Punjab News: ਸੁਰਜੀਤ ਸਿੰਘ ਰੱਖੜਾ ਹੋਣਗੇ ‘ਆਪ’ ਵਿੱਚ ਸ਼ਾਮਿਲ!
ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ ਦੇ ਸੀਨੀਅਰ ਆਗੂ ਤੇ ਮੋਢੀ ਸਰਦਾਰ ਸੁਰਜੀਤ ਸਿੰਘ ਰੱਖੜਾ ਹੁਣ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਦੀ ਤਿਆਰੀ ਵਿੱਚ ਹਨ। ਦੱਸਿਆ ਜਾ ਰਿਹਾ ਕਿ ਉਹ ਆਪਣੇ ਪਿਤਰੀ ਹਲਕੇ ਵਿਧਾਨ ਸਭਾ ਹਲਕਾ ਸਮਾਣਾ ਤੋਂ ਹੀ ਆਪ ਦੀ ਤਰਫੋਂ ਚੋਣ ਲੜਨ ਦੇ ਰੌਂਅ ਦੇ ਵਿੱਚ ਹਨ।

ਸੂਤਰਾਂ ਮੁਤਾਬਿਕ ਇਸ ਮੁੱਦੇ ਤੇ ਰੱਖੜਾ ਪਰਿਵਾਰ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਅੰਦਰੂਨੀ ਲਿਹਾਜ਼ ਉੱਤੇ ਸਾਰੀ ਗੱਲ ਤੈਅ ਹੋ ਚੁੱਕੀ ਹੈ। ਹਫਤਾ ਪਹਿਲਾਂ ਇਹ ਮੀਟਿੰਗ ਹੋਈ ਦੱਸੀ ਜਾ ਰਹੀ ਹੈ। ਭਾਵੇਂ ਅਧਿਕਾਰਤ ਤੌਰ ਤੇ ਹਾਲੇ ਇਸ ਮਾਮਲੇ ਉੱਤੇ ਪੁਸ਼ਟੀ ਨਹੀਂ ਹੋਈ ਪ੍ਰੰਤੂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸੁਰਜੀਤ ਸਿੰਘ ਰੱਖੜਾ ਨੂੰ ‘ਆਪ’ ਵਿੱਚ ਜੁਆਇਨ ਕਰਵਾਉਣ ਲਈ ਮੁੱਖ ਮੰਤਰੀ ਮਾਨ ਖੁਦ ਅਗਲੇ ਦਿਨ ਪਟਿਆਲਾ ਵਿਖੇ ਸਥਿਤ ਉਨ੍ਹਾਂ ਦੇ ਘਰ ‘ਕਰਤਾਰ ਵਿਲਾ’ ਆ ਰਹੇ ਹਨ।
ਇਸ ਮਾਮਲੇ ਉੱਤੇ ਸੁਰਜੀਤ ਸਿੰਘ ਰੱਖੜਾ ਨਾਲ ਫੋਨ ਉਤੇ ਹੋਈ ਗੱਲਬਾਤ ਦੌਰਾਨ ਉਹਨਾਂ ਇਸ ਗੱਲ ਦਾ ਸੰਕੇਤ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਉਹਨਾਂ ਦੇ ਅਮਰੀਕਾ ਰਹਿੰਦੇ ਸਪੁੱਤਰ ਸੁਖੀ ਧਾਲੀਵਾਲ ਵੀ ਪਿੰਡ ਰੱਖੜਾ ਆ ਗਏ ਹਨ। ਸਿਆਸੀ ਹਲਕਿਆਂ ਵਿੱਚ ਇਸ ਬਾਰੇ ਵੱਡੀ ਚਰਚਾ ਜਾਰੀ ਹੈ।