਸਤੌਲ ਨਾਲ ਦੋ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਫਗਵਾੜਾ ਦੇ ਲਾਅ ਗੇਟ ਨੇੜੇ ਪਿੰਡ ਮਹੇੜੂ ਸਥਿਤ ਓਮ-3 ਅਪਾਰਟਮੈਂਟਸ ਕੋਲ ਆਰ ਟੀ ਆਈ (RTI) ਕਾਰਕੁਨ ਸਿਮਰਨਜੀਤ ਸਿੰਘ ਦੇ ਹੋਏ ਕਤਲ ਮਾਮਲੇ ਨੂੰ ਪੁਲੀਸ ਨੇ ਕੁਝ ਘੰਟਿਆਂ ਵਿੱਚ ਹੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜਲੰਧਰ ਰੇਂਜ ਦੇ ਡੀ ਆਈ ਜੀ ਨਵੀਨ ਸਿੰਗਲਾ ਨੇ ਅੱਜ ਸ਼ਾਮ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮ੍ਰਿਤਕ ਦੇ ਮਾਮੇ ਦੇ ਪੁੱਤਰ ਸ਼ਰਨਜੀਤ ਸਿੰਘ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਡੀ ਆਈ ਜੀ ਮੁਤਾਬਕ ਸਿਮਰਨਜੀਤ ਸਿੰਘ ਤੇ ਸ਼ਰਨਜੀਤ ਸਿੰਘ ਆਪਸ ਵਿੱਚ ਰਿਸ਼ਤੇਦਾਰ ਹੋਣ ਦੇ ਨਾਲ-ਨਾਲ ਰੀਅਲ ਅਸਟੇਟ ਦਾ ਕਾਰੋਬਾਰ ਵੀ ਇਕੱਠੇ ਕਰਦੇ ਸਨ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਰਨਜੀਤ ਸਿੰਘ ਨੇ ਸਿਮਰਨਜੀਤ ਸਿੰਘ ਤੋਂ ਕਰੀਬ ਪੰਜ ਲੱਖ ਰੁਪਏ ਲੈਣੇ ਸਨ। ਪੁਲੀਸ ਅਨੁਸਾਰ ਅੱਜ ਇਹ ਆਪੋ-ਆਪਣੀਆਂ ਗੱਡੀਆਂ ਵਿੱਚ ਸਵਾਰ ਹੋ ਕੇ ਪਲਾਟ ਦੇਖਣ ਲਈ ਫਗਵਾੜਾ ਦੇ ਮਹੇੜੂ ਇਲਾਕੇ ਵਿੱਚ ਪਹੁੰਚੇ। ਸ਼ਰਨਜੀਤ ਸਿੰਘ ਆਪਣੇ ਪੰਜ ਦੋਸਤਾਂ ਨਾਲ ਇੱਕ ਸਵਿਫ਼ਟ ਕਾਰ ਵਿੱਚ ਆਇਆ ਸੀ। ਇਸ ਦੌਰਾਨ ਪੈਸਿਆਂ ਦੇ ਲੈਣ-ਦੇਣ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ, ਜੋ ਬਾਅਦ ਵਿੱਚ ਹਿੰਸਕ ਰੂਪ ਧਾਰ ਗਈ।

ਡੀ ਆਈ ਜੀ ਨੇ ਦੱਸਿਆ ਕਿ ਤਕਰਾਰ ਦੌਰਾਨ ਸ਼ਰਨਜੀਤ ਸਿੰਘ ਨੇ ਆਪਣੇ ਸਾਥੀ ਸੰਦੀਪ ਦੇ 32 ਬੋਰ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਗੋਲੀ ਸਿਰ ਵਿੱਚ ਲੱਗਣ ਕਾਰਨ ਸਿਮਰਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਨੇ ਤਕਨੀਕੀ ਅਤੇ ਮਨੁੱਖੀ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸ਼ਰਨਜੀਤ ਸਿੰਘ ਨੂੰ ਬਾਈਪਾਸ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਸ਼ਰਨਜੀਤ ਤੋਂ ਬਰਾਮਦ ਕਰ ਲਿਆ ਹੈ। ਮਾਮਲੇ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ।

ਡੀ ਆਈ ਜੀ ਨੇ ਕਿਹਾ ਕਿ ਮਾਮਲੇ ਦੀ ਹਰ ਪੱਖ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐੱਸ ਐੱਸ ਪੀ ਗੌਰਵ ਤੂਰਾ ਅਤੇ ਐੱਸ ਪੀ ਮਾਧਵੀ ਸ਼ਰਮਾ ਵੀ ਮੌਜੂਦ ਰਹੇ।

Check Also

America baseball attack: ਬੇਸਬਾਲ ਬੈਟ ਨਾਲ ਹਮਲਾ ਕਰਨ ਵਾਲਾ ਭਾਰਤੀ ਨਾਗਰਿਕ ਗ੍ਰਿਫਤਾਰ

America baseball attack: ਬੇਸਬਾਲ ਬੈਟ ਨਾਲ ਹਮਲਾ ਕਰਨ ਵਾਲਾ ਭਾਰਤੀ ਨਾਗਰਿਕ ਗ੍ਰਿਫਤਾਰ ਅਮਰੀਕਾ ਵਿੱਚ ਅਣਅਧਿਕਾਰਤ …